ਪੜ੍ਹੇ ਲਿਖੇ ਲੋਕ ਵੀ ਨਾਗਰਿਕਤਾ ਸੋਧ ਮਾਮਲੇ ''ਚ ਦਿਖਾ ਰਹੇ ਨਾਸਮਝੀ : ਸਾਂਪਲਾ
Saturday, Dec 21, 2019 - 12:27 AM (IST)
![ਪੜ੍ਹੇ ਲਿਖੇ ਲੋਕ ਵੀ ਨਾਗਰਿਕਤਾ ਸੋਧ ਮਾਮਲੇ ''ਚ ਦਿਖਾ ਰਹੇ ਨਾਸਮਝੀ : ਸਾਂਪਲਾ](https://static.jagbani.com/multimedia/2019_12image_00_27_256688065sampla.jpg)
ਚੰਡੀਗੜ੍ਹ,(ਭੁੱਲਰ) : ਪੰਜਾਬ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿਟੀਜ਼ਨ ਸੋਧ ਐਕਟ ਨਾ ਲਾਗੂ ਕਰਕੇ ਸੈਂਕੜੇ ਸ਼ਰਨਾਰਥੀ ਪਰਿਵਾਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸ਼ਰਨਾਰਥੀ ਪਰਿਵਾਰਾਂ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਅਜਿਹੇ ਸ਼ਰਨਾਰਥੀਆਂ ਨੂੰ ਭਾਰਤੀ ਕਹਾਉਣ ਦੀ ਮੋਹਲਤ ਦੇਣ ਦੇ ਪੱਖ 'ਚ ਨਹੀਂ ਜਾਪਦੀ।
ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਦੇਸ਼ 'ਚ ਇੱਕ ਅਜਿਹਾ ਮਾਹੌਲ ਸਿਰਜ ਰਹੀਆਂ ਹਨ, ਜਿਹੜਾ ਦੇਸ਼ ਵਾਸੀਆਂ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀਆਂ ਦੇ ਪੜ੍ਹੇ ਲਿਖੇ ਲੋਕ ਜਿਨ੍ਹਾਂ 'ਚ ਵਿਦਿਆਰਥੀ ਤੇ ਪ੍ਰੋਫੈਸਰ ਸ਼ਾਮਿਲ ਹਨ, ਵੀ ਨਾਗਰਿਤਾ ਸੋਧ ਬਿਲ ਦਾ ਵਿਰੋਧ ਕਰਕੇ ਸਮਝਦਾਰ ਹੋਣ ਦੇ ਬਾਵਜੂਦ ਨਾਸਮਝੀ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਰਾਜਸੀ ਪਾਰਟੀਆਂ ਦੀ ਸਾਜਿਸ਼ ਹੈ, ਜੋ ਸੰਵਿਧਾਨ ਨੂੰ ਸਮਝਣ ਦੀ ਕੋਸ਼ਿਸ ਨਹੀਂ ਕਰਨਾ ਚਾਹੁੰਦੇ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਡਿਪਟੀ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਵੀ ਹਾਜ਼ਰ ਸਨ। ਇਸ ਮੌਕੇ ਹਾਜ਼ਰ ਕੁੱਝ ਸ਼ਰਨਾਰਥੀ ਪਰਿਵਾਰਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਸੋਧ ਬਿਲ ਦਾ ਸਮਰਥਨ ਕੀਤਾ।