ਸ਼ਹਿਰ ''ਚ ਸਿਟੀ ਬੱਸ ਸਰਵਿਸ ਚਲਾਉਣ ਦਾ ਪ੍ਰਪੋਜ਼ਲ ਕੈਂਸਲ

Wednesday, Mar 07, 2018 - 02:43 PM (IST)

ਮੋਹਾਲੀ (ਰਾਣਾ) : ਸ਼ਹਿਰ ਵਿਚ ਸਿਟੀ ਬੱਸ ਸਰਵਿਸ ਸ਼ੁਰੂ ਕਰਵਾਉਣ ਲਈ ਨਗਰ ਨਿਗਮ ਨੇ ਕਾਫੀ ਸਮੇਂ ਤੋਂ ਕੇਂਦਰ ਨੂੰ ਪ੍ਰਪੋਜ਼ਲ ਭੇਜਿਆ ਹੋਇਆ ਹੈ ਪਰ ਉਸ ਦਾ ਅਜੇ ਤਕ ਇਕ ਵੀ ਜਵਾਬ ਨਹੀਂ ਆਇਆ, ਜਦੋਂਕਿ ਨਿਗਮ ਵਲੋਂ ਰਿਮਾਈਂਡਰ ਭੇਜਿਆ ਜਾ ਚੁੱਕਾ ਹੈ । ਨਿਯਮ ਦੱਸਦੇ ਹਨ ਕਿ ਕੇਂਦਰ ਨੇ ਇਸ ਪ੍ਰਪੋਜ਼ਲ ਨੂੰ ਕੈਂਸਲ ਕਰ ਦਿੱਤਾ ਹੈ ਪਰ ਫਿਲਹਾਲ ਸਰਕਾਰੀ ਤੌਰ 'ਤੇ ਕੋਈ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ, ਜਦੋਂ ਕਿ ਨਗਰ ਨਿਗਮ ਨੇ 1 ਕਰੋੜਾਂ ਰੁਪਏ ਦਾ ਬਜਟ ਸਿਟੀ ਬੱਸ ਸਰਵਿਸ ਲਈ ਰੱਖਿਆ ਹੋਇਆ ਸੀ, ਜੋ ਇੰਝ ਹੀ ਪਿਆ ਹੈ ਤੇ ਨਾਲ ਹੀ ਆਖਰੀ ਮਹੀਨਾ ਮਾਰਚ 2018 ਵੀ ਸ਼ੁਰੂ ਹੋ ਚੁੱਕਾ ਹੈ ।   
ਲੋਕਾਂ ਨੂੰ ਆਉਂਦੀਆਂ ਹਨ ਦਿੱਕਤਾਂ
ਜਾਣਕਾਰੀ ਅਨੁਸਾਰ ਬੱਸਾਂ ਦੇ ਰੂਟ ਤਕ ਤਿਆਰ ਹੋ ਗਏ ਹਨ । ਅਜੇ ਲੋਕਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਜਾਂ ਹੋਰ ਇੰਟਰਨਲ ਸੈਕਟਰਾਂ ਵਿਚ ਆਉਣ-ਜਾਣ ਵਾਲਿਆਂ ਨੂੰ ਆਟੋ ਰਿਕਸ਼ਾ ਦਾ ਹੀ ਸਹਾਰਾ ਲੈਣਾ ਪੈ ਰਿਹਾ ਹੈ । ਸ਼ਹਿਰ ਵਾਸੀਆਂ ਨੂੰ 40 ਸਾਲ ਬੀਤ ਚੁੱਕੇ ਹਨ ਪਰ ਅਜੇ ਤਕ ਇਥੇ ਸਿਟੀ ਬੱਸ ਸਰਵਿਸ ਸ਼ੁਰੂ ਨਹੀ ਹੋ ਸਕੀ । ਅਜੇ ਤਕ ਵੀ ਸ਼ਹਿਰ ਦੇ ਲੋਕ ਚੰਡੀਗੜ੍ਹ ਦੀ ਬੱਸ ਸਰਵਿਸ ਦੇ ਸਹਾਰੇ ਹਨ ਪਰ ਰਾਤ ਸਮੇਂ ਹਾਲਤ ਬਿਲਕੁਲ ਮਾੜੀ ਹੋ ਜਾਂਦੀ ਹੈ ਕਿਉਂਕਿ ਉਥੇ ਕੋਈ ਬੱਸ ਨਾ ਹੋਣ ਕਾਰਨ ਲੋਕਾਂ ਨੂੰ ਆਟੋ ਜਾਂ ਹੋਰ ਸਰਵਿਸ ਦਾ ਸਹਾਰਾ ਲੈਣਾ ਪੈਂਦਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਲੜਕੀ ਨਾਲ ਛੇੜਛਾੜ ਦਾ ਕੇਸ ਵੀ ਸਾਹਮਣੇ ਆ ਚੁੱਕਾ ਹੈ । ਇਕ ਲੜਕੀ ਨੂੰ ਨੌਜਵਾਨ ਅਗਵਾ ਕਰਕੇ ਲੈ ਗਿਆ ਸੀ । ਬਾਅਦ ਵਿਚ ਲੜਕੀ ਬੜੀ ਮੁਸ਼ਕਲ ਨਾਲ ਬਚੀ ਸੀ । ਹਾਲਾਂਕਿ ਉਸ ਸਮੇਂ ਵੀ ਬੱਸ ਸਰਵਿਸ ਚਲਾਉਣ ਦੀ ਮੰਗ ਉੱਠੀ ਸੀ ।  
14 ਰੂਟ ਵੀ ਕੀਤੇ ਤਿਆਰ
ਬੱਸ ਸਰਵਿਸ ਲਈ 14 ਰੂਟ ਤੈਅ ਕੀਤੇ ਗਏ ਹਨ । ਇਸ 'ਤੇ 87 ਬੱਸਾਂ ਚਲਾਉਣ ਦੀ ਯੋਜਨਾ ਹੈ । ਬੱਸਾਂ ਪੂਰੀ ਤਰ੍ਹਾਂ ਗਰਿਡ ਸਿਸਟਮ 'ਤੇ ਚੱਲਣਗੀਆਂ । ਹਰ 20 ਮਿੰਟਾਂ ਬਾਅਦ ਬੱਸਾਂ ਦੀ ਸਰਵਿਸ ਹੋਵੇਗੀ । ਸਿਟੀ ਬੱਸ ਸਰਵਿਸ (ਟੋਕਨ ਪ੍ਰੋਵੀਜ਼ਨ) ਲਈ 1 ਕਰੋੜ ਦੀ ਰਾਸ਼ੀ ਤੈਅ ਕੀਤੀ ਗਈ ਸੀ, ਜੋ ਕਿ ਬਿਨਾਂ ਕੰਮ ਹੋਇਆਂ ਪਈ ਹੋਈ ਹੈ । 
ਪੀ. ਆਰ. ਟੀ. ਸੀ. ਦੀ ਯੋਜਨਾ ਵੀ ਅੱਧ-ਵਿਚਾਲੇ 
ਪੀ. ਆਰ. ਟੀ. ਸੀ. ਨੇ 20 ਰੂਟਾਂ 'ਤੇ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਸੀ । ਬਾਕਾਇਦਾ ਇਸ ਲਈ ਸਰਵੇ ਵੀ ਕੀਤਾ ਗਿਆ ਸੀ । ਸਰਵੇ ਵਿਚ ਸਾਰੇ ਏਰੀਏ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਵਿਚ ਇੰਡਸਟਰੀਅਲ ਏਰੀਏ ਤੋਂ ਲੈ ਕੇ ਚੀਜਾਂ ਸ਼ਾਮਲ ਸਨ ਪਰ ਇਹ ਪ੍ਰਾਜੈਕਟ ਵੀ ਅੱਧ-ਵਿਚਕਾਰ ਲਟਕਿਆ ਹੋਇਆ ਹੈ, ਇਸ ਵੱਲ ਵੀ ਕੋਈ ਧਿਆਨ ਨਹੀਂ ਦੇ ਰਿਹਾ। ਇਸ ਤੋਂ ਤਾਂ ਅਜਿਹਾ ਲਗਦਾ ਹੈ ਕਿ ਵਿਭਾਗ ਸਿਰਫ ਯੋਜਨਾ ਬਣਾਉਣ ਤਕ ਹੀ ਸੀਮਤ ਹੈ ।
 


Related News