ਗਰਭਵਤੀ ਔਰਤ ਨੂੰ ਹਸਪਤਾਲ ''ਚ ਛੱਡ ਗਿਆ ''ਕਲਯੁਗੀ ਇਨਸਾਨ''

01/19/2018 10:33:01 AM

ਨਾਭਾ (ਜੈਨ)-ਬੀਤੀ ਰਾਤ ਸਿਵਲ ਹਸਪਤਾਲ ਕੰਪਲੈਕਸ ਵਿਖੇ ਕੋਈ 'ਕਲਯੁਗੀ ਇਨਸਾਨ' ਇਕ 35-36 ਸਾਲ ਦੀ ਗਰਭਵਤੀ ਔਰਤ ਨੂੰ ਛੱਡ ਕੇ ਚਲਾ ਗਿਆ, ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ। ਇਹ ਔਰਤ ਠੀਕ ਢੰਗ ਨਾਲ ਆਪਣਾ ਨਾਂ-ਪਤਾ ਦੱਸਣ ਵਿਚ ਅਸਮਰੱਥ ਹੈ। ਉਹ ਕਦੇ ਰਾਣੀ ਤੇ ਕਦੇ ਕੋਈ ਹੋਰ ਨਾਂ ਬੋਲਦੀ ਹੈ, ਜਦਕਿ ਸੱਜੀ ਬਾਂਹ 'ਤੇ ਰੇਨੂੰ ਦੇਵੀ ਨਾਂ ਲਿਖਿਆ (ਗੋਦਿਆ) ਹੋਇਆ ਹੈ। ਸਟਾਫ ਨਰਸਾਂ ਤੇ ਹੋਰ ਮੁਲਾਜ਼ਮਾਂ ਤੋਂ ਇਲਾਵਾ ਮਰੀਜ਼ਾਂ ਦੇ ਵਾਰਸਾਂ ਨੇ ਵੀ ਉਸ ਨਾਲ ਗੱਲਬਾਤ ਕਰ ਕੇ ਨਾਂ ਪੁੱਛਣ ਦਾ ਯਤਨ ਕੀਤਾ ਪਰ ਉਸਨੇ ਸਪੱਸ਼ਟ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੈਂ ਬਨਾਰਸ ਦੀ ਰਹਿਣ ਵਾਲੀ ਹਾਂ। ਮੇਰਾ ਪਤੀ ਛੱਡ ਗਿਆ, ਫਿਰ ਕਿਹਾ ਕਿ ਮੈਨੂੰ ਕੋਈ ਆਟੋ ਵਾਲਾ ਛੱਡ ਗਿਆ ਹੈ। 
ਹਸਪਤਾਲ ਦੀ ਐੈੱਸ. ਐੈੱਮ. ਓ. ਅਨੁਸਾਰ ਔਰਤ 8 ਮਹੀਨੇ ਦੀ ਗਰਭਵਤੀ ਹੈ। ਕੋਤਵਾਲੀ ਪੁਲਸ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਔਰਤ ਨੂੰ ਹਸਪਤਾਲ ਕੌਣ  ਛੱਡ ਗਿਆ ਹੈ। ਇਸ ਘਟਨਾ ਨੇ ਸਿਵਲ ਹਸਪਤਾਲ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਜੇਕਰ ਇਸ ਵਾਰਡ ਜਾਂ ਬਾਹਰੀ ਖੇਤਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੁੰਦੇ ਤਾਂ ਸਾਰੀ ਅਸਲੀਅਤ ਸਾਹਮਣੇ ਆ ਜਾਂਦੀ। ਪ੍ਰਬੰਧਕ ਆਪਣੀਆਂ ਕਮਜ਼ੋਰੀਆਂ ਛੁਪਾ ਕੇ ਸਿਹਤ ਵਿਭਾਗ ਤੇ ਸਰਕਾਰ ਨੂੰ ਬਦਨਾਮ ਕਰਨ ਵਿਚ ਮਾਹਿਰ ਹਨ।


Related News