ਕਨਫੈਕਸ਼ਰੀ ਦੇ ਗੁਦਾਮ ’ਚ ਅੱਗ ਲੱਗਣ ਕਾਰਨ ’ਤੇ ਹੋਇਆ 20 ਲੱਖ ਦਾ ਨੁਕਸਾਨ, 4 ਗੱਡੀਆਂ ਵੀ ਸੜੀਆਂ
Thursday, Mar 03, 2022 - 04:18 PM (IST)
ਗੁਰਦਾਸਪੁਰ (ਜੀਤ ਮਠਾਰੂ) - ਗੁਰਦਾਸਪੁਰ ਸ਼ਹਿਰ ਅੰਦਰ ਮੇਹਰਚੰਦ ਰੋਡ 'ਤੇ ਕਨਫੈਕਸ਼ਨਰੀ ਦੇ ਗੁਦਾਮ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ਵਿਚ ਖੜੇ ਤਿੰਨ ਟੈਂਪੂ ਅਤੇ ਇਕ ਗੱਡੀ ਵੀ ਸੜ ਗਈ।
ਇਸ ਘਟਨਾ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਦਾਮ ਦੇ ਮਾਲਕ ਜਗਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਕਨਫੈਕਸ਼ਨਰੀ ਦੀ ਦੁਕਾਨ ਦੇ ਗੁਦਾਮ ਵਿਚ ਕਰੀਬ 11.30 ਵਿਚ ਅਚਾਨਕ ਅੱਗ ਲੱਗ ਗਈ। ਗੁਦਾਮ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਣ ’ਤੇ ਨੇੜੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਫਾਇਰ ਬਰਗੇਡ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਦੇ ਬਾਅਦ ਕੁਝ ਲੋਕਾਂ ਨੇ ਫਾਇਰ ਬ੍ਰਿਗੇਡ ਦਫਤਰ ਪਹੁੰਚ ਕੇ ਅੱਗ ਦੀ ਸੂਚਨਾ ਦਿੱਤੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ। ਲੋਕਾਂ ਨੇ ਬਹੁਤ ਜੱਦੋ ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਕਾਰਨ ਗੁਦਾਮ ਵਿਚ ਖੜੇ ਤਿੰਨ ਟੈਂਪੂ ਅਤੇ ਕਾਰ ਵੀ ਨੁਕਸਾਨੀ ਗਈ। ਹੁਣ ਤੱਕ ਲਗਾਏ ਅਨੁਮਾਨ ਅਨੁਸਾਰ ਉਨ੍ਹਾਂ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਫਾਇਰ ਬ੍ਰਿਗੇਡ ਸਮੇ ਸਿਰ ਪਹੁੰਚ ਜਾਂਦੀ ਦਾ ਨੁਕਸਾਨ ਘੱਟ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।