ਕਾਲਾਝਾੜ ਟੋਲ ਪਲਾਜ਼ਾ ਰਿਹਾ ਟੋਲ ਮੁਕਤ, ਬੀਕੇਯੂ ਏਕਤਾ (ਸਿੱਧੂਪੁਰ) ਦਾ ਵੱਡਾ ਰੋਸ ਪ੍ਰਦਰਸ਼ਨ

Tuesday, Jul 14, 2026 - 04:27 PM (IST)

ਕਾਲਾਝਾੜ ਟੋਲ ਪਲਾਜ਼ਾ ਰਿਹਾ ਟੋਲ ਮੁਕਤ, ਬੀਕੇਯੂ ਏਕਤਾ (ਸਿੱਧੂਪੁਰ) ਦਾ ਵੱਡਾ ਰੋਸ ਪ੍ਰਦਰਸ਼ਨ

ਭਵਾਨੀਗੜ੍ਹ (ਕਾਂਸਲ) : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਸੂਬਾ ਪੱਧਰੀ ਐਲਾਨ ਤਹਿਤ ਸੋਮਵਾਰ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਕਾਲਾਝਾੜ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਮੁਕਤ ਕਰ ਦਿੱਤਾ ਗਿਆ। ਇਸ ਦੌਰਾਨ ਵਾਹਨਾਂ ਨੂੰ ਬਿਨਾਂ ਟੋਲ ਅਦਾ ਕੀਤੇ ਲੰਘਣ ਦਿੱਤਾ ਗਿਆ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਲੈਂਡ ਮਾਰਗੇਜ ਬੈਂਕਾਂ ਦੀਆਂ ਕਥਿਤ ਬੇਨਿਯਮੀਆਂ ਦੇ ਸ਼ਿਕਾਰ ਕਿਸਾਨਾਂ ਨੂੰ ਇਨਸਾਫ ਦਿਵਾਉਣ, ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਅਤੇ ਭਾਰਤ–ਅਮਰੀਕਾ ਟ੍ਰੇਡ ਡੀਲ ਵਿੱਚੋਂ ਖੇਤੀਬਾੜੀ, ਡੇਅਰੀ ਤੇ ਪੋਲਟਰੀ ਸੈਕਟਰ ਨੂੰ ਬਾਹਰ ਰੱਖਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਰਾਹੀਂ ਉਪਜਾਊ ਖੇਤੀਬਾੜੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਹਣ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੈਂਡ ਮਾਰਗੇਜ ਬੈਂਕਾਂ ਦੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿਚ ਕਿਸਾਨ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਸ ਮਾਮਲੇ ਵਿਚ ਇਨਸਾਫ ਦੀ ਮੰਗ ਲਈ 30 ਮਾਰਚ ਤੋਂ ਫਰੀਦਕੋਟ ਅਤੇ 11 ਮਈ ਤੋਂ ਪੰਜਾਬ ਦੇ 12 ਹੋਰ ਜ਼ਿਲ੍ਹਿਆਂ ਵਿੱਚ ਲੈਂਡ ਮਾਰਗੇਜ ਬੈਂਕਾਂ ਦੀਆਂ ਸ਼ਾਖਾਵਾਂ ਅੱਗੇ ਪੱਕੇ ਧਰਨੇ ਜਾਰੀ ਹਨ।

ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਫਰੀਦਕੋਟ ਦੇ ਪਿੰਡ ਹਰੀ ਨੌਂ ਵਿਚ ਕਥਿਤ ਤੌਰ 'ਤੇ ਬੈਂਕ ਪ੍ਰਬੰਧਨ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਦੋ ਕਿਸਾਨ ਭਰਾਵਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰਾਂ ਨੂੰ ਹੀ ਪੁਲਿਸ ਰਾਹੀਂ ਡਰਾਇਆ ਜਾ ਰਿਹਾ ਹੈ। ਰਣ ਸਿੰਘ ਚੱਠਾ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ–ਅਮਰੀਕਾ ਮੁਕਤ ਵਪਾਰ ਸਮਝੌਤੇ ਵਿਚੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਤਾਂ ਜੋ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਦੇ ਹਿੱਤ ਸੁਰੱਖਿਅਤ ਰਹਿ ਸਕਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੂਬਾ ਪੱਧਰ 'ਤੇ ਹੋਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਟੋਲ ਪਲਾਜ਼ੇ 'ਤੇ ਲੱਗੀ ਐੱਲ.ਈ.ਡੀ. ਸਕਰੀਨ ਰਾਹੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਲਾਈਵ ਸੰਬੋਧਨ ਵੀ ਕਿਸਾਨਾਂ ਨੇ ਸੁਣਿਆ।

ਧਰਨੇ ਨੂੰ ਬੀਕੇਯੂ ਏਕਤਾ ਮਲਵਈ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਿਸ਼ੌਰ, ਬਲਾਕ ਪ੍ਰਧਾਨ ਕਰਮਜੀਤ ਸਿੰਘ ਬਾਲਦ ਕਲਾਂ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ, ਬਿੰਦਰ ਸਿੰਘ ਲਹਿਲ ਕਲਾਂ, ਮੇਜਰ ਸੁਰਜਣ ਸਿੰਘ ਭੈਣੀ, ਕਸ਼ਮੀਰ ਸਿੰਘ ਉਗਰਾਹਾਂ, ਗੁਰਦੇਵ ਸਿੰਘ ਖਡਿਆਲ, ਕਰਮ ਸਿੰਘ ਨਮੋਲ, ਹਰਜਿੰਦਰ ਸਿੰਘ ਮਹਿਲਾਂ, ਮਲਕੀਤ ਸਿੰਘ ਤੂਰਬੰਜਾਰਾ, ਹਰੀ ਸਿੰਘ ਚੱਠਾ, ਮਨਜੀਤ ਸਿੰਘ ਖਾਈ ਅਤੇ ਗੁਰਮੇਲ ਸਿੰਘ ਸ਼ਾਹਪੁਰ ਕਲਾਂ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।


author

Gurminder Singh

Content Editor

Related News