ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ 5 ਮਹੀਨਿਆਂ ਤੋਂ ਠੱਪ! 6 ਲੱਖ ਦੀ ਆਬਾਦੀ ਰੱਬ ਆਸਰੇ

Monday, Jun 08, 2026 - 01:57 PM (IST)

ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ 5 ਮਹੀਨਿਆਂ ਤੋਂ ਠੱਪ! 6 ਲੱਖ ਦੀ ਆਬਾਦੀ ਰੱਬ ਆਸਰੇ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਦੇ ਮੁੱਖ ਸਿਵਲ ਹਸਪਤਾਲ ’ਚ ਬਣਿਆ ਇੱਕੋ-ਇਕ ਸਰਕਾਰੀ ਬਲੱਡ ਬੈਂਕ ਪਿਛਲੇ ਲਗਭਗ 5 ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਪ੍ਰਸ਼ਾਸਨਿਕ ਨਾਕਾਮੀ ਅਤੇ ਲਾਪਰਵਾਹੀ ਕਾਰਨ ਜ਼ਿਲ੍ਹੇ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਦੀ ਇਕ-ਇਕ ਬੂੰਦ ਲਈ ਦਰ-ਦਰ ਭਟਕਣ ਲਈ ਮਜਬੂਰ ਹੋਣਾ ਪੈ ਰਹੀ ਹੈ। ਪ੍ਰਸ਼ਾਸਨ ਦੇ ਇਸ ਗ਼ੈਰ-ਸੰਜੀਦਾ ਰਵੱਈਏ ਖ਼ਿਲਾਫ਼ ਹੁਣ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੇ ਹੋ ਕੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਏ.ਡੀ.ਸੀ. (ਜਨਰਲ) ਨੂੰ ਮੰਗ-ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਮਰੀਜ਼ਾਂ ਦੀ ਜਾਨ ਨਾਲ ਖਿਲਵਾੜ: 6 ਲੱਖ ਦੀ ਆਬਾਦੀ ਪ੍ਰਭਾਵਿਤ

ਜ਼ਿਲ੍ਹਾ ਬਰਨਾਲਾ ਦੀ ਆਬਾਦੀ 6 ਲੱਖ ਤੋਂ ਵਧੇਰੇ ਹੈ। ਪੂਰੇ ਜ਼ਿਲੇ ਵਿਚ ਇਹ ਇਕੱਲਾ ਅਜਿਹਾ ਬਲੱਡ ਬੈਂਕ ਸੀ, ਜਿਥੇ ਆਮ ਲੋਕਾਂ, ਗਰਭਵਤੀ ਔਰਤਾਂ ਅਤੇ ਐਮਰਜੈਂਸੀ ਕੇਸਾਂ ਵਿੱਚ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਤਹਿਤ ਮੁਫ਼ਤ ਜਾਂ ਬਹੁਤ ਘੱਟ ਖ਼ਰਚੇ ’ਤੇ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਸੀ। ਬਲੱਡ ਬੈਂਕ ਦੇ ਬੰਦ ਹੋਣ ਕਾਰਨ ਹੁਣ ਮਰੀਜ਼ਾਂ ਦੇ ਪਰਿਵਾਰਾਂ ਨੂੰ ਨਿੱਜੀ ਬਲੱਡ ਬੈਂਕਾਂ ਜਾਂ ਦੂਜੇ ਜ਼ਿਲਿਆਂ ਦੇ ਹਸਪਤਾਲਾਂ ਵੱਲ ਭੱਜਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ’ਤੇ ਮਾਨਸਿਕ ਅਤੇ ਆਰਥਿਕ ਬੋਝ ਬਹੁਤ ਜ਼ਿਆਦਾ ਵੱਧ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਵਿਚ ਬਲੱਡ ਬੈਂਕ ਦਾ ਬੰਦ ਹੋਣਾ ਸਿਹਤ ਵਿਭਾਗ ਦੀ ਘੋਰ ਲਾਪਰਵਾਹੀ ਨੂੰ ਦਰਸਾਉਂਦਾ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪ ’ਤੇ ਉੱਠੇ ਸਵਾਲ

ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਜਥੇਬੰਦੀਆਂ ਵੱਲੋਂ ਹਲਕਾ ਵਿਧਾਇਕ, ਸੰਸਦ ਮੈਂਬਰ (ਐੱਮ.ਪੀ.), ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਐੱਸ.ਐੱਮ.ਓ. ਸਮੇਤ ਹਰ ਛੋਟੇ-ਵੱਡੇ ਪ੍ਰਸ਼ਾਸਨਿਕ ਅਧਿਕਾਰੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਅਜੇ ਤੱਕ ਬਲੱਡ ਬੈਂਕ ਨੂੰ ਮੁੜ ਚਾਲੂ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਅਧਿਕਾਰੀਆਂ ਦੀ ਇਹ ਚੁੱਪ ਸਾਬਤ ਕਰਦੀ ਹੈ ਕਿ ਉਨ੍ਹਾਂ ਨੂੰ ਜਨਤਾ ਦੀ ਸਿਹਤ ਅਤੇ ਜਾਨ ਦੀ ਕੋਈ ਪਰਵਾਹ ਨਹੀਂ ਹੈ।

ਖ਼ੂਨਦਾਨੀ ਤਿਆਰ ਪਰ ਸਿਸਟਮ ਨਾਕਾਮ

ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਵਿਚ ਖ਼ੂਨ ਦੀ ਕੋਈ ਕਮੀ ਨਹੀਂ ਹੈ। ਸਮਾਜ ਸੇਵੀ ਸੰਸਥਾਵਾਂ ਕੋਲ ਅਜਿਹੇ ਵਾਲੰਟੀਅਰਾਂ ਦੀ ਇਕ ਲੰਮੀ ਸੂਚੀ ਹੈ ਜੋ ਹਰ 3 ਮਹੀਨਿਆਂ ਬਾਅਦ ਨਿਯਮਿਤ ਤੌਰ ’ਤੇ ਖ਼ੂਨਦਾਨ ਕਰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਹਰ ਮਹੀਨੇ ਘੱਟੋ-ਘੱਟ ਦੋ ਖ਼ੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ। ਖ਼ੂਨਦਾਨੀ ਹਮੇਸ਼ਾ ਸਰਕਾਰੀ ਬਲੱਡ ਬੈਂਕਾਂ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਖ਼ੂਨ ਦਾ ਫਾਇਦਾ ਕਿਸੇ ਗਰੀਬ ਮਰੀਜ਼ ਨੂੰ ਮੁਫ਼ਤ ਮਿਲ ਸਕੇ। ਪਰ ਜਦੋਂ ਸਰਕਾਰੀ ਸਿਸਟਮ ਹੀ ਤਾਲਾਬੰਦੀ ਦਾ ਸ਼ਿਕਾਰ ਹੋਵੇ, ਤਾਂ ਖ਼ੂਨਦਾਨੀਆਂ ਦੇ ਜਜ਼ਬੇ ਨੂੰ ਵੀ ਵੱਡੀ ਸੱਟ ਵੱਜਦੀ ਹੈ।

ਜਥੇਬੰਦੀਆਂ ਨੇ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ

ਅੱਜ ਜ਼ਿਲ੍ਹੇ ਦੀਆਂ ਪ੍ਰਮੁੱਖ ਸੰਸਥਾਵਾਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ, ਖ਼ੂਨਦਾਨ ਇਕਾਈ ਫ਼ਤਿਹਗੜ੍ਹ ਛੰਨਾ ਦੇ ਪ੍ਰਧਾਨ ਬਸੰਤ ਸਿੰਘ, ਲੋਕ ਭਲਾਈ ਕਲੱਬ ਮੌੜਾਂ ਦੇ ਪ੍ਰਧਾਨ ਸੀਰਾ ਮੌੜ, ਬਲੱਡ ਡੋਨਰ ਸੋਸਾਇਟੀ ਬਰਨਾਲਾ ਦੇ ਗੁਰਤੇਜ ਸਿੰਘ, ਬਲੱਡ ਡੋਨਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਨੇਚਰ ਫਾਊਂਡੇਸ਼ਨ ਟਰਸਟ ਬਰਨਾਲਾ ਦੇ ਪ੍ਰਧਾਨ ਨਿਰਮਲ ਸਿੰਘ ਝਿੰਜਰ ਸ਼ਾਮਲ ਸਨ, ਨੇ ਸਾਂਝੇ ਤੌਰ ’ਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂ ਏ.ਡੀ.ਸੀ. (ਜ) ਨੂੰ ਇੱਕ ਮੰਗ-ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਹੁਣ ਵੀ ਕੋਈ ਹਰਕਤ ਨਾ ਦਿਖਾਈ, ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।


author

Anmol Tagra

Content Editor

Related News