ਕੈਪਟਨ ਵਲੋਂ ਪੰਜਾਬ ’ਚ 1.74 ਲੱਖ ਸਿਹਤ ਕਰਮਚਾਰੀਆਂ ਨੂੰ ਕੋਵਿਡ ਟੀਕਾ ਲਾਉਣ ਦੀ ਮੁਹਿੰਮ ਦਾ ਆਗਾਜ਼

01/17/2021 4:30:13 PM

ਮੋਹਾਲੀ/ਜਲੰਧਰ (ਪਰਦੀਪ, ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ 1.74 ਲੱਖ ਸਿਹਤ ਕਰਮਚਾਰੀਆਂ ਨੂੰ ਕੋਵਿਡ ਟੀਕਾ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਟੀਕਾਕਰਨ ਮੁਹਿੰਮ ਦੀ ਵਰਚੁਅਲ ਤੌਰ ’ਤੇ ਸ਼ੁਰੂਆਤ ਕਰਦਿਆਂ ਮੋਹਾਲੀ ਦੇ ਫ਼ੇਜ਼-6 ਸਥਿਤ ਸਿਵਲ ਹਸਪਤਾਲ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਵਿਚ 5 ਸਿਹਤ ਕਰਮਚਾਰੀਆਂ ਡਾ. ਸੰਦੀਪ ਸਿੰਘ, ਡਾ. ਚਰਨ ਕੰਵਲ, ਡਾ. ਡਿੰਪਲ ਧਾਰੀਵਾਲ, ਕੰਪਿਊਟਰ ਆਪ੍ਰੇਟਰ ਆਸ਼ਾ ਯਾਦਵ ਅਤੇ ਦਰਜਾ ਚਾਰ ਸ਼੍ਰੇਣੀ ਦੇ ਕਰਮਚਾਰੀ ਸੁਰਜੀਤ ਸਿੰਘ ਨੂੰ ਕੋਵੀਸ਼ੀਲਡ ਦਾ ਟੀਕਾ ਲਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਵੈਕਸੀਨ ਲਗਵਾਉਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪਹਿਲੇ ਪੜਾਅ ਵਿਚ ਸਿਰਫ਼ ਸਿਹਤ ਕਰਮਚਾਰੀਆਂ ਨੂੰ ਹੀ ਇਸ ਵਿਚ ਕਵਰ ਕੀਤਾ ਜਾ ਸਕਦਾ ਸੀ। ਮੈਂ ਅਗਲੇ ਪੜਾਅ ਵਿਚ ਨਿਸ਼ਚਿਤ ਤੌਰ ’ਤੇ ਵੈਕਸੀਨ ਲਵਾਵਾਂਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਘੱਟ ਆਮਦਨ ਵਾਲੇ ਗਰੁੱਪਾਂ ਨਾਲ ਸਬੰਧਤ ਲੋਕਾਂ ਨੂੰ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣ ਦੀ ਆਗਿਆ ਦੇਣ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖ ਚੁੱਕੇ ਹਨ।

ਇਹ ਵੀ ਪੜ੍ਹੋ :  ‘ਆਪ’ ਨੇ ਸਥਾਨਕ ਸਰਕਾਰਾਂ ਚੋਣ ਪ੍ਰਕਿਰਿਆ ’ਤੇ ਚੁੱਕੇ ਸਵਾਲ

PunjabKesari

ਉਨ੍ਹਾਂ ਕਿਹਾ ਕਿ ਸੂਬੇ ’ਚ ਪਹਿਲੇ ਦਿਨ 59 ਥਾਵਾਂ ’ਤੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ 5900 ਸਿਹਤ ਕਰਮਚਾਰੀਆਂ ਨੂੰ ਟੀਕੇ ਲਾਏ ਗਏ ਹਨ। ਟੀਕਾਕਰਨ ਦੀ ਸੁਰੱਖਿਆ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ ਉਸ ਵੇਲੇ ਤਕ ਪ੍ਰਵਾਨਗੀ ਨਹੀਂ ਦਿੱਤੀ ਗਈ, ਜਦੋਂ ਤਕ ਵਿਗਿਆਨੀਆਂ ਨੇ ਇਸ ਦੇ ਸੁਰੱਖਿਅਤ ਹੋਣ ਦੀ ਜ਼ਾਮਨੀ ਨਹੀਂ ਦਿੱਤੀ। ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਵਿਸ਼ਵ ਵਿਚ ਬਹੁਤ ਸਾਰੀਆਂ ਉੱਘੀਆਂ ਹਸਤੀਆਂ, ਜਿਨ੍ਹਾਂ ਵਿਚ ਇੰਗਲੈਂਡ ਦੀ ਮਹਾਰਾਣੀ ਐਲਿਜਾਬੇਥ, ਜੋ 93 ਸਾਲਾਂ ਦੀ ਹੈ ਅਤੇ ਉਨ੍ਹਾਂ ਦੇ ਪਤੀ ਜੋ 99 ਸਾਲਾਂ ਦੇ ਹਨ, ਨੇ ਕੋਰੋਨਾ ਟੀਕਾ ਲਵਾਇਆ ਹੈ ਅਤੇ ਉਨ੍ਹਾਂ ’ਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਂਵੇਂ ਕੋਵਿਡ ਟੀਕਾਕਰਨ ਦੀ ਸੂਬਾ ’ਚ ਮੁਹਿੰਮ ਸ਼ੁਰੂ ਹੋ ਗਈ ਹੈ ਪਰ ਫਿਰ ਵੀ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਟੀਕਾਕਰਨ ਮੁਹਿੰਮ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚੋਂ ਕੋਵਿਡ ਮਹਾਮਾਰੀ ਦੇ ਮੁਕੰਮਲ ਖ਼ਾਤਮੇ ਦਾ ਰਾਹ ਪੱਧਰਾ ਕਰੇਗੀ।

ਇਹ ਵੀ ਪੜ੍ਹੋ : ਆਯੂਸ਼ਮਾਨ ਸਿਹਤ ਮਹਿਕਮੇ ਅਧੀਨ ਜਾਅਲੀ ਬੀਮਾ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਟੀਕੇ ਦੀ ਖਰੀਦ ਲਈ ਮਾਮਲਾ ਲਗਾਤਾਰ ਕੇਂਦਰ ਕੋਲ ਉਠਾਉਣ ਲਈ ਮੁੱਖ ਮੰਤਰੀ ਧੰਨਵਾਦ ਕੀਤਾ, ਜੋ ਕਿ ਸਮੇਂ ਦੀ ਲੋੜ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਈ ਵੀ ਸੂਬਾ ਜਾਂ ਕੇਂਦਰ ਸਰਕਾਰ ਰੱਖਿਆ, ਖੁਰਾਕ ਅਤੇ ਸਿਹਤ ਵਰਗੇ ਪ੍ਰਮੁੱਖ ਸੈਕਟਰਾਂ ਦੇ ਨਿੱਜੀਕਰਨ ਦਾ ਜ਼ੋਖਿਮ ਨਹੀਂ ਲੈ ਸਕਦੀ। ਇਨ੍ਹਾਂ ਸੈਕਟਰਾਂ ਵਿਚ ਕੁਝ ਹੱਦ ਤਕ ਤਾਂ ਨਿੱਜੀ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਪਰ ਇਨ੍ਹਾਂ ’ਤੇ ਸੰਪੂਰਨ ਤੌਰ ’ਤੇ ਨਿਰਭਰ ਨਹੀਂ ਹੋਇਆ ਜਾ ਸਕਦਾ।

ਇਹ ਵੀ ਪੜ੍ਹੋ : ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਟਰੈਕਟਰ ਮਾਰਚ ਰਾਹੀਂ ਦਿੱਲੀ ਪੁੱਜਣ ਦਾ ਸੱਦਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


Anuradha

Content Editor

Related News