ਪ੍ਰਦਰਸ਼ਨਕਾਰੀਆਂ ਤੇ ਪੁਲਸ ’ਚ ਧਰਨੇ ਦੌਰਾਨ ਝਡ਼ਪ
Sunday, Aug 26, 2018 - 02:21 AM (IST)

ਭਗਤਾ ਭਾਈ, (ਪਵਰੀਨ)-ਮਜ਼ਦੂਰੀ ਦਾ ਪੂਰਾ ਮਿਹਨਤਾਨਾ ਨਾ ਮਿਲਣ ਕਾਰਨ ਇਕ ਭੱਠਾ ਮਾਲਕ ਤੇ ਮਜ਼ਦੂਰਾਂ ’ਚ ਸ਼ੁਰੂ ਹੋਏ ਵਿਵਾਦ ਦੌਰਾਨ ਅੱਜ ਸ਼ਾਮ ਪੁਲਸ ਤੇ ਮਜ਼ਦੂਰਾਂ ਵਿਚ ਝਡ਼ਪ ਹੋ ਗਈ। ਇਸ ਮੌਕੇ ਪੁਲਸ ਕਰਮਚਾਰੀਆਂ ਵਲੋਂ ਇਕ ਮਜ਼ਦੂਰ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਗਈ ਅਤੇ 2 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਧਰਨੇ ਦੌਰਾਨ ਮਜ਼ਦੂਰਾਂ ਨੇ ਭੱਠਾ ਮਾਲਕ ਕੇਸ਼ਵ ਕੁਮਾਰ ’ਤੇ ਮਜ਼ਦੂਰੀ ਦਾ ਪੂਰਾ ਮਿਹਨਤਾਨਾ ਨਾ ਦੇਣ ਦਾ ਗੰਭੀਰ ਲਾਉਂਦੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਤੇ ਹੱਕ ਦਿਵਾਉਣ ਦੀ ਮੰਗ ਕੀਤੀ ਗਈ। ਕੱਲ ਸ਼ਾਮ ਪੁਲਸ ਅਧਿਕਾਰੀਆਂ ਵਲੋਂ ਪ੍ਰਦਰਸ਼ਨਕਾਰੀ ਮਜ਼ਦੂਰ ਪਰਿਵਾਰਾਂ ਨੂੰ ਅੱਜ ਦੁਪਹਿਰ ਨੂੰ ਮਾਮਲੇ ਦਾ ਹੱਲ ਕਰਵਾਉਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਤੈਅ ਸਮੇਂ ਅਨੁਸਾਰ ਦੋਵਾਂ ਪੱਖ ਵਲੋਂ ਇਕੱਠੇ ਹੋ ਕੇ ਮਾਮਲੇ ਦਾ ਹੱਲ ਕੀਤਾ ਜਾਣ ਲੱਗਾ ਤਾਂ ਦੋਵੇ ਪੱਖਾਂ ਵਿਚ ਵਿਵਾਦ ਹੋ ਗਿਆ। ਮਜ਼ਦੂਰਾਂ ਨੇ ਭੱਠਾ ਮਾਲਕ ’ਤੇ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਭੱਠੇ ਸਾਹਮਣੇ ਦੁਬਾਰਾ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਲੰਬੇ ਸਮੇਂ ਤੱਕ ਮਾਮਲੇ ਦਾ ਹੱਲ ਨਾ ਹੋਣ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲਸ ’ਚ ਝਡ਼ਪ ਹੋ ਗਈ। ਝਡ਼ਪ ਦੌਰਾਨ ਪੁਲਸ ਵਲੋਂ ਜਿਥੇ ਪ੍ਰਦਰਸ਼ਕਾਰੀਆਂ ਨੂੰ ਖਦੇਡ਼ਨ ਲਈ ਸਖ਼ਤੀ ਕੀਤੀ ਗਈ। ਉਥੇ ਹੀ ਵੀਡਿਓ ਬਣਾ ਰਹੇ 2 ਨੌਜਵਾਨਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਸ ਨੇ ਨੌਜਵਾਨਾਂ ਨੂੰ ਛਡਾ ਰਹੀ ਇਕ ਅੌਰਤ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਧਰਨੇ ਤੋਂ ਬਾਅਦ ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੋਵਾਂ ਪੱਖਾਂ ਨੂੰ 26 ਅਗਸਤ ਨੂੰ ਸਵੇਰੇ ਥਾਣੇ ’ਚ ਮਾਮਲੇ ਦਾ ਹੱਲ ਕਰਵਾਉਣ ਲਈ ਬੁਲਾਇਆ ਗਿਆ ਹੈ। ਇਸ ਸਮੇਂ ਉਨ੍ਹਾਂ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਨੂੰ ਤੁਰੰਤ ਛੱਡਣ ਦਾ ਭਰੋਸਾ ਦਿੱਤਾ।