''ਕੰਪਲੈਕਸ ਦੇ ਬੇਸ'' ''ਤੇ ਲੈਂਟਰ ਪਾਇਆ ਜਾਵੇਗਾ - ਬਾਬਾ ਸੋਹਨ ਸਿੰਘ
Tuesday, Feb 06, 2018 - 02:05 PM (IST)
ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਸ੍ਰੀ ਅਨੰਦ ਕਾਰਜ ਅਤੇ ਅੰਮ੍ਰਿਤ ਸੰਚਾਰ ਕੰਪਲੈਕਸ ਦਾ ਸੋਮਵਾਰ ਨੂੰ ਮੈਨੇਜਰ ਜਥੇਦਾਰ ਜਸਪਾਲ ਸਿੰਘ ਢੱਡੇ ਅਤੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਸਮੇਤ ਕਾਰ ਸੇਵਾ ਬੀੜ ਸਾਹਿਬ ਵਾਲੇ ਬਾਬਾ ਸੋਹਨ ਸਿੰਘ ਨੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਜਾ ਰਹੇ ਇਸ ਕੰਪਲੈਕਸ ਦੀਆਂ ਨੀਹਾਂ 'ਚ 70 ਵਰਗ ਫੁੱਟ ਚੌੜਾਈ ਅਤੇ 90 ਵਰਗ ਲੰਬਾਈ ਵਾਲੇ ਬੇਸ 'ਤੇ ਮੰਗਲਵਾਰ ਨੂੰ ਲੈਂਟਰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁੱਖਾ ਸਿੰਘ ਜੀ ਸਮੇਤ ਵੱਖ-ਵੱਖ ਸੰਪਰਦਾਇਕ ਦੇ ਮੁੱਖੀ ਅਤੇ ਸੰਤ ਮਹਾਂਪੁਰਖ ਸ਼ਿਰਕਤ ਕਰਨਗੇ। ਮੈਨੇਜਰ ਜਸਪਾਲ ਸਿੰਘ ਢੱਡੇ ਅਤੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਸੱਚ ਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਵੱਲੋਂ ਵਿਸ਼ਵ ਪ੍ਰਸਿੱਧ ਸਥਾਪਿਤ ਕਰਾਏ ਗਏ ਗੁਰਦੁਆਰਾ ਸਾਹਿਬ ਜੀ ਦੇ ਦੀਵਾਨ ਹਾਲ ਤੋਂ ਬਾਅਦ ਨਿਰਮਾਣ ਕਰਾਇਆ ਜਾ ਰਿਹਾ। ਇਹ ਕੰਪਲੈਕਸ ਆਪਣੀ ਮਿਸਾਲ ਖੁਦ ਆਪ ਹੋਵੇਗਾ, ਜਿਸ ਦੀ ਮਿਆਦ ਹਜ਼ਾਰਾਂ ਸਾਲ ਇੰਜੀਨੀਅਰਾਂ ਵੱਲੋਂ ਦੱਸੀ ਗਈ ਹੈ। ਚਲਾਏ ਜਾ ਰਹੇ ਨਿਰਮਾਣ ਕਾਰਜਾਂ 'ਚ ਇਲਾਕੇ ਦੀਆਂ ਸੰਗਤਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਾਰਸੇਵਾ ਬੀੜ ਸਾਹਿਬ ਵਾਲੇ ਬਾਬਾ ਸੋਹਨ ਸਿੰਘ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹੀ ਅਰੰਭੇ ਕਾਰਜ ਸੰਪਨ ਹੋਣੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤ ਸੰਚਾਰ ਅਤੇ ਅਨੰਦ ਕਾਰਜ ਕੰਪਲੈਕਸ ਦੇ ਨਿਰਮਾਣ ਕਾਰਜਾਂ ਦੇ ਮੁਕੰਮਲ ਹੋਣ ਨਾਲ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹਰ ਸੰਗਰਾਂਦ ਮੌਕੇ ਕਰਾਏ ਜਾਂਦੇ ਅੰਮ੍ਰਿਤ ਸੰਚਾਰ ਜਿਥੇ ਇਸ ਕੰਪਲੈਕਸ 'ਚ ਕਰਾਏ ਜਾਇਆ ਕਰਨਗੇ ਉਥੇ ਹੀ ਅਨੰਦ ਕਾਰਜਾਂ ਲਈ ਵੀ ਗੁਰਦੁਆਰਾ ਸਾਹਿਬ ਵਿਖੇ ਵੱਖਰਾ ਕੰਪਲੈਕਸ ਤਿਆਰ ਹੋ ਜਾਵੇਗਾ। ਬਾਬਾ ਸੋਹਨ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦੀ ਸੇਵਾ ਲਈ ਪੰਜਾਬ ਭਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਿੱਖ ਸੰਗਤਾਂ ਨੂੰ ਭਾਰੀ ਸਹਿਯੋਗ ਦੇਣ ਦੀ ਮੰਗ ਕਰਦਿਆਂ ਤਨ, ਮਨ ਅਤੇ ਧੰਨ ਨਾਲ ਸੰਗਤਾਂ ਨੂੰ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਗੁਰੂ ਘਰ ਕੀਤੀ ਗਈ ਸੇਵਾ ਮਨੁੱਖਤਾ ਦੇ ਭਲੇ ਲਈ ਸਹਾਈ ਹੁੰਦੀ ਹੈ। ਇਸ ਸਮੇਂ ਬਾਬਾ ਫ਼ਤਿਹ ਸਿੰਘ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਬਲਜੀਤ ਸਿੰਘ ਪਟਵਾਰੀ ਗੰਡੀਵਿੰਡ, ਕੁਲਵਿੰਦਰ ਸਿੰਘ ਮੂਸੇ, ਮਨੋਹਰ ਸਿੰਘ ਠੱਟਾ, ਮਨਜਿੰਦਰ ਸਿੰਘ ਲਹਿਰੀ, ਜਥੇਦਾਰ ਨਿਸ਼ਾਨ ਸਿੰਘ ਦੋਦੇ, ਗੁਰਸੇਵਕ ਸਿੰਘ ਐਮਾਂ, ਬਲਵਿੰਦਰ ਸਿੰਘ ਮਿੰਟੂ ਧੁੰਨਾ, ਸਰਦੂਲ ਸਿੰਘ, ਅਰਵਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।
