ਚੋਰਾਂ ਨਕਦੀ ''ਤੇ ਕੀਤਾ ਹੱਥ ਸਾਫ

Monday, Jun 12, 2017 - 11:44 PM (IST)

ਚੋਰਾਂ ਨਕਦੀ ''ਤੇ ਕੀਤਾ ਹੱਥ ਸਾਫ

ਸਾਦਿਕ,   (ਪਰਮਜੀਤ)- ਸਥਾਨਕ ਕਸਬੇ 'ਚ ਦਿਨ-ਬ-ਦਿਨ ਚੋਰੀਆਂ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਤੇ ਚੋਰ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ 
ਰਹੇ ਹਨ। 
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਜਗਦੀਪ ਸਿੰਘ ਦੀਪਾ ਪੁੱਤਰ ਹਰਬੰਸ ਲਾਲ ਮਨਿਆਰੀ ਵਾਲੇ ਆਪਣੇ ਕੰਮ 'ਤੇ ਗਿਆ ਤੇ ਘਰ 'ਚ ਉਸ ਦੀ ਪਤਨੀ ਇਕੱਲੀ ਸੀ। ਉਹ 3 ਵਜੇ ਆਪਣੇ ਘਰ ਦੇ ਬਾਹਰਲੇ ਬੂਹੇ ਨੂੰ ਤਾਲਾ ਲਾ ਕੇ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈਣ ਚਲੀ ਗਈ। ਅੱਧੇ ਘੰਟੇ ਬਾਅਦ ਜਦ ਉਹ ਤਾਲਾ ਖੋਲ੍ਹ ਕੇ ਅੰਦਰ ਵੜੀ ਤਾਂ ਹੈਰਾਨ ਰਹਿ ਗਈ ਕਿਉਂਕਿ ਚੋਰ ਸਾਰੇ ਕਮਰਿਆਂ ਦੀ ਫਰੋਲਾ-ਫਰੋਲੀ ਕਰ ਕੇ ਸਾਰਾ ਸਾਮਾਨ ਖਿਲਾਰ ਕੇ ਅਲਮਾਰੀ ਵਿਚ ਰੱਖੇ 12 ਹਜ਼ਾਰ ਰੁਪਏ ਤੋਂ ਇਲਾਵਾ ਬੱਚੀ ਵੱਲੋਂ ਲਾਇਆ ਗਿਆ ਗੱਲਾ ਚੋਰੀ ਕਰ ਕੇ ਲੈ ਗਏ।
ਸੂਚਨਾ ਮਿਲਣ 'ਤੇ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਤੇ ਸਥਿਤੀ ਦਾ ਜਾਇਜ਼ਾ ਲਿਆ। ਦਿਨ-ਦਿਹਾੜੇ ਵਧਦੀਆਂ ਚੋਰੀਆਂ ਦੀਆਂ ਵਾਰਦਾਤਾਂ ਨੇ ਪਿੰਡ ਵਾਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। 
ਚੋਰੀਆਂ ਤੋਂ ਚਿੰਤਤ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਰਪ੍ਰਸਤ ਸੁਖਵਿੰਦਰ ਸੁੱਖੀ ਤੇ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਜਥੇਬੰਦੀ ਵੱਲੋਂ ਥਾਣਾ ਮੁਖੀ ਨੂੰ ਮਿਲੇ ਕੇ ਕਿਹਾ ਗਿਆ ਸੀ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਚੋਰ ਫੜ ਲਏ ਜਾਣਗੇ, ਚੋਰ ਤਾਂ ਕੀ ਫੜਨੇ ਸਨ ਸਗੋਂ ਇਕ ਘਰ ਵਿਚ ਹੋਰ ਚੋਰੀ ਦੀ ਘਟਨਾ ਵਾਪਰ ਗਈ। 
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਨਾ ਪਾਈ ਗਈ ਤਾਂ ਸਥਾਨਕ ਲੋਕ ਸਖਤ ਐਕਸ਼ਨ ਲੈਣਗੇ ਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਰੋਸ 
ਮੁਜ਼ਾਹਰਾ ਕਰਨਗੇ।  


Related News