ਸਿਵਲ ਹਸਪਤਾਲ ਦੇ ਸਟਾਫ ਲਈ ਵਿਧਾਇਕ ਆਵਲਾ ਨੇ ਮੁਹੱਈਆ ਕਰਵਾਈਆਂ 150 ਸੇਫਟੀ ਕਿੱਟਾਂ

03/29/2020 5:55:10 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ, ਬਜਾਜ) – ਕੋਰੋਨਾ ਵਾਇਰਸ ਕਾਰਣ ਜਿਥੇ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ, ਉਥੇ ਹੀ ਇਸ ਮੁਸ਼ਕਲ ਘੜੀ ’ਚ ਸਾਡੇ ਦੇਸ਼ ਦੇ ਡਾਕਟਰ ਅਤੇ ਸਟਾਫ ਮੈਂਬਰ ਆਪਣੀ ਜਾਨ ਜ਼ੋਖਮ ’ਚ ਪਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਨ੍ਹਾਂ ਡਾਕਟਰਾਂ ਦੀ ਸੁਰੱਖਿਆ ਲਈ ਹਲਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਪਹਿਲ ਕਦਮੀ ਕਰਦੇ ਹੋਏ ਆਪਣੇ ਨਿੱਜੀ ਖਰਚ ’ਚੋਂ 150 ਸੇਫਟੀ ਕਿੱਟਾਂ ਸਿਵਲ ਹਸਪਤਾਲ ਜਲਾਲਾਬਾਦ ਅਤੇ ਫਾਜ਼ਿਲਕਾ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਸੇਫਟੀ ਕਿੱਟਾਂ ਦਿੱਲੀ ਤੋਂ ਸਪੈਸ਼ਲ ਵਿਧਾਇਕ ਰਮਿੰਦਰ ਆਵਲਾ ਨੇ ਹਸਪਤਾਲ ਸਟਾਫ ਨੂੰ ਭੇਟ ਕੀਤੀਆਂ।

ਦੱਸਣਯੋਗ ਹੈ ਕਿ ਵਿਧਾਇਕ ਆਵਲਾ ਇਸ ਸਮੇਂ ਇਲਾਕੇ ਦੀ ਮਦਦ ਲਈ ਹਰ ਪੱਖੋਂ ਕੰਮ ਕਰ ਰਹੇ ਹਨ। ਪਹਿਲਾਂ ਜਿਥੇ ਉਨ੍ਹਾਂ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ 2 ਸਾਲਾ ਦੀ ਤਨਖਾਹ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ 4 ਵੈਂਟੀਲੇਟਰ ਦੇਣ ਦੀ ਵੀ ਗੱਲ ਕਹੀ, ਜਿਸ ਤੋਂ ਬਾਅਦ ਜਿਵੇਂ 2 ਵੈਂਟੀਲੇਟਰ ਮੁਹੱਈਆ ਹੋਏ ਤਾਂ ਉਨ੍ਹਾਂ ਡੀ.ਸੀ ਅਤੇ ਸਿਵਲ ਸਰਜਨ ਫਾਜ਼ਿਲਕਾ ਨੂੰ ਸੌਂਪ ਦਿੱਤੇ। ਹੁਣ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਗੇ ਡਾਕਟਰਾਂ ਦੀ ਸੇਫਟੀ ਲਈ ਕਦਮ ਚੁੱਕਦੇ ਹੋਏ 150 ਕਿੱਟਾਂ ਭੇਟ ਕੀਤੀਆਂ ਹਨ। ਇਸ ਤੋਂ ਇਲਾਵਾ ਰਮਿੰਦਰ ਆਵਲਾ ਦੀ ਦੇਖ-ਰੇਖ ਹੇਠ ਇਲਾਕੇ ’ਚ ਲੋਕਾਂ ਨੂੰ ਰਾਸ਼ਨ ਸਮੱਗਰੀ, ਬੇਘਰੇ ਲੋਕਾਂ ਅਤੇ ਝੁੱਗੀਆਂ-ਝੌਂਪਡ਼ੀਆਂ ’ਚ ਰਹਿਣ ਵਾਲੇ ਲੋਕਾਂ ਲਈ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਗੱਲਬਾਤ ਕਰਦਿਆਂ ਰਮਿੰਦਰ ਆਵਲਾ ਨੇ ਕਿਹਾ ਕਿ ਇਸ ਔਖੀ ਘਡ਼ੀ ’ਚ ਸਾਨੂੰ ਸਾਰਿਆਂ ਨੂੰ ਰਾਜਨੀਤਕ ਤੋਂ ਉੱਪਰ ਉੱਠ ਕੇ ਜੋ ਵੀ ਸਮਾਜ ਲਈ ਕਰਨਾ ਚਾਹੀਦਾ ਹੈ, ਉਹ ਫਰਜ਼ ਸਮਝ ਕੇ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕੰਮ ਸਿਰਫ ਸਰਕਾਰ ’ਤੇ ਨਾ ਛੱਡੋ, ਕਿਉਂਕਿ ਸਰਕਾਰਾਂ ਆਪਣੇ ਪੱਧਰ ’ਤੇ ਕੰਮ ਕਰ ਰਹੀਆਂ ਹਨ ਅਤੇ ਜੋ ਵੀ ਸੰਪੰਨ ਲੋਕ ਲੋੜਵੰਦਾਂ ਦੀ ਭਲਾਈ ਦਾ ਕੰਮ ਕਰ ਸਕਦੇ ਹਨ, ਚਾਹੇ ਰਾਸ਼ਨ ਦਾ ਪ੍ਰਬੰਧ ਹੋਵੇ, ਚਾਹੇ ਲੰਗਰ ਦਾ ਜਾਂ ਹੋਰ ਕੋਈ ਲੋੜੀਂਦੀ ਸਹਾਇਤਾ, ਸਾਰਿਆਂ ਨੂੰ ਮਿਲ ਕੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਲੋਕ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਪੁਲਸ ਵਿਭਾਗ ਦਾ ਸਹਿਯੋਗ ਕਰਨ, ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਕੋਰੋਨਾ ਵਾਇਰਸ ਦੀ ਇਹ ਲੜਾਈ ਜਿੱਤਣੀ ਸੌਖੀ ਨਹੀਂ ਹੈ।


rajwinder kaur

Content Editor

Related News