ਮਾਮਲਾ ਸਿੱਖ ਯਾਤਰੂ ਨਾਲ ਹੋਈ ਕੁੱਟਮਾਰ ਦਾ : PRTC ਨੇ ਕੰਡਕਟਰ ਤੇ ਡਰਾਈਵਰ ਦਾ ਕੀਤਾ ਤਬਾਦਲਾ

12/04/2017 10:00:56 AM

ਪਟਿਆਲਾ (ਪਰਮੀਤ)-ਇਕ ਬੱਸ ਵਿਚ ਸਵਾਰ ਸਿੱਖ ਯਾਤਰੂ ਨਾਲ ਹਰਿਆਣਾ ਦੇ ਪਾਣੀਪਤ ਵਿਖੇ ਪ੍ਰਾਈਵੇਟ ਢਾਬਾ ਮਾਲਕਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ। ਇਸ ਮਗਰੋਂ ਪੀ. ਆਰ. ਟੀ. ਸੀ. ਨੇ ਇਸ ਬੱਸ ਦੇ ਕੰਡਕਟਰ ਤੇ ਡਰਾਈਵਰ ਦੋਵਾਂ ਦਾ ਤਬਾਦਲਾ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵਿਚ ਇਕ ਢਾਬੇ 'ਤੇ ਬੱਸ ਖੜ੍ਹੀ ਕਰਨ 'ਤੇ ਇਤਰਾਜ਼ ਕਰਨ ਵਾਲੇ ਪਟਿਆਲਾ ਦੇ ਯਾਤਰੀ ਦੀ ਢਾਬਾ ਮਾਲਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਇਸ ਵੀਡੀਓ ਵਿਚ ਢਾਬਾ ਮਾਲਕ ਨਾ ਸਿਰਫ ਸਿੱਖ ਯਾਤਰੂ ਨੂੰ ਕੁਟਦੇ ਨਜ਼ਰ ਆ ਰਹੇ ਹਨ, ਬਲਕਿ ਉਸ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਰਹੇ ਹਨ। ਮੌਕੇ 'ਤੇ ਹਾਜ਼ਰ ਲੋਕਾਂ ਨੇ ਸਿੱਖ ਯਾਤਰੂ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤਾਂ ਮੌਕੇ 'ਤੇ ਬਣਾ ਲਈ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦਾ ਯਤਨ ਨਹੀਂ ਕੀਤਾ।
ਜਦੋਂ ਇਹ ਮਾਮਲਾ ਪੀ. ਆਰ. ਟੀ. ਸੀ. ਦੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਕੋਲ ਪਹੁੰਚਿਆ ਤਾਂ ਉਨ੍ਹਾਂ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਵਾਂ ਦਾ ਤਬਾਦਲਾ ਕਰ ਦਿੱਤਾ। ਸ਼੍ਰੀ ਨਾਰੰਗ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿਸ ਢਾਬੇ 'ਤੇ ਬੱਸ ਰੋਕੀ ਗਈ ਸੀ, ਉਹ ਸਾਡੀ ਸੂਚੀ ਵਿਚ ਮਾਨਤਾ ਪ੍ਰਾਪਤ ਨਹੀਂ ਸੀ। ਬੱਸ ਗਲਤ ਜਗ੍ਹਾ ਰੋਕਣ ਦੇ ਦੋਸ਼ ਵਿਚ ਇਹ ਤਬਾਦਲਾ ਕੀਤਾ ਗਿਆ ਹੈ। 
ਕੁੱਟਮਾਰ ਦੇ ਮਾਮਲੇ ਵਿਚ ਪੁਲਸ ਕਾਰਵਾਈ ਤਾਂ ਹੀ ਸੰਭਵ ਹੈ ਕਿ ਜੇਕਰ ਉਕਤ ਯਾਤਰੀ ਜਿਸ ਥਾਂ 'ਤੇ ਘਟਨਾ ਵਾਪਰੀ, ਉਸ ਸਬੰਧਤ ਥਾਣੇ ਵਿਚ ਜਾ ਕੇ ਢਾਬਾ ਮਾਲਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਏਗਾ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੁਣ ਤੱਕ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਂ ਨਹੀਂ?


Related News