ਬਲੇਡ ਮਾਰ ਕੇ ਸਿਵਲ ਹਸਪਤਾਲ ’ਚ ਔਰਤ ਦਾ ਪਰਸ ਕੱਢਿਆ, ਕਾਬੂ

08/19/2018 6:59:37 AM

ਜਲੰਧਰ,    (ਸ਼ੋਰੀ)-  ਸਿਵਲ ਹਸਪਤਾਲ ਦੇ ਪਰਚੀਆਂ ਵਾਲੇ ਕਾਊਂਟਰ ’ਚ ਲਾਈਨ ਵਿਚ ਖੜ੍ਹੀ ਇਕ  ਔਰਤ ਦਾ ਕਿਸੇ ਨੇ ਬਲੇਡ ਮਾਰ ਕੇ ਲਿਫਾਫੇ ’ਚੋਂ ਪਰਸ ਕੱਢ ਲਿਆ। ਔਰਤ ਵਲੋਂ ਰੌਲਾ ਪਾਉਣ ’ਤੇ ਸੁਰੱਖਿਆ ਮੁਲਾਜ਼ਮ ਇਕੱਠੇ ਹੋਏ ਅਤੇ ਔਰਤ ਦੀ  ਭਾਲ ਸ਼ੁਰੂ ਕੀਤੀ। ਹਾਲਾਂਕਿ ਔਰਤ ਅਗਲਾ ਸ਼ਿਕਾਰ ਲੱਭਣ ਲਈ ਜਿਵੇਂ ਹੀ ਕੁਝ ਦੇਰ ਬਾਅਦ ਪਰਤੀ ਤਾਂ ਉਸ ਨੂੰ ਪੁਲਸ ਨੇ ਕਾਬੂ ਕਰ  ਲਿਆ। ਦੂਜੇ ਸ਼ਿਕਾਰ ਦੇ ਚੱਕਰ ਵਿਚ ਔਰਤ ਪੁਲਸ ਦੀ ਸ਼ਿਕਾਰ ਬਣ ਗਈ। 
ਪੀੜਤਾ ਫਗਵਾੜਾ ਦੇ  ਮੁਹੱਲਾ ਸੰਤੋਖਪੁਰਾ ਨਿਵਾਸੀ ਸੁਰਿੰਦਰ ਕੌਰ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਸਿਵਲ  ਹਸਪਤਾਲ ਜਲੰਧਰ ਆਪਣੀ ਅਲਟਰਾਸਾਊਂਡ ਕਰਵਾਉਣ ਆਈ ਸੀ। ਜਿਵੇਂ ਹੀ ਉਹ ਰਸੀਦ ਕਟਵਾਉਣ  ਲਈ ਲਾਈਨ ਵਿਚ ਲੱਗੀ ਤਾਂ ਉਸ ਦੇ ਹੱਥ ਵਿਚ ਫੜੇ ਲਿਫਾਫੇ ਵਿਚ ਕਿਸੇ ਨੇ ਬਲੇਡ ਮਾਰ ਕੇ  ਉਸ ਦਾ ਪਰਸ ਕੱਢ ਲਿਆ। ਰਸੀਦ ਦੇ ਪੈਸੇ ਦੇਣ ਦੌਰਾਨ ਉਸ ਨੂੰ ਪਤਾ ਲੱਗਾ ਕਿ  ਪਰਸ ਗਾਇਬ  ਹੋ ਚੁੱਕਾ ਹੈ। ਪਰਸ ਵਿਚ ਮੋਬਾਇਲ ਫੋਨ, ਏ. ਟੀ. ਐੱਮ. ਤੇ ਕਰੀਬ 700 ਰੁਪਏ ਦੀ ਨਕਦੀ  ਸੀ।  ਥਾਣਾ 4 ਵਿਚ ਤਾਇਨਾਤ ਬਸੰਤ ਸਿੰਘ ਨੇ ਦੱਸਿਆ ਕਿ ਔਰਤ ਨੂੰ ਪੁਲਸ ਨੇ ਕਾਬੂ ਕਰ  ਕੇ  ਮੋਬਾਇਲ ਤੇ ਨਕਦੀ ਬਰਾਮਦ ਕਰ ਲਈ ਹੈ। ਔਰਤ ਕੋਲੋਂ ਪੁਲਸ ਨੇ ਲੋਕਾਂ ਦੇ ਲਿਫਾਫੇ ਕੱਟਣ  ਵਾਲਾ ਬਲੇਡ ਵੀ  ਬਰਾਮਦ ਕਰ ਲਿਆ ਹੈ, ਹਾਲਾਂਕਿ ਏ. ਟੀ. ਐੱਮ. ਬਰਾਮਦ ਨਹੀਂ ਹੋ  ਸਕਿਆ। ਮੁਲਜ਼ਮ  ਅੌਰਤ ਦੀ ਪਛਾਣ ਸਰਿਤਾ ਪਤਨੀ ਵਿਸ਼ਵਨਾਥ ਵਾਸੀ ਸੰਤੋਸ਼ੀ ਨਗਰ, ਕਾਜ਼ੀ  ਮੰਡੀ ਦੇ ਤੌਰ ’ਤੇ ਹੋਈ ਹੈ। ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਅਦਾਲਤ  ਵਿਚ ਪੇਸ਼ ਕੀਤਾ ਜਾਵੇਗਾ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਔਰਤ ਨੇ ਸਿਵਲ  ਹਸਪਤਾਲ ਵਿਚ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਸਪਤਾਲ  ਵਿਚ ਔਰਤਾਂ ਨਾਲ ਅਜਿਹੀਆਂ ਵਾਰਦਾਤਾਂ ਕਾਫੀ ਦਿਨਾਂ ਤੋਂ ਹੋ ਰਹੀਆਂ ਹਨ। ਮੁਲਜ਼ਮਾਂ  ਨੂੰ ਫੜਨ ਲਈ ਹਸਪਤਾਲ ਵਿਚ ਕੋਈ ਮਹਿਲਾ ਪੁਲਸ ਤਾਇਨਾਤ ਨਾ ਹੋਣ ਕਾਰਨ ਪ੍ਰਾਈਵੇਟ  ਸੁਰੱਖਿਆ ਕਰਮਚਾਰੀ ਨੇ ਔਰਤ ਦਾ ਹੱਥ ਫੜੀ ਰੱਖਿਆ, ਜਦੋਂਕਿ ਹਸਪਤਾਲ ਵਿਚ ਪ੍ਰਾਈਵੇਟ  ਮਹਿਲਾ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਲੋੜ ਹੈ। 
 


Related News