ਕਾਮੇਡੀਅਨ ’ਤੇ ਯੂ. ਕੇ. ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਠੱਗਣ ਦੇ ਦੋਸ਼, ਪੈਸੇ ਮੰਗਣ ’ਤੇ ਗੈਂਗਸਟਰਾਂ ਤੋਂ ਦਿਵਾ ਰਿਹਾ ਧਮਕੀਆਂ
Tuesday, Sep 13, 2022 - 11:27 AM (IST)
ਜਲੰਧਰ (ਜ. ਬ.) : ਪੰਜਾਬੀ ਕਾਮੇਡੀਅਨ ’ਤੇ ਯੂ. ਕੇ. ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕਾਮੇਡੀਅਨ 2 ਵਾਰ ਚੈੱਕ ਬਾਊਂਸ ਕਰਵਾ ਚੁੱਕਾ ਹੈ, ਜਿਸ ਤੋਂ ਬਾਅਦ ਪੀੜਤ ਨੇ ਦੁਬਾਰਾ ਪੈਸੇ ਮੰਗੇ ਤਾਂ ਕਾਮੇਡੀਅਨ ਨੇ ਗੈਂਗਸਟਰਾਂ ਦੇ ਗੁਰਗਿਆਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। 2 ਮਹੀਨੇ ਪਹਿਲਾਂ ਪੀੜਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਪੁਲਸ ਨੇ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਰਸਤਾ ਮੁਹੱਲਾ ਦੇ ਰਹਿਣ ਵਾਲੇ ਨਵਨੀਤ ਆਨੰਦ ਪੁੱਤਰ ਪ੍ਰਵੀਨ ਆਨੰਦ ਨੇ ਦੱਸਿਆ ਕਿ ਇਕ ਦੋਸਤ ਨੇ ਉਸ ਨੂੰ ਦੱਸਿਆ ਸੀ ਕਿ ਪੰਚਸ਼ੀਲ ਐਵੇਨਿਊ ਦੀਪ ਨਗਰ ਵਿਚ ਰਹਿਣ ਵਾਲਾ ਇਕ ਪੰਜਾਬੀ ਕਾਮੇਡੀਅਨ ਯੂ. ਕੇ. ਭੇਜਣ ਦਾ ਕੰਮ ਕਰਦਾ ਹੈ। ਦੋਸਤ ਜ਼ਰੀਏ ਉਹ 15 ਫਰਵਰੀ 2022 ਨੂੰ ਕਾਮੇਡੀਅਨ ਅਤੇ ਉਸਦੇ ਭਾਈਵਾਲ ਨੂੰ ਮਿਲੇ। ਉਨ੍ਹਾਂ ਉਸ ਨੂੰ ਭਰੋਸਾ ਦਿਵਾਉਣ ਲਈ ਇਹ ਵੀ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਯੂ. ਕੇ. ਲਈ 10 ਲੱਖ ਰੁਪਏ ਦੀ ਮੰਗ ਕੀਤੀ, ਜਿਸ ਵਿਚੋਂ 6 ਲੱਖ ਐਡਵਾਂਸ ਅਤੇ 4 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਦੇਣ ਨੂੰ ਕਿਹਾ।
ਬੈਂਕ ਟਰਾਂਸਫਰ ਤੇ ਕੈਸ਼ ਵਿਚ ਉਨ੍ਹਾਂ ਕਾਮੇਡੀਅਨ ਨੂੰ 6 ਲੱਖ ਰੁਪਏ ਦੇ ਦਿੱਤੇ, ਜਿਨ੍ਹਾਂ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੈ ਕੇ ਜਲਦ ਵੀਜ਼ਾ ਲੁਆਉਣ ਦਾ ਭਰੋਸਾ ਦਿੱਤਾ। 2 ਮਹੀਨੇ ਬੀਤਣ ’ਤੇ ਵੀ ਜਦੋਂ ਵੀਜ਼ਾ ਨਾ ਲੱਗਾ ਤਾਂ ਪੁੱਛਣ ’ਤੇ ਕਾਮੇਡੀਅਨ ਟਾਲਮਟੋਲ ਕਰਨ ਲੱਗਾ। 20 ਮਈ ਨੂੰ ਉਹ ਆਪਣੀ ਫਾਈਲ ਦਾ ਪਤਾ ਕਰਨ ਗਿਆ ਤਾਂ ਉਸ ਨੂੰ 10 ਦਿਨਾਂ ਵਿਚ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ। ਨਵਨੀਤ ਨੇ ਦੱਸਿਆ ਕਿ ਉਨ੍ਹਾਂ (ਕਾਮੇਡੀਅਨ ਤੇ ਭਾਈਵਾਲ) ਨੇ ਉਸ ਨੂੰ 2 ਲੱਖ 70 ਹਜ਼ਾਰ ਦਾ ਚੈੱਕ ਵੀ ਦਿੱਤਾ। 10 ਦਿਨ ਬੀਤਣ ਤੋਂ ਬਾਅਦ 1 ਜੂਨ ਨੂੰ ਨਵਨੀਤ ਨੇ ਚੈੱਕ ਲਾਇਆ ਤਾਂ ਉਹ ਬਾਊਂਸ ਹੋ ਗਿਆ। ਪੀੜਤ ਜਦੋਂ ਕਾਮੇਡੀਅਨ ਦੇ ਭਾਈਵਾਲ ਨੂੰ ਮਿਲਿਆ ਤਾਂ ਉਸ ਨੇ ਕੁਝ ਹੋਰ ਸਮਾਂ ਮੰਗਿਆ ਅਤੇ ਦੁਬਾਰਾ ਚੈੱਕ ਲਾਉਣ ਨੂੰ ਕਿਹਾ ਪਰ ਕੁਝ ਦਿਨਾਂ ਬਾਅਦ ਜਦੋਂ ਚੈੱਕ ਦੁਬਾਰਾ ਲਾਇਆ ਤਾਂ ਉਹ ਫਿਰ ਬਾਊਂਸ ਹੋ ਗਿਆ।
ਪੀੜਤ ਨਵਨੀਤ ਆਨੰਦ ਦਾ ਦੋਸ਼ ਹੈ ਕਿ ਉਸ ਨੇ ਦੋਵਾਂ ਕੋਲੋਂ ਪੈਸੇ ਮੰਗੇ। ਉਨ੍ਹਾਂ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਗੈਂਗਸਟਰਾਂ ਦੇ ਗੁਰਗਿਆਂ ਤੋਂ ਫੋਨ ਕਰਵਾ ਕੇ ਦੁਬਾਰਾ ਪੈਸੇ ਮੰਗਣ ’ਤੇ ਦੇਖ ਲੈਣ ਦੀ ਧਮਕੀ ਦਿਵਾਈ। ਨਵਨੀਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ 2 ਮਹੀਨੇ ਬੀਤਣ ਦੇ ਬਾਅਦ ਵੀ ਪੁਲਸ ਨੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਪੀੜਤ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਸ ਨੂੰ ਪੰਜਾਬੀ ਕਾਮੇਡੀਅਨ ਅਤੇ ਉਸਦੇ ਭਾਈਵਾਲ ਕੋਲੋਂ ਪੈਸੇ ਦਿਵਾਏ ਜਾਣ ਅਤੇ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਉਸਨੇ ਦੋਵਾਂ ਤੋਂ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ।