ਸਮੱਸਿਆਵਾਂ ''ਚ ਘਿਰਿਆ ਸਿਵਲ ਹਸਪਤਾਲ, ਅਧਿਕਾਰੀ ਬੇਖਬਰ

Friday, Jun 09, 2017 - 08:17 AM (IST)

ਸਮੱਸਿਆਵਾਂ ''ਚ ਘਿਰਿਆ ਸਿਵਲ ਹਸਪਤਾਲ, ਅਧਿਕਾਰੀ ਬੇਖਬਰ

ਮੋਹਾਲੀ  (ਕੁਲਦੀਪ) - ਜ਼ਿਲਾ ਮੋਹਾਲੀ ਦਾ ਇਕਲੌਤਾ ਸਿਵਲ ਹਸਪਤਾਲ ਹਮੇਸ਼ਾ ਗੰਭੀਰ ਸਮੱਸਿਆਵਾਂ 'ਚ ਘਿਰਿਆ ਰਹਿੰਦਾ ਹੈ ਪਰ ਦੇਖਣ 'ਚ ਆ ਰਿਹਾ ਹੈ ਕਿ ਵਿਭਾਗ ਦੇ ਅਧਿਕਾਰੀ ਇਨ੍ਹਾਂ ਸਮੱਸਿਆਵਾਂ ਤੇ ਲਾਪ੍ਰਵਾਹੀਆਂ ਤੋਂ ਬੇਖਬਰ ਹਨ। ਸਮੱਸਿਆਵਾਂ ਵੀ ਕੁਝ ਅਜਿਹੀਆਂ ਹਨ ਜਿਨ੍ਹਾਂ 'ਤੇ ਆਮ ਲੋਕਾਂ ਦੀ ਨਜ਼ਰ ਅਕਸਰ ਪੈ ਜਾਂਦੀ ਹੈ ਪਰ ਅਧਿਕਾਰੀਆਂ ਨੂੰ ਜਾਂ ਤਾਂ ਪਤਾ ਨਹੀਂ ਚਲਦਾ ਜਾਂ ਜਾਣ-ਬੁੱਝ ਕੇ ਅੱਖਾਂ ਬੰਦ ਕਰ ਲੈਂਦੇ ਹਨ।  ਕੁਝ ਦਿਨ ਪਹਿਲਾਂ 'ਜਗ ਬਾਣੀ' ਵਲੋਂ ਜੱਚਾ-ਬੱਚਾ ਹਸਪਤਾਲ 'ਚ ਪਾਣੀ ਦੀ ਸਮੱਸਿਆ ਦਾ ਮਾਮਲਾ ਉਭਾਰ ਕੇ ਹੱਲ ਕਰਵਾਇਆ ਗਿਆ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਹੋਰ ਸਮੱਸਿਆਵਾਂ ਜਾਂ ਲਾਪ੍ਰਵਾਹੀਆਂ ਸਾਹਮਣੇ ਆਈਆਂ ਹਨ ਜੋ ਕਿ ਇਸ ਤਰ੍ਹਾਂ ਹਨ :-
ਲੈਪ੍ਰੋਸਕੋਪੀ ਦੀ ਮਸ਼ੀਨ ਦੋ ਮਹੀਨਿਆਂ ਤੋਂ ਖਰਾਬ
ਪਿੱਤੇ ਤੇ ਹਰਨੀਆ ਦੇ ਆਪ੍ਰੇਸ਼ਨਾਂ ਵਾਲੇ ਮਰੀਜ਼ ਪ੍ਰੇਸ਼ਾਨ
ਸਿਵਲ ਹਸਪਤਾਲ ਮੋਹਾਲੀ ਦੇ ਆਪ੍ਰੇਸ਼ਨ ਥੀਏਟਰ 'ਚ ਲੈਪ੍ਰੋਸਕੋਪੀ ਦੀ ਮਸ਼ੀਨ 2 ਮਹੀਨਿਆਂ ਤੋਂ ਖਰਾਬ ਪਈ ਹੈ। ਇਸ ਕਾਰਨ ਪਿੱਤੇ ਦੀ ਪੱਥਰੀ ਤੇ ਹਰਨੀਆਂ ਦੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਮਰੀਜ਼ਾਂ ਨੂੰ ਸੈਕਟਰ-16 ਚੰਡੀਗੜ੍ਹ, ਸੈਕਟਰ-32, ਪੀ. ਜੀ. ਆਈ. ਚੰਡੀਗੜ੍ਹ ਤੇ ਜਾਂ ਮਹਿੰਗੇ ਹਸਪਤਾਲਾਂ 'ਚ ਜਾਣਾ ਪੈ ਰਿਹਾ ਹੈ।  ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੈਪ੍ਰੋਸਕੋਪੀ ਮਸ਼ੀਨ ਦੇ ਦੋ ਕੈਮਰੇ ਖਰਾਬ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਵਿਚ ਹੈ। ਕੈਮਰੇ ਖਰਾਬ ਹੋਣ ਕਾਰਨ ਵਿਜ਼ਨ ਨਹੀਂ ਬਣਦਾ, ਜਿਸ ਕਾਰਨ ਆਪ੍ਰੇਸ਼ਨ ਨਹੀਂ ਹੋ ਸਕਦਾ।  ਪਿੰਡ ਦੇਸੂਮਾਜਰਾ ਨਿਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੇ ਪਿੱਤੇ 'ਚ ਪੱਥਰੀ ਸੀ, ਉਹ ਆਪ੍ਰੇਸ਼ਨ ਬਾਰੇ ਪਤਾ ਲਾਉਣ ਲਈ ਸਿਵਲ ਹਸਪਤਾਲ ਮੋਹਾਲੀ 'ਚ ਗਏ ਤਾਂ ਉਥੇ ਡਾਕਟਰਾਂ ਨੇ ਦੱਸਿਆ ਕਿ ਉਥੋਂ ਦੀ ਲੈਪ੍ਰੋਸਕੋਪੀ ਮਸ਼ੀਨ ਖਰਾਬ ਹੋਣ ਕਾਰਨ ਫਿਲਹਾਲ ਉਥੇ ਆਪ੍ਰੇਸ਼ਨ ਨਹੀਂ ਹੋ ਸਕਦਾ।
ਹੈਰਾਨੀ ਦੀ ਗੱਲ ਇਹ ਹੈ ਕਿ ਦੋ ਮਹੀਨਿਆਂ ਤੋਂ ਲੈਪ੍ਰੋਸਕੋਪੀ ਦੀ ਮਸ਼ੀਨ ਬੰਦ ਪਈ ਹੋਈ ਹੈ ਤੇ ਐੱਸ. ਐੱਸ. ਓ. ਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਜਦੋਂ ਮਸ਼ੀਨ ਬੰਦ ਪਈ ਹੋਣ ਬਾਰੇ ਐੱਸ. ਐੱਸ. ਓ. ਗੋਲਡੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਗਿਆਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਗੱਲ ਤਾਂ ਉਨ੍ਹਾਂ ਦੇ ਧਿਆਨ 'ਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਮਸ਼ੀਨ ਬੰਦ ਹੋਣ ਦਾ ਕੀ ਕਾਰਨ ਹੈ।
ਜਨਰਲ ਵਾਰਡ ਦੀ ਲੌਬੀ 'ਚ ਟੁੱਟਿਆ ਫਰਸ਼, ਹਾਦਸੇ ਨੂੰ ਸੱਦਾ
ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਜਨਰਲ ਵਾਰਡ ਦੀ ਲੌਬੀ ਦਾ ਫਰਸ਼ ਇਕ ਥਾਂ ਤੋਂ ਟੁੱਟ ਗਿਆ ਹੈ। ਇਸ 'ਤੇ ਕੋਈ ਵੀ ਵਿਅਕਤੀ ਜੇਕਰ ਅਚਾਨਕ ਪੈਰ ਰੱਖ ਲੈਂਦਾ ਹੈ ਤਾਂ ਉਸ ਦਾ ਪੈਰ ਫਸ ਕੇ ਪੂਰੀ ਲੱਤ ਅੰਦਰ ਜਾ ਸਕਦੀ ਹੈ ਤੇ ਲੱਤ ਟੁੱਟ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਇਸ ਜਨਰਲ ਵਾਰਡ ਦੇ ਨਾ ਤਾਂ ਡਾਕਟਰਾਂ ਨੇ ਹੀ ਐੱਸ. ਐੱਮ. ਓ. ਦੇ ਧਿਆਨ 'ਚ ਹੀ ਇਹ ਗੱਲ ਲਿਆਂਦੀ ਹੈ ਤੇ ਨਾ ਹੀ ਐੱਸ. ਐੱਮ. ਓ. ਨੇ ਖੁਦ ਕਦੇ ਇਸ ਵੱਲ ਧਿਆਨ ਦਿੱਤਾ ਹੈ।  ਜਦੋਂ ਇਸ ਬਾਰੇ ਐੱਸ. ਐੱਸ. ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਅਗਿਆਨਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਉਹ ਚੈੱਕ ਕਰਵਾ ਲੈਂਦੇ ਹਨ।
ਹਸਪਤਾਲ ਦੇ ਬੈੱਡ ਤੇ ਸਟਰੇਚਰ ਨੂੰ ਘੋੜੀ ਵਜੋਂ ਵਰਤ ਰਹੇ ਵਰਕਰ
ਸਿਵਲ ਹਸਪਤਾਲ 'ਚ ਸਥਿਤ ਜੱਚਾ-ਬੱਚਾ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਆਕਸੀਜਨ ਦੀਆਂ ਪਾਈਪਾਂ ਫਿੱਟ ਕਰਨ ਦਾ ਕੰਮ ਕਰ ਰਹੀ ਕੰਪਨੀ ਦੇ ਵਰਕਰ ਹਸਪਤਾਲ ਦੇ ਮਰੀਜ਼ਾਂ ਵਾਲੇ ਬੈੱਡ ਤੇ ਸਟਰੇਚਰਾਂ ਨੂੰ ਉਪਰ ਚੜ੍ਹਨ ਲਈ ਘੋੜੀ ਦੇ ਰੂਪ 'ਚ ਇਸਤੇਮਾਲ ਕਰ ਰਹੇ ਹਨ। ਦੱਸਣਯੋਗ ਹੈ ਕਿ ਉਥੇ ਪਾਈਪਾਂ ਲਾਉਣ ਦਾ ਕੰਮ ਦਿੱਲੀ ਦੀ ਇਕ ਇੰਜੀਨੀਅਰਿੰਗ ਕੰਪਨੀ ਕਰ ਰਹੀ ਹੈ। ਪਾਈਪਾਂ ਲਾਉਣ ਲਈ ਵਰਕਰਾਂ ਨੂੰ ਪੌੜੀ ਤੇ ਘੋੜੀ ਆਦਿ ਕੰਪਨੀ ਨੇ ਮੁਹੱਈਆ ਕਰਵਾਉਣੀ ਹੁੰਦੀ ਹੈ ਪਰ ਇਥੇ ਤਾਂ ਵਰਕਰ ਹਸਪਤਾਲ ਦੇ ਨਵੇਂ ਬੈੱਡ ਤੇ ਸਟਰੇਚਰਾਂ ਨੂੰ ਘੋੜੀ ਵਜੋਂ ਵਰਤ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਹਸਪਤਾਲ ਦੇ ਐੱਸ. ਐੱਮ. ਓ. ਨੂੰ ਨਾ ਤਾਂ ਖੁਦ ਇਸ ਬਾਰੇ ਧਿਆਨ ਸੀ ਤੇ ਨਾ ਹੀ ਜੱਚਾ-ਬੱਚਾ ਹਸਪਤਾਲ ਦੇ ਡਾਕਟਰਾਂ ਨੇ ਹੀ ਉਨ੍ਹਾਂ ਦੇ ਧਿਆਨ 'ਚ ਕਦੇ ਲਿਆਂਦਾ। ਇਸ ਬਾਰੇ ਵੀ ਸੰਪਰਕ ਕਰਨ 'ਤੇ ਐੱਸ. ਐੱਮ. ਓ. ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਉਹ ਪਤਾ ਲਾ ਕੇ ਕੰਪਨੀ ਦੇ ਵਰਕਰਾਂ ਤੇ ਉਥੇ ਤਾਇਨਾਤ ਹਸਪਤਾਲ ਦੇ ਸਟਾਫ਼ ਦੀ ਖਿਚਾਈ ਕਰਨਗੇ ਤੇ ਹਸਪਤਾਲ ਦੇ ਫਰਨੀਚਰ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।


Related News