ਛੁੱਟੀ ''ਤੇ ਆਏ ਫੌਜੀ ਨੇ ਨਿਗਲਿਆ ਜ਼ਹਿਰ, ਮੌਤ

Thursday, Sep 05, 2019 - 12:37 AM (IST)

ਛੁੱਟੀ ''ਤੇ ਆਏ ਫੌਜੀ ਨੇ ਨਿਗਲਿਆ ਜ਼ਹਿਰ, ਮੌਤ

ਬਠਿੰਡਾ (ਵਰਮਾ)-ਛੁੱਟੀ 'ਤੇ ਆਏ ਫੌਜੀ ਨੇ ਕੀਟਨਾਸ਼ਕ (ਜ਼ਹਿਰ) ਨਿਗਲ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਫੌਜੀ ਜੋ ਕਿ ਜਲੰਧਰ ਛਾਉਣੀ 'ਚ ਤਾਇਨਾਤ ਸੀ, ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਘੁੰਮਣ ਕਲਾਂ ਤਹਿਸੀਲ ਮੌੜ ਵਿਖੇ ਆਇਆ ਸੀ। ਮੰਗਲਵਾਰ ਦੇਰ ਰਾਤ ਉਸਦੀ ਹਾਲਤ ਵਿਗੜੀ ਤਾਂ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਪੁਲਸ ਇਸ ਮਾਮਲੇ ਦੀ ਕਰ ਰਹੀ ਹੈ ਜਾਂਚ : ਹੈੱਡ ਕਾਂਸਟੇਬਲ
ਥਾਣਾ ਮੌੜ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਫੌਜੀ ਹਰਪ੍ਰੀਤ ਸਿੰਘ ਨੇ ਕੀਟਨਾਸ਼ਕ (ਜ਼ਹਿਰ) ਨਿਗਲਿਆ ਅਤੇ ਉਹ ਬਠਿੰਡਾ ਬੱਸ ਅੱਡੇ 'ਤੇ ਪਹੁੰਚ ਗਿਆ ਪਰ ਉਥੇ ਉਸਦੀ ਹਾਲਤ ਵਿਗੜਨ ਲੱਗੀ ਤਾਂ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਉਸਦੇ ਪਰਿਵਾਰ ਵਾਲੇ ਤੁਰੰਤ ਬਠਿੰਡਾ ਪਹੁੰਚੇ ਅਤੇ ਉਸ ਨੂੰ ਛਾਉਣੀ ਵਿਚ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ ਤਾਂ ਉਸ ਨੂੰ ਪੰਚਕੁਲਾ 'ਚ ਚੰਡੀ ਮੰਦਿਰ ਮਿਲਟਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਪਰ ਮੰਗਲਵਾਰ ਦੇਰ ਰਾਤ ਉਸਨੇ ਦਮ ਤੋੜ ਦਿੱਤਾ। ਬੁੱਧਵਾਰ ਨੂੰ ਸਿਵਲ ਹਸਪਤਾਲ ਬਠਿੰਡਾ 'ਚ ਉਸਦੀ ਲਾਸ਼ ਦਾ ਪੋਸਟਮਾਰਟਮ ਡਾ. ਹਰਸ਼ਿਤ ਗੋਇਲ ਨੇ ਕੀਤਾ, ਜਦਕਿ ਉਸਦੀ ਮਾਤਾ ਗੁਰਚਰਨ ਕੌਰ ਦੇ ਬਿਆਨਾਂ 'ਤੇ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਕਤ ਫੌਜੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਨਸ਼ੇ ਵਾਲੀ ਦਵਾਈ ਉਸ ਨੂੰ ਪਿਆਈ ਹੈ ਕਿਉਂਕਿ ਮ੍ਰਿਤਕ ਕੋਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਆਤਮਹੱਤਿਆ ਦੀ ਪੁਸ਼ਟੀ ਹੋ ਸਕੇ।

ਖੁਦਕੁਸ਼ੀ ਦੇ ਕਾਰਣਾਂ ਦਾ ਨਹੀਂ ਪਤਾ : ਮਾਤਾ ਗੁਰਚਰਨ ਕੌਰ
ਮ੍ਰਿਤਕ ਫੌਜੀ ਦੀ ਮਾਤਾ ਗੁਰਚਰਨ ਕੌਰ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸਦਾ ਬੇਟਾ ਫੌਜ 'ਚ ਭਰਤੀ ਹੋਇਆ ਸੀ। 7 ਮਹੀਨੇ ਪਹਿਲਾਂ ਫੌਜੀ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਹਰਪ੍ਰੀਤ ਦੀ ਪੋਸਟਿੰਗ ਜਲੰਧਰ ਛਾਉਣੀ 'ਚ ਹੋਈ ਸੀ। ਉਹ 2 ਦਿਨ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ। ਉਸਦੇ ਬੇਟੇ ਨੇ ਖੁਦਕੁਸ਼ੀ ਕਿਉਂ ਕੀਤੀ, ਇਸਦੇ ਕਾਰਣਾਂ ਦਾ ਪਰਿਵਾਰ ਨੂੰ ਪਤਾ ਨਹੀਂ ਅਤੇ ਨਾ ਹੀ ਉਹ ਕੋਈ ਸੁਸਾਈਡ ਨੋਟ ਛੱਡ ਕੇ ਗਿਆ।


author

Karan Kumar

Content Editor

Related News