ਪੰਜਾਬ ਦਾ ਇਕ ਹਸਪਤਾਲ ਅਜਿਹਾ ਵੀ, ਜਿੱਥੇ ਨਹੀਂ ਹੈ ਕੈਸ਼ ਕਾਊਂਟਰ! ਮੁਫ਼ਤ ''ਚ ਹੁੰਦਾ ਮਰੀਜ਼ਾਂ ਦਾ ਇਲਾਜ
Monday, Apr 06, 2026 - 04:38 PM (IST)
ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਇਕ ਅਜਿਹਾ ਹਾਈਕੇਅਰ ਹਸਪਤਾਲ ਚੱਲ ਰਿਹਾ ਹੈ ਜਿੱਥੇ ਮਰੀਜ਼ਾਂ ਤੋਂ ਕੋਈ ਫੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ, ਕਿਉਂਕਿ ਇੱਥੇ ਕੋਈ ਕੈਸ਼ ਕਾਊਂਟਰ ਹੀ ਨਹੀਂ ਹੈ। ਇਸ ਹਸਪਤਾਲ ਦੀ ਸ਼ੁਰੂਆਤ ਸਾਲ 2022 ਵਿਚ ਨਰ ਸੇਵਾ ਫਾਊਂਡੇਸ਼ਨ ਵੱਲੋਂ ਕੀਤੀ ਗਈ ਸੀ। ਪਿਛਲੇ 5 ਸਾਲਾਂ ਦੌਰਾਨ ਇਸ ਸੰਸਥਾ ਨੇ 25,000 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਹੈ।
ਹਸਪਤਾਲ ਵਿਚ ਕਿਡਨੀ ਦੇ ਮਰੀਜ਼ਾਂ ਲਈ ਡਾਇਲਸਿਸ ਦੀ ਸਹੂਲਤ ਬਿਲਕੁਲ ਮੁਫ਼ਤ ਹੈ। ਵਰਤਮਾਨ ਵਿਚ ਇੱਥੇ 10 ਹਾਈਟੈਕ ਮਸ਼ੀਨਾਂ ਹਨ ਅਤੇ 25 ਹੋਰ ਮਸ਼ੀਨਾਂ ਲਿਆਂਦੀਆਂ ਜਾ ਰਹੀਆਂ ਹਨ। ਮਰੀਜ਼ਾਂ ਨੂੰ ਨਾ ਸਿਰਫ਼ ਇਲਾਜ, ਸਗੋਂ ਦਵਾਈਆਂ ਅਤੇ ਖਾਣਾ ਵੀ ਮੁਫ਼ਤ ਦਿੱਤਾ ਜਾਂਦਾ ਹੈ। ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਰਗੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਮਰੀਜ਼ ਇੱਥੇ ਇਲਾਜ ਲਈ ਆਉਂਦੇ ਹਨ।
ਫਾਊਂਡੇਸ਼ਨ ਦੇ ਮੁਖੀ ਬੀ.ਡੀ. ਗੋਇਲ ਨੇ ਦੱਸਿਆ ਕਿ ਹਸਪਤਾਲ ਨੂੰ ਚਲਾਉਣ ਲਈ ਮਹੀਨੇ ਦਾ ਖ਼ਰਚਾ ਲਗਭਗ 10 ਲੱਖ ਰੁਪਏ ਆਉਂਦਾ ਹੈ, ਜਿਸ ਨੂੰ ਫਾਊਂਡੇਸ਼ਨ ਦੇ ਮੈਂਬਰ ਆਪਸੀ ਸਹਿਯੋਗ ਅਤੇ ਲੋਕਾਂ ਦੇ ਦਾਨ ਰਾਹੀਂ ਪੂਰਾ ਕਰਦੇ ਹਨ। ਹਸਪਤਾਲ ਦਾ ਮੁੱਖ ਮਕਸਦ ਉਨ੍ਹਾਂ ਗਰੀਬ ਮਰੀਜ਼ਾਂ ਦੀ ਮਦਦ ਕਰਨਾ ਹੈ ਜੋ ਮਹਿੰਗੇ ਇਲਾਜ ਅਤੇ ਦਵਾਈਆਂ ਦਾ ਖ਼ਰਚਾ ਨਹੀਂ ਉਠਾ ਸਕਦੇ। ਸੋਸ਼ਲ ਮੀਡੀਆ ਅਤੇ ਲੋਕਾਂ ਦੇ ਸਹਿਯੋਗ ਸਦਕਾ ਇਹ ਹਸਪਤਾਲ ਲੋੜਵੰਦਾਂ ਲਈ ਉਮੀਦ ਦੀ ਇੱਕ ਵੱਡੀ ਕਿਰਨ ਬਣਿਆ ਹੋਇਆ ਹੈ।
