ਸਿੱਖਿਆ ਬੋਰਡ ਦੀ ਤਤਕਾਲ ਸੇਵਾ ਨੂੰ ਪੂਰਾ ਹੋਇਆ ਇਕ ਸਾਲ

Saturday, Jul 06, 2024 - 12:37 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਪਣੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਤਤਕਾਲ ਸੇਵਾ ਨੂੰ ਇਕ ਸਾਲ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਵੱਲੋਂ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਦੀ ਬਿਹਤਰੀ ਲਈ ਪਹਿਲ ਕਦਮੀ ਕਰਦਿਆਂ ਪਿਛਲੇ ਸਾਲ 9 ਜੂਨ ਨੂੰ ਦਫ਼ਤਰੀ ਰਿਕਾਰਡ ਅਨੁਸਾਰ 2023 ਤੋਂ ਹੁਣ ਤੱਕ ਦੀਆਂ ਪ੍ਰੀਖਿਆਵਾਂ ਲਈ ਸਰਟੀਫਿਕੇਟ ਦੀ ਦੂਜੀ ਕਾਪੀ ਲੈਣ ਲਈ ਤਤਕਾਲ ਸੇਵਾ ਆਰੰਭ ਕੀਤੀ ਗਈ।

ਤਤਕਾਲ ਸੇਵਾ ਲਈ ਜਾਰੀ ਹਦਾਇਤਾਂ ਅਨੁਸਾਰ ਜੇਕਰ ਪ੍ਰੀਖਿਆਰਥੀ ਆਪਣੇ ਘਰ ਤੋਂ ਤਤਕਾਲ ਸਹਲੂਤ ਰਾਹੀਂ ਸਰਟੀਫਿਕੇਟ ਲੈਣ ਲਈ ਅਪਲਾਈ ਕਰੇਗਾ ਤਾਂ ਉਸ ਦਾ ਸਰਟੀਫਿਕੇਟ ਕੰਮ-ਕਾਜ ਵਾਲੇ ਦਿਨਾਂ ’ਚ 48 ਘੰਟੇ ਦੇ ਅੰਦਰ-ਅੰਦਰ ਰਜਿਸਟਰਡ ਡਾਕ ਰਾਹੀਂ ਫਾਰਮ ’ਚ ਭਰੇ ਪਤੇ ’ਤੇ ਭੇਜ ਦਿੱਤਾ ਜਾ ਰਿਹਾ ਹੈ ਤੇ ਜੇ ਪ੍ਰੀਖਿਆਰਥੀ ਆਨਲਾਈਨ ਤਤਕਾਲ ਸੁਵਿਧਾ ਰਾਹੀਂ ਦਫ਼ਤਰੀ ਸਮੇਂ ਦੌਰਾਨ ਸਰਟੀਫਿਕੇਟ ਲਈ ਅਪਲਾਈ ਕਰਦਾ ਹੋਇਆ ਦਫ਼ਤਰ ਪਹੁੰਚ ਕਰਦਾ ਹੈ ਤਾਂ ਉਸ ਦਾ ਸਰਟੀਫਿਕੇਟ ਮੁੱਖ ਦਫ਼ਤਰ ਦੇ ਸਿੰਗਲ ਵਿੰਡੋ ਰਾਹੀਂ ਉਸੇ ਦਿਨ ਜਾਰੀ ਕਰ ਦਿੱਤਾ ਜਾਂਦਾ ਹੈ।

ਤਤਕਾਲ ਸਰਟੀਫਿਕੇਟ ਅਪਲਾਈ ਕਰਨ ਵਾਲੇ ਪ੍ਰੀਖਿਆਰਥੀਆਂ ਲਈ ਇਹ ਵੀ ਸੁਵਿਧਾ ਹੈ ਕਿ ਜੇ ਕਿਸੇ ਸਰਟੀਫਿਕੇਟ ’ਚ ਕੋਈ ਤਰੁੱਟੀ ਮਿਲਦੀ ਹੈ ਤਾਂ ਉਸ ਦਾ ਸਮਾਂ ਬਦਲਦਿਆਂ ਰਾਈਟ ਟੂ ਸਰਵਿਸ ਅਧੀਨ ਤਰੁੱਟੀ ਹੱਲ ਕਰਨ ਉਪਰੰਤ ਹੀ ਸਬੰਧਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਅਜਿਹੇ ਕੇਸ ਨੂੰ ਆਮ ਕੇਸ ਦੀ ਤਰ੍ਹਾਂ ਹੀ ਡੀਲ ਕਰਦਿਆਂ ਸਬੰਧਤ ਪ੍ਰੀਖਿਆਰਥੀ ਤੋਂ ਜਮ੍ਹਾਂ ਕਰਵਾਈ ਗਈ ਫੀਸ ਨੂੰ ਸਰਟੀਫਿਕੇਟ ਲਈ ਤੈਅ ਸਧਾਰਨ ਫੀਸ ਤੇ ਸੋਧ ਲਈ ਤੈਅ ਫੀਸ ’ਚ ਤਬਦੀਲ ਕਰ ਦਿੱਤਾ ਜਾਵੇਗਾ। ਅਜਿਹਾ ਕਰਨ ਨਾਲ ਪ੍ਰੀਖਿਆਰਥੀਆਂ ਦਾ ਕਿਸੇ ਵੀ ਤਰ੍ਹਾਂ ਭਰੀ ਗਈ ਫੀਸ ਦਾ ਨੁਕਸਾਨ ਨਹੀਂ ਹੋਵੇਗਾ। ਸਿੱਖਿਆ ਬੋਰਡ ਵਲੋਂ ਇਕ ਸਾਲ ਪਹਿਲਾਂ ਸ਼ੁਰੂ ਕੀਤੀ ਇਸ ਸੇਵਾ ਅਧੀਨ ਹੁਣ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਰੀਬ 12903 ਪ੍ਰੀਖਿਆਰਥੀਆਂ ਵੱਲੋਂ ਆਪਣੇ ਸਰਟੀਫਿਕੇਟ ਦੀ ਦੂਜੀ ਕਾਪੀ ਲਈ ਅਰਜ਼ੀ ਦਿੱਤੀ ਗਈ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ 1315, ਬਰਨਾਲਾ ਦੇ 332, ਬਠਿੰਡਾ ਦੇ 550, ਫ਼ਰੀਦਕੋਟ ਦੇ 327, ਫ਼ਤਹਿਗੜ੍ਹ ਸਾਹਿਬ ਦੇ 310, ਫ਼ਾਜ਼ਿਲਕਾ ਦੇ 416, ਫ਼ਿਰੋਜ਼ਪੁਰ ਦੇ 569, ਗੁਰਦਾਸਪੁਰ ਦੇ 424, ਹੁਸ਼ਿਆਰਪੁਰ ਦੇ 620, ਜਲੰਧਰ ਦੇ 714, ਕਪੂਰਥਲਾ ਦੇ 278, ਲੁਧਿਆਣਾ ਦੇ 1921, ਮਾਨਸਾ ਦੇ 564, ਮੋਗਾ ਦੇ 481, ਪਠਾਨਕੋਟ ਦੇ 245, ਪਟਿਆਲਾ ਦੇ 871, ਰੂਪਨਗਰ ਦੇ 302, ਐੱਸ. ਏ. ਐੱਸ. ਨਗਰ ਦੇ 408, ਨਵਾਂਸ਼ਹਿਰ ਦੇ 245, ਸੰਗਰੂਰ ਦੇ 803, ਸ੍ਰੀ ਮੁਕਤਸਰ ਸਾਹਿਬ ਦੇ 428, ਤਰਨਤਾਰਨ ਜ਼ਿਲ੍ਹੇ ਦੇ 771 ਦੇ ਨਾਲ-ਨਾਲ ਚੰਡੀਗੜ੍ਹ ਤੇ ਦੂਜੇ ਸੂਬਿਆਂ ਦੇ ਕੁੱਲ 9 ਪ੍ਰੀਖਿਆਰਥੀਆਂ ਨੇ ਇਸ ਸੇਵਾ ਦਾ ਲਾਭ ਲਿਆ ਹੈ। ਜੇਕਰ ਕੋਈ ਪ੍ਰੀਖਿਆਰਥੀ ਤਤਕਾਲ ਸੇਵਾ ਦਾ ਲਾਭ ਲੈਣਾ ਚਾਹੇ ਤਾਂ ਇਸ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਮੁਹੱਈਆ ਹੈ।
 


Babita

Content Editor

Related News