ਕਮੇਟੀਆਂ ਦੀ ਵੱਡੀ ਰਕਮ ਲੈ ਕੇ ਮਾਂ-ਧੀ ਹੋਈਆਂ ਫ਼ਰਾਰ
Sunday, Aug 13, 2017 - 03:38 AM (IST)
ਮੱਖੂ, (ਵਾਹੀ)— ਮੱਖੂ ਵਿਖੇ ਪਿਛਲੇ ਦਿਨੀਂ ਲਗਭਗ 5 ਦਰਜਨ ਘਰਾਂ ਦੀਆਂ ਸੁਆਣੀਆਂ ਵੱਲੋਂ ਪੈਸਾ-ਪੈਸਾ ਜੋੜ ਕੇ ਪਾਈਆਂ ਗਈਆਂ ਕਮੇਟੀਆਂ ਦੇ ਕਰੀਬ 35-40 ਲੱਖ ਰੁਪਏ ਲੈ ਕੇ ਗਲੀ ਮਸਤਾਨ ਸਿੰਘ ਵਾਲੀ 'ਚੋਂ ਰਾਤੋਂ-ਰਾਤ ਦੌੜੇ ਇਕ ਜੋੜੇ ਦੀ ਖ਼ਬਰ ਦੀ ਸ਼ਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਲੰਘੀ ਰਾਤ ਪਿੰਡ ਕੁਤਬਪੁਰਾ ਦੀ ਇਕ ਹੋਰ ਕਮੇਟੀਆਂ ਪਾਉਣ ਵਾਲੀ ਔਰਤ ਵੱਲੋਂ ਲੋਕਾਂ ਤੋਂ ਕਮੇਟੀਆਂ ਰਾਹੀਂ ਇਕੱਠੀ ਕੀਤੀ ਰਕਮ ਲੈ ਕੇ ਦੌੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਬੇਦੀ, ਗੁਰਦੀਪ ਸਿੰਘ, ਪ੍ਰੇਮ ਸਿੰਘ, ਅਸ਼ਵਨੀ ਕੁਮਾਰ ਆਦਿ ਤੋਂ ਇਲਾਵਾ ਕਈ ਘਰਾਂ ਦੀਆਂ ਸੁਆਣੀਆਂ ਨੇ ਦੱਸਿਆ ਕਿ ਪਹਿਲਾਂ ਮੱਖੂ ਨਿਵਾਸੀ ਅਤੇ ਹਾਲ-ਅਬਾਦ ਪਿੰਡ ਕੁਤਬਪੁਰ ਦੀ ਰਹਿਣ ਵਾਲੀ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਪੁੱਤਰ ਭਗਵਾਨ ਸਿੰਘ ਕੋਲ ਸਾਡੀਆਂ ਅਤੇ ਹੋਰ ਦਰਜਨਾਂ ਘਰਾਂ ਦੀਆਂ ਸੁਆਣੀਆਂ ਨੇ ਕਮੇਟੀਆਂ ਪਾਈਆਂ ਹੋਈਆਂ ਸਨ ਅਤੇ ਇਸ ਤੋਂ ਪਹਿਲਾਂ ਅਮਰਜੀਤ ਕੌਰ ਕਮੇਟੀਆਂ ਦੀ ਰਕਮ ਦਾ ਸਹੀ ਭੁਗਤਾਣ ਕਰਦੀ ਰਹੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਅਮਰਜੀਤ ਕੌਰ ਨੇ ਕਮੇਟੀਆਂ ਦੇਣ ਸਮੇਂ ਖੱਜਲ-ਖੁਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੀਤੀ ਰਾਤ ਉਸਦੀ ਪਿੰਡ ਛੱਡਣ ਦੀ ਬਣਾਈ ਵਿਉਂਤ ਦਾ ਉਸ ਸਮੇਂ ਪਤਾ ਲੱਗ ਗਿਆ ਜਦ ਆਪਣੀ ਕਮੇਟੀ ਦੇ ਪੈਸੇ ਲੈਣ ਲਈ ਨਿਰਮਲ ਸਿੰਘ ਆਪਣੀ ਪਤਨੀ ਸਮੇਤ ਉਸਦੇ ਘਰ ਗਿਆ ਤਾਂ ਉਹ ਕੁਝ ਲੋਕਾਂ ਦੀ ਸਹਾਇਤਾ ਨਾਲ ਘਰ ਦਾ ਸਾਮਾਨ ਕੈਂਟਰ ਵਿਚ ਲੱਦ ਰਹੀ ਸੀ।
ਨਿਰਮਲ ਸਿੰਘ ਵੱਲੋਂ ਪੈਸਿਆਂ ਦੀ ਮੰਗ ਕਰਨ 'ਤੇ ਉਸਨੇ ਟਾਲ-ਮਟੋਲ ਕੀਤੀ ਅਤੇ ਪਿੰਡ ਛੱਡਣ ਦੇ ਸ਼ੱਕ ਵਿਚ ਨਿਰਮਲ ਸਿੰਘ ਅਤੇ ਹੋਰ ਲੋਕਾਂ ਵੱਲੋਂ ਪੁਲਸ ਥਾਣੇ ਨੂੰ ਸੂਚਿਤ ਕੀਤਾ ਗਿਆ, ਜਿਸਤੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕੈਂਟਰ 'ਚੋਂ ਲੱਦਿਆ ਸਾਮਾਨ ਹੇਠਾਂ ਉਤਰਵਾਇਆ ਅਤੇ ਉਕਤ ਔਰਤ ਨੂੰ ਸਵੇਰੇ 10 ਵਜੇ ਪੁਲਸ ਥਾਣਾ ਮੱਖੂ ਵਿਖੇ ਆ ਕੇ ਮਾਮਲਾ ਨਿਪਟਾਉਣ ਦੀ ਹਦਾਇਤ ਕੀਤੀ ਪਰ ਉਕਤ ਔਰਤ ਰਾਤ ਸਮੇਂ ਹੀ ਆਪਣੀ ਲੜਕੀ ਨੂੰ ਨਾਲ ਲੈ ਕੇ ਅਤੇ ਆਪਣੇ ਸਹੁਰੇ ਨੂੰ ਘਰ ਵਿਚ ਹੀ ਛੱਡ ਕੇ ਫ਼ਰਾਰ ਹੋ ਗਈ। ਪੀੜਤ ਨਿਰਮਲ ਸਿੰਘ, ਪ੍ਰੇਮ ਸਿੰਘ, ਗੁਰਦੀਪ ਸਿੰਘ ਆਦਿ ਵੱਲੋਂ ਪੁਲਸ ਥਾਣਾ ਮੱਖੂ ਵਿਖੇ ਲਿਖਤੀ ਸੂਚਨਾ ਦਿੱਤੀ ਗਈ ਹੈ ਅਤੇ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਪੁਲਸ ਵੱਲੋਂ ਅਮਰਜੀਤ ਕੌਰ ਦੀ ਭਾਲ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
