ਮੁੱਖ ਮੰਤਰੀ ਵਲੋਂ ਪਿੰਡ ਕੰਡਾਲਾ 'ਚ ਪਸ਼ੂਆਂ ਦੀ ਮੌਤ ਮਾਮਲੇ 'ਚ ਜਾਂਚ ਦੇ ਹੁਕਮ

07/29/2019 1:30:43 AM

ਮੋਹਾਲੀ (ਕੁਲਦੀਪ)-ਪਿੰਡ ਕੰਡਾਲਾ ਸਥਿਤ ਡੇਅਰੀ ਫ਼ਾਰਮਾਂ 'ਚ ਬੀਤੇ ਦਿਨ ਦਰਜਨਾਂ ਪਸ਼ੂਆਂ ਦੀ ਹੋਈ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਏ. ਡੀ. ਸੀ. (ਡੀ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਉਕਤ ਪਿੰਡ ਦੀਆਂ ਦੋਵੇਂ ਡੇਅਰੀਆਂ 'ਚ ਮਰ ਚੁੱਕੇ ਪਸ਼ੂਆਂ ਬਾਰੇ ਜਾਂਚ ਰਿਪੋਰਟ ਤਿੰਨ ਦਿਨਾਂ 'ਚ ਭੇਜੀ ਜਾਵੇ ਤਾਂ ਕਿ ਸਰਕਾਰ ਵਲੋਂ ਅਗਲੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਮੋਹਾਲੀ ਡਾ. ਨਿਰਮਲਜੀਤ ਸਿੰਘ ਨੂੰ ਵੀ ਜਾਂਚ 'ਚ ਸਹਾਇਤਾ ਕਰਨ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜ਼ਿਲੇ ਦੇ ਪਿੰਡਾਂ 'ਚ ਪਸ਼ੂਆਂ ਦੀ ਦੇਖਭਾਲ ਲਈ ਛੇਤੀ ਤੋਂ ਛੇਤੀ ਉਨ੍ਹਾਂ ਦਾ ਚੈੱਕਅਪ ਵੀ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਐਨੀਮਲ ਹਸਬੈਂਡਰੀ ਵਿਭਾਗ ਦੀਆਂ ਟੀਮਾਂ ਵਲੋਂ ਪਿੰਡ ਕੰਡਾਲਾ 'ਚ ਕੈਂਪ ਲਾ ਕੇ ਪਸ਼ੂਆਂ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਬਾਕੀ ਬਚੇ ਬੀਮਾਰ ਪਸ਼ੂਆਂ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾ ਸਕੇ। ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਰੀਜਨਲ ਡਿਸੀਜ਼ ਡਾਇਗਨੋਸਟਿਕ ਲੈਬਾਰਟਰੀ ਨਾਰਥ ਜ਼ੋਨ ਵਲੋਂ ਵੀ ਡਾਕਟਰਾਂ ਦੀਆਂ ਟੀਮਾਂ ਪਿੰਡ 'ਚ ਪਹੁੰਚੀਆਂ ਹੋਈਆਂ ਹਨ, ਜੋ ਕਿ ਪਸ਼ੂਆਂ ਨੂੰ ਪਾਏ ਜਾਣ ਵਾਲੇ ਚਾਰੇ ਦੀ ਪੂਰੀ ਜਾਂਚ ਕਰ ਰਹੀਆਂ ਹਨ।


Karan Kumar

Content Editor

Related News