ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Thursday, Apr 09, 2026 - 02:35 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਸਥਾਨਕ ਸ਼ਹਿਰ ’ਚ ਮੰਗਲਵਾਰ ਰਾਤ ਚੋਰਾਂ ਨੇ ਉੱਪਲੀ ਰੋਡ ਅਤੇ ਮਹਿਲਾਂ ਰੋਡ ਉੱਪਰ ਪੰਜ ਦੁਕਾਨਾਂ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਨਕਦੀ ਤੇ ਸਾਮਾਨ ਲੈ ਕੇ ਫਰਾਰ ਹੋ ਗਏ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਤੁਰੰਤ ਹਰਕਤ ’ਚ ਆ ਗਈ ਅਤੇ ਨਾਕਾਬੰਦੀ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਮਹਿਲਾਂ ਰੋਡ ਉੱਪਰ ਸਥਿਤ ਗੌਰਵ ਸਪੇਅਰ ਪਾਰਟ ਦੀ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਗੌਰਵ ਨੇ ਦੱਸਿਆ ਕਿ ਰਾਤ ਕਰੀਬ ਸਵਾ ਨੌ ਵਜੇ ਗੁਆਂਢੀਆਂ ਦੇ ਫੋਨ ’ਤੇ ਉਹ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਗੱਲੇ ’ਚੋਂ ਤਿੰਨ ਹਜ਼ਾਰ ਰੁਪਏ ਗਾਇਬ ਸਨ। ਇਸੇ ਤਰ੍ਹਾਂ ਉੱਪਲੀ ਰੋਡ ’ਤੇ ਸੂਟਾਂ ਦੀ ਸਿਲਾਈ ਦਾ ਕੰਮ ਕਰਨ ਵਾਲੇ ਸੱਤਪਾਲ ਨੇ ਦੱਸਿਆ ਕਿ ਗੁਆਂਢੀਆਂ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਦੁਕਾਨ ਖੁੱਲ੍ਹੀ ਪਈ ਹੈ ਜਦੋਂ ਉਹ ਮੌਕੇ ’ਤੇ ਪਹੁੰਚੇ ’ਤਾ ਸਿਲਾਈ ਲਈ ਆਏ ਤਿੰਨ ਲੇਡੀਜ਼ ਸੂਟ ਚੋਰੀ ਹੋਏ ਮਿਲੇ।
ਇਸੇ ਤਰ੍ਹਾਂ ਕਰਿਆਨੇ ਦੀ ਦੁਕਾਨ ਦੇ ਮਾਲਕ ਸਖਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਚਾਲੀ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ’ਚੋਂ 30 ਹਜ਼ਾਰ ਰੁਪਏ ਨਕਦ ਅਤੇ ਬਾਕੀ ਦੀਆਂ ਸਿਗਰੇਟਾਂ ਚੋਰੀ ਹੋਈਆਂ ਹਨ। ਇਕ ਮੈਡੀਕਲ ਹਾਲ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਅਤੇ ਹੁਣ ਤੱਕ ਉਨ੍ਹਾਂ ਦਾ ਲੱਗਭਗ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵਪਾਰੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਿਟੀ-1 ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਜਲਦ ਹੀ ਪੈੜ ਨੱਪ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
