ਹੁਣ ਜਥੇਦਾਰ ਸ੍ਰੀ ਅਕਾਲ ਤਖਤ ਵਿਰੁੱਧ ਮੁਤਵਾਜ਼ੀ ਜਥੇਦਾਰਾਂ ਕੋਲ ਹੋਵੇਗੀ ਸ਼ਿਕਾਇਤ

Monday, Oct 23, 2017 - 07:10 AM (IST)

ਹੁਣ ਜਥੇਦਾਰ ਸ੍ਰੀ ਅਕਾਲ ਤਖਤ ਵਿਰੁੱਧ ਮੁਤਵਾਜ਼ੀ ਜਥੇਦਾਰਾਂ ਕੋਲ ਹੋਵੇਗੀ ਸ਼ਿਕਾਇਤ

ਅੰਮ੍ਰਿਤਸਰ  (ਪ੍ਰਵੀਨ ਪੁਰੀ) - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਰਖਿਲਾਫ ਸ਼ਿਕਾਇਤ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਕੋਲ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ 'ਚ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਵਿਰੁੱਧ ਇਹ ਕਹਿ ਕੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਰਾਬਰ ਕਚਹਿਰੀ ਲਾ ਕੇ ਧਾਰਮਿਕ ਸਜ਼ਾਵਾਂ ਸੁਣਾਉਣ, ਪੰਥ ਵਿਚੋਂ ਛੇਕਣ ਅਤੇ ਹੁਕਮਨਾਮੇ ਜਾਰੀ ਕਰ ਕੇ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ। ਹੁਣ ਦੀਵਾਲੀ ਮੌਕੇ ਵੱਡੀ ਗਿਣਤੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਪੁਲਸ ਬੁਲਾ ਕੇ ਸਰਕਾਰ ਨੂੰ ਸਿੱਧੇ ਤੌਰ 'ਤੇ ਦਖਲ-ਅੰਦਾਜ਼ੀ ਕਰਨ ਦੀ ਖੁੱਲ੍ਹ ਦੇਣ ਦੇ ਦੋਸ਼ਾਂ ਤਹਿਤ ਸਰਬੱਤ ਖਾਲਸਾ ਦੇ ਜਥੇਦਾਰਾਂ ਕੋਲ ਸ਼ਿਕਾਇਤ ਹੋਣ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ 'ਬੰਦੀ ਛੋੜ' ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੁਲਸ ਦੀ ਛਤਰ ਛਾਇਆ ਹੇਠ ਸੰਦੇਸ਼ ਪੜ੍ਹਿਆ ਗਿਆ ਹੈ ਜਦੋਂ ਕਿ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਮੰਨਦੇ। ਸਰਬੱਤ ਖਾਲਸਾ ਉਨ੍ਹਾਂ ਨੂੰ ਨਕਾਰ ਚੁਕਾ ਹੈ ਪਰ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ 3000 ਦੇ ਕਰੀਬ ਪੁਲਸ ਮੁਲਾਜ਼ਮਾਂ, 12 ਡੀ. ਐੱਸ.ਪੀਜ਼ ਨੂੰ ਬੁਲਾਇਆ ਗਿਆ ਤੇ ਸਰਕਾਰ ਨੂੰ ਚਿਤਾਵਨੀਆਂ ਦੇ ਨਾਲ-ਨਾਲ ਹਰ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਕਹਿ ਕੇ ਸਿੱਧੀ ਦਖਲ-ਅੰਦਾਜ਼ੀ ਦਾ ਰਾਹ ਖੋਲ੍ਹਿਆ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੱਸਣ ਕਿ ਉਨ੍ਹਾਂ ਨੂੰ ਡਰ ਕਾਹਦਾ ਹੈ, ਜਿਸ ਕਾਰਨ ਉਨ੍ਹਾਂ ਨੇ ਇੰਨੀ ਭਾਰੀ ਗਿਣਤੀ 'ਚ ਪੁਲਸ ਨੂੰ ਅੰਦਰ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਪੜ੍ਹਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿਚ ਦਖਲ-ਅੰਦਾਜ਼ੀ ਕਰਦੀ ਹੈ ਤੇ ਦੂਜੇ ਪਾਸੇ ਆਪ ਹੀ ਸਰਕਾਰ ਨੂੰ ਦਖਲ-ਅੰਦਾਜ਼ੀ ਕਰਨ ਦੇ ਲਈ ਚਿਤਾਵਨੀ ਭਰੇ ਸ਼ਬਦਾਂ 'ਚ ਸੱਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਿਰੁੱਧ ਉਹ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਦੇ ਕੋਲ ਸ਼ਿਕਾਇਤ ਕਰਨ ਜਾ ਰਹੇ ਹਨ।


Related News