ਹਾਲ-ਏ-ਸਿਵਲ ਹਸਪਤਾਲ : ਪੱਟੀ ਕਰਵਾਉਣ ਲਈ ਅਪਾਹਜ ਬਜ਼ੁਰਗ ਕਰਦਾ ਰਿਹਾ ਇੰਤਜ਼ਾਰ

01/06/2020 4:41:38 PM

ਲੁਧਿਆਣਾ (ਰਾਜ) : ਸਰਕਾਰ ਜ਼ਿਲੇ ਦੇ ਸਿਵਲ ਹਸਪਤਾਲ ਨੂੰ ਹਾਈਟੈੱਕ ਬਣਾਉਣਾ ਚਾਹੁੰਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਵਲ ਹਸਪਤਾਲ 'ਚ ਇਲਾਜ ਲਈ ਆਉਣ ਅਤੇ ਸੁਵਿਧਾਵਾਂ ਦਾ ਫਾਇਦਾ ਲੈ ਸਕਣ ਪਰ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ ਮਰੀਜ਼ਾਂ ਪ੍ਰਤੀ ਗੰਭੀਰ ਨਹੀਂ ਹਨ। ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪਹਿਲਾਂ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨਾਲ ਮਰੀਜ਼ਾਂ ਦੀ ਜਾਨ 'ਤੇ ਬਣ ਆਉਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਦੇਖਣ ਨੂੰ ਮਿਲਿਆ, ਜਦ ਇਕ ਅਪਾਹਜ ਬਜ਼ੁਰਗ ਆਪਣੇ ਪੈਰ 'ਤੇ ਪੱਟੀ ਬਦਲਾਉਣ ਲਈ ਸਿਵਲ ਹਸਪਤਾਲ ਆਇਆ। ਉਸ ਨੂੰ ਪੱਟੀ ਕਰਵਾਉਣ ਲਈ 2 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਬਜ਼ੁਰਗ 2 ਘੰਟੇ ਐਮਰਜੈਂਸੀ ਵ੍ਹੀਲਚੇਅਰ 'ਤੇ ਹੀ ਬੈਠਾ ਇੰਤਜ਼ਾਰ ਕਰਦਾ ਰਿਹਾ। ਉਸ ਕੋਲ ਸਟਾਫ ਨਰਸਾਂ ਵਾਰ-ਵਾਰ ਆਉਂਦੀਆਂ-ਜਾਂਦੀਆਂ ਰਹੀਆਂ ਪਰ ਉਸ ਦੀ ਪੱਟੀ ਲਈ ਕੋਈ ਤਿਆਰ ਨਹੀਂ ਸੀ।

ਛਾਉਣੀ ਮੁਹੱਲਾ ਦੇ ਰਹਿਣ ਵਾਲੇ ਨਰਿੰਦਰ ਪਾਲ ਚਾਵਲਾ ਨੇ ਦੱਸਿਆ ਕਿ ਉਹ ਲਾਟਰੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਦਾ ਇਕ ਪੈਰ ਕੱਟਿਆ ਹੋਇਆ ਹੈ, ਜਦਕਿ ਦੂਜੇ ਪਾਸੇ 'ਤੇ ਗੰਭੀਰ ਸੱਟ ਆਈ ਹੋਈ ਹੈ। ਇਸ ਲਈ ਰੋਜ਼ ਸਿਵਲ ਹਸਪਤਾਲ 'ਚ ਪੈਰ ਦੀ ਪੱਟੀ ਬਦਲਾਉਣ ਲਈ ਆਉਣਾ ਪੈਂਦਾ ਹੈ ਅਤੇ ਉਸ ਨੂੰ ਹਰ ਵਾਰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਨਰਿੰਦਰ ਚਾਵਲਾ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਉਹ 12 ਵਜੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਪੈਰ 'ਤੇ ਪੱਟੀ ਕਰਵਾਉਣ ਲਈ ਆਇਆ ਸੀ। ਉਹ 2 ਘੰਟੇ ਤੱਕ ਐਮਰਜੈਂਸੀ 'ਚ ਆਪਣੀ ਵ੍ਹੀਲਚੇਅਰ 'ਤੇ ਇੰਤਜ਼ਾਰ ਕਰਦਾ ਰਿਹਾ ਪਰ ਕਿਸੇ ਨੇ ਉਸ ਵੱਲ ਧਿਆਨ ਤੱਕ ਨਹੀਂ ਦਿੱਤਾ। ਨਰਸ ਵਾਰ-ਵਾਰ ਉਸ ਨੂੰ ਬਾਅਦ 'ਚ ਆਉਣ ਦਾ ਕਹਿ ਕੇ ਚਲੀ ਜਾਂਦੀ, ਉਹ ਹੋਰ ਸਟਾਫ ਨੂੰ ਵੀ ਕਹਿੰਦਾ ਰਿਹਾ ਪਰ ਉਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।
 


Anuradha

Content Editor

Related News