ਕਲੀਨ ਐਂਡ ਗਰੀਨ ਸਿਟੀ ਦੇ ਨਾਂ ''ਤੇ ਸੀ. ਐੱਚ. ਬੀ. ਦੀ ਜ਼ਮੀਨ ''ਤੇ ਕਬਜ਼ਾ
Monday, Dec 11, 2017 - 10:01 AM (IST)
ਚੰਡੀਗੜ੍ਹ (ਅਰਚਨਾ) - ਕਲੀਨ ਐਂਡ ਗਰੀਨ ਸਿਟੀ ਦੇ ਨਾਂ 'ਤੇ ਚੰਡੀਗੜ੍ਹ ਦੇ ਬਾਸ਼ਿੰਦੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਨ। ਆਪਣੇ ਘਰਾਂ ਦੇ ਬਾਹਰ 3 ਤੋਂ 4 ਮਰਲੇ ਜ਼ਮੀਨ 'ਤੇ ਲੋਕ ਗੁਲਦਾਉਦੀ ਦੇ ਬੂਟੇ ਲਾ ਕੇ ਪਾਰਕਿੰਗ ਏਰੀਏ ਨੂੰ 'ਹਜ਼ਮ' ਕਰ ਰਹੇ ਹਨ। ਪਹਿਲਾਂ ਜ਼ਮੀਨ 'ਤੇ ਕਬਜ਼ਾ ਕਰਨ ਲਈ ਲੋਕ ਘਰਾਂ ਦੇ ਬਾਹਰ ਨਾਜਾਇਜ਼ ਕਬਜ਼ੇ ਕਰਦੇ ਸਨ ਪਰ ਹੁਣ ਨਾਜਾਇਜ਼ ਨਿਰਮਾਣਾਂ ਦੇ ਟੁੱਟਣ ਦਾ ਖਦਸ਼ਾ ਰਹਿੰਦਾ ਹੈ, ਇਸ ਲਈ ਲੋਕਾਂ ਨੇ ਸ਼ਹਿਰ ਨੂੰ ਗਰੀਨ ਬਣਾਉਣ ਦੇ ਨਾਂ 'ਤੇ ਸਰਕਾਰੀ ਜ਼ਮੀਨ ਨੂੰ 'ਹਜ਼ਮ' ਕਰਨਾ ਸ਼ੁਰੂ ਕਰ ਦਿੱਤਾ ਹੈ।
ਸੀ. ਐੱਚ. ਬੀ. ਅਧਿਕਾਰੀਆਂ ਦੀ ਮੰਨੀਏ ਤਾਂ ਲੋਕਾਂ ਨੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਨਵਾਂ ਤਰੀਕਾ ਲੱਭ ਲਿਆ ਹੈ। ਇਹ ਟਰੈਂਡ ਦੋ ਮਹੀਨਿਆਂ 'ਚ ਉੱਭਰ ਕੇ ਸਾਹਮਣੇ ਆਇਆ, ਜਦੋਂ ਸੀ. ਐੱਚ. ਬੀ. ਦੀ ਇਨਫੋਰਸਮੈਂਟ ਵਿੰਗ ਦੀ ਟੀਮ ਨਾਜਾਇਜ਼ ਨਿਰਮਾਣਾਂ ਨੂੰ ਤੋੜਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪਹੁੰਚੀ।
ਪਾਰਕਾਂ 'ਚ ਮੰਦਰ-ਮਸਜਿਦ ਤਕ ਬਣਾ ਦਿੱਤੇ ਲੋਕਾਂ ਨੇ
ਸੀ. ਐੱਚ. ਬੀ. ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਲੋਕਾਂ ਨੇ ਸਰਕਾਰੀ ਜ਼ਮੀਨ ਨੂੰ ਕਬਜ਼ਾਉਣ ਲਈ ਨਵੇਂ ਤਰੀਕੇ ਲੱਭ ਲਏ ਹਨ। ਪਹਿਲਾਂ ਲੋਕ ਜ਼ਮੀਨਾਂ 'ਤੇ ਪੱਕਾ ਨਾਜਾਇਜ਼ ਕਬਜ਼ਾ ਕਰਦੇ ਸਨ ਪਰ ਹੁਣ ਪੱਕੇ ਨਿਰਮਾਣ ਜਾਂ ਸ਼ੈੱਡ ਪਾਉਣ ਦੀ ਥਾਂ ਘਰ ਦੇ ਨੇੜੇ ਬੂਟੇ ਤੇ ਫੁੱਲ ਲਾ ਦਿੱਤੇ ਜਾਂਦੇ ਹਨ। ਆਪਣੇ ਘਰਾਂ ਦੇ ਬਾਹਰ ਬਗੀਚਾ ਬਣਾ ਕੇ ਪਹਿਲਾਂ ਉਸ ਜ਼ਮੀਨ ਨੂੰ ਕਬਜ਼ੇ 'ਚ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਣੀ ਗੱਡੀ ਨੂੰ ਕਿਸੇ ਦੂਜੀ ਜਗ੍ਹਾ ਪਾਰਕ ਕਰਨ ਦੇ ਬਾਅਦ ਕਿਸੇ ਦੂਜੇ ਦਾ ਪਾਰਕਿੰਗ ਏਰੀਆ ਹੜੱਪਿਆ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਆਪਣੇ ਘਰਾਂ ਦੇ ਬਾਹਰ ਜਿਥੇ ਬੂਟੇ ਲਾ ਰਹੇ ਹਨ, ਉਥੇ ਹੀ ਗੱਡੀਆਂ ਪਾਰਕ ਕੀਤੀਆਂ ਜਾ ਸਕਦੀਆਂ ਹਨ ਪਰ ਅਜਿਹਾ ਕਰਨ ਦੀ ਥਾਂ ਲੋਕ ਬੂਟੇ ਲਾ ਕੇ 3 ਤੋਂ 4 ਮਰਲੇ ਤਕ ਜ਼ਮੀਨ ਨੂੰ ਬੂਟਿਆਂ ਦੇ ਨਾਂ 'ਤੇ ਆਪਣਾ ਬਣਾ ਲੈਂਦੇ ਹਨ। ਰਾਮਦਰਬਾਰ 'ਚ ਤਾਂ ਅਣਗਿਣਤ ਨਾਜਾਇਜ਼ ਕਬਜ਼ੇ ਹਨ ਪਰ ਸ਼ਹਿਰ ਦੇ ਬਾਕੀ ਕੋਨੇ ਵੀ ਨਾਜਾਇਜ਼ ਕਬਜ਼ਿਆਂ ਤੋਂ ਬਚੇ ਨਹੀਂ ਹਨ।
ਮੌਲੀਜਾਗਰਾਂ ਵਿਚ ਤਾਂ ਲੋਕਾਂ ਨੇ ਸਰਕਾਰੀ ਜ਼ਮੀਨ 'ਤੇ ਮੰਦਰ ਤੇ ਮਸਜਿਦ ਬਣਾ ਦਿੱਤੇ ਹਨ। ਸੈਕਟਰ-45 ਵਿਚ ਲੋਕਾਂ ਨੇ ਗਰਿੱਲ ਤੇ ਟੋਅ ਵਾਲ ਦੇ ਨਾਂ 'ਤੇ ਕਬਜ਼ੇ ਕੀਤੇ ਹੋਏ ਹਨ। ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਬੋਰਡ ਦੀ ਟੀਮ ਪਹੁੰਚਦੀ ਹੈ ਤਾਂ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਟੀਮ ਨੂੰ ਫੋਨ ਕਰਵਾ ਦਿੰਦੇ ਹਨ।