ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਸ਼ੱਕੀ ਹਾਲਤ ’ਚ ਮੌਤ
Thursday, Jul 26, 2018 - 05:45 AM (IST)

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)- ਖਰਡ਼ ਵਿਖੇ ਨਿਰਮਾਣਾ ਗ੍ਰੀਨਜ਼ ਕੰਪਲੈਕਸ ਵਿਚ ਰਹਿੰਦੇ ਇਕ ਵਿਦਿਆਰਥੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਯੂਨੀਵਰਸਿਟੀ ਵਿਚ ਸਿਵਲ ਇੰਜੀਨੀਅਰਿੰਗ ਕਰਦਾ ਸਾਹਿਲ ਚੌਧਰੀ ਪੁੱਤਰ ਮਦਨ ਮੋਹਣ ਵਾਸੀ ਫਰੀਦਾਬਾਦ ਹਰਿਆਣਾ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਹੈ ਕਿਉਂਕਿ ਉਸ ਦੇ ਮੂੰਹ ਵਿਚੋਂ ਝੱਗ ਨਿਕਲੀ ਹੋਈ ਸੀ।
ਮ੍ਰਿਤਕ ਦੇ ਦੋਸਤ ਰਜਿਤ ਅਗਰਵਾਲ ਵਾਸੀ ਲਖਨਊ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਹੀ ਉਸ ਦੀ ਸਾਹਿਲ ਚੌਧਰੀ ਨਾਲ ਦੋਸਤੀ ਹੋਈ ਸੀ ਤੇ ਉਹ ਯੂਨੀਵਰਸਿਟੀ ਦੇ ਹੋਸਟਲ ਵਿਚ ਹੀ ਰਹਿੰਦਾ ਸੀ ਪਰ 24 ਜੁਲਾਈ ਦੀ ਰਾਤ ਉਹ ਉਸ ਕੋਲ ਆ ਗਿਆ ਤੇ ਰਾਤ ਗੱਲਾਬਾਤਾਂ ਕਰਕੇ ਉਹ ਆਪਣੇ ਕਮਰੇ ਵਿਚ ਸੌਂ ਗਿਆ ਤੇ ਸਾਹਿਲ ਦੂਜੇ ਕਮਰੇ ਵਿਚ ਸੁੱਤਾ ਪਿਆ ਸੀ।
ਅੱਜ ਸਵੇਰੇ ਜਦੋਂ ਉਸ ਨੇ ਦੇਖਿਆ ਤਾਂ ਸਾਹਿਲ ਦੇ ਮੂੰਹ ਵਿਚੋਂ ਝੱਗ ਨਿਕਲੀ ਹੋਈ ਸੀ ਤੇ ਉਸ ਦਾ ਸਰੀਰ ਆਕਡ਼ਿਆ ਹੋਇਆ ਸੀ। ਮੌਕੇ ’ਤੇ ਐਂਬੂਲੈਂਸ 108 ਦੇ ਪਾਇਲਟ ਕੁਲਦੀਪ ਸਿੰਘ ਲਾਡੀ ਪੁੱਜੇ ਤੇ ਉਨ੍ਹਾਂ ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵੀਰ ਸਿੰਘ ਤੇ ਹੌਲਦਾਰ ਮੋਹਣ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਾਹਿਲ ਦੀ ਮੌਤ ਦਾ ਕੀ ਕਾਰਨ ਹੈ।