ਕੱਪੜਾ ਵਪਾਰੀ ਨਾਲ 48 ਲੱਖ 69 ਹਜ਼ਾਰ 485 ਰੁਪਏ ਦੀ ਠੱਗੀ
Saturday, Feb 05, 2022 - 02:46 PM (IST)
ਮੋਗਾ (ਆਜ਼ਾਦ) : ਕੱਪੜੇ (ਪਗੜੀ) ਦਾ ਕਾਰੋਬਾਰ ਕਰਨ ਵਾਲੇ ਬਾਘਾ ਪੁਰਾਣਾ ਨਿਵਾਸੀ ਓਮ ਪ੍ਰਕਾਸ਼ ਦੇ ਨਾਲ ਜਲੰਧਰ ਨਿਵਾਸੀ ਇਕ ਕੱਪੜਾ ਕਾਰੋਬਾਰੀ ਵੱਲੋਂ 48 ਲੱਖ 69 ਹਜ਼ਾਰ 485 ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀ ਮੋਹਿਤ ਵਰਮਾ ਨਿਵਾਸੀ ਜਲੰਧਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਰਦਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਬਜਰੰਗ ਟੈਕਸ ਟਾਈਲ ਦੇ ਨਾਂ ’ਤੇ ਕੱਪੜੇ (ਪਗੜੀ) ਦਾ ਕਾਰੋਬਾਰ ਕਰਦਾ ਹੈ। ਉਸਦੇ ਕੋਲ ਮਾਤੋ ਸ਼੍ਰੀ ਟੈਕਸ ਟਾਈਲ ਦੀ ਏਜੰਸੀ ਵੀ ਹੈ, ਜੋ ਪਗੜੀ ਦਾ ਕੱਪੜਾ ਤਿਆਰ ਕਰਦੀ ਹੈ ਅਤੇ ਉਕਤ ਪਗੜੀ ਦਾ ਕੱਪੜਾ ਸਾਰੇ ਭਾਰਤ ਵਿਚ ਸਪਲਾਈ ਹੁੰਦੀ ਹੈ।
ਦੋਸ਼ੀ ਮੋਹਿਤ ਵਰਮਾ ਜੋ ਜਲੰਧਰ ਅਤੇ ਅੰਮ੍ਰਿਤਸਰ ਵਿਚ ਸੰਤ ਪੱਗੜੀ ਹਾਊਸ ਦੇ ਨਾਂ ’ਤੇ ਕਾਰੋਬਾਰ ਕਰਦਾ ਹੈ। ਉਸ ਨੇ ਕਿਹਾ ਕਿ ਬੀਤੀ 27 ਨਵੰਬਰ 2019 ਨੂੰ ਜਦ ਮੋਹਿਤ ਵਰਮਾ ਦੇ ਨਾਲ ਲੈਣ ਦੇਣ ਦਾ ਹਿਸਾਬ ਕੀਤਾ ਤਾਂ ਸਾਡੀ ਫਰਮ ਦੇ ਉਸਦੀ ਵੱਲ 65 ਹਜ਼ਾਰ 892 ਰੁਪਏ ਦਾ ਉਧਾਰ ਨਿਕਲਿਆ, ਜਿਸ ਦੇ ਸਾਰੇ ਦਸਤਾਵੇਜ਼ ਮੇਰੇ ਨਾਲ ਹੈ, ਜਿਸ ’ਤੇ ਕਥਿਤ ਦੋਸ਼ੀ ਨੇ ਹਿਸਾਬ ਕਰਨ ਦੇ ਬਾਅਦ 23 ਚੈੱਕ ਸਾਡੀ ਫਰਮ ਬਜਰੰਗ ਟੈਕਸ ਟਾਈਲ ਦੇ ਨਾਂ ’ਤੇ ਵੱਖ-ਵੱਖ ਤਾਰੀਖ਼ਾਂ ਵਿਚ ਵੱਖ-ਵੱਖ ਪੈਸੇ ਭਰ ਦਿੱਤੇ, ਉਕਤ 23 ਚੈੱਕਾਂ ਵਿਚੋਂ 3 ਚੈੱਕ ਕੈਸ਼ ਹੋ ਗਏ, ਜਦਕਿ ਹੋਰ ਚੈੱਕ ਬੈਂਕ ਵਿਚ ਪਾਸ ਨਹੀਂ ਹੋ ਸਕੇ, ਜਦਕਿ ਦੋਸ਼ੀ ਮੋਹਿਤ ਵਰਮਾ ਨੇ ਸਾਨੂੰ ਕਿਹਾ ਸੀ ਕਿ ਜਦ ਉਹ ਵੀ ਉਹ ਬੈਂਕ ਵਿਚ ਚੈੱਕ ਲਗਵਾਉਣ, ਉਹ ਪਾਸ ਹੋ ਜਾਣਗੇ।ਇਸੇ ਤਰ੍ਹਾਂ ਕਥਿਤ ਦੋਸ਼ੀ ਨੇ ਸਾਡੇ ਨਾਲ ਧੋਖਾਧੜੀ ਕੀਤੀ ਹੈ।
ਅਸੀਂ ਕਈ ਵਾਰ ਉਸਦੇ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਕਿਹਾ ਕਿ ਅਸੀਂ ਤਾਂ ਠੱਗੀ ਮਾਰਨੀ ਸੀ, ਮਾਰ ਲਈ ਅਤੇ ਸਾਨੂੰ ਧਮਕੀਆਂ ਵੀ ਦਿੱਤੀ। ਇਸੇ ਤਰ੍ਹਾਂ ਕਥਿਤ ਦੋਸ਼ੀ ਨੇ ਕਾਰੋਬਾਰ ਦੀ ਆੜ ਵਿਚ ਸਾਡੇ ਨਾਲ 48 ਲੱਖ 69 ਹਜ਼ਾਰ 485 ਰੁਪਏ ਦੀ ਠੱਗੀ ਕੀਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਵੱਲੋਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਮੋਹਿਤ ਵਰਮਾ ਮਾਲਕ ਸੰਤ ਪਗੜੀ ਹਾਊਸ ਨਜ਼ਦੀਕ ਨਾਜ ਸਿਨੇਮਾ ਜਲੰਧਰ ਖਿਲਾਫ ਥਾਣਾ ਬਾਘਾ ਪੁਰਾਣਾ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਰਦਾਰ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।