ਸਾਲ-2023 ਦਾ ਲੇਖਾ-ਜੋਖਾ, ਸੀ. ਆਈ. ਏ. ਸਟਾਫ਼ ਪਟਿਆਲਾ ਨੇ 20 ਤੋਂ ਜ਼ਿਆਦਾ ਅੰਨ੍ਹੇ ਕਤਲ ਦੇ ਕੇਸ ਸੁਲਝਾਏ

Thursday, Dec 28, 2023 - 04:42 PM (IST)

ਸਾਲ-2023 ਦਾ ਲੇਖਾ-ਜੋਖਾ, ਸੀ. ਆਈ. ਏ. ਸਟਾਫ਼ ਪਟਿਆਲਾ ਨੇ 20 ਤੋਂ ਜ਼ਿਆਦਾ ਅੰਨ੍ਹੇ ਕਤਲ ਦੇ ਕੇਸ ਸੁਲਝਾਏ

ਪਟਿਆਲਾ (ਬਲਜਿੰਦਰ) : ਸੀ. ਆਈ. ਏ. ਸਟਾਫ਼ ਪਟਿਆਲਾ ਨੇ ਲੰਘੇ ਵਰ੍ਹੇ ਦੌਰਾਨ ਜਿੱਥੇ ਗੈਂਗਸਟਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਨੱਕ ’ਚ ਦਮ ਕਰ ਕੇ ਰੱਖਿਆ, ਉੱਥੇ ਕਤਲ ਕਰ ਕੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਣ ਵਾਲਿਆਂ ਨੂੰ ਵੀ ਲੱਭ-ਲੱਭ ਕੇ ਬਾਹਰ ਕੱਢਿਆ। ਸੀ. ਆਈ. ਏ. ਸਟਾਫ਼ ਪਟਿਆਲਾ ਨੇ ਇਕ ਸਾਲ ਦੌਰਾਨ 20 ਦੇ ਕਰੀਬ ਅੰਨ੍ਹੇ ਕਤਲ ਦੀਆਂ ਗੁੱਥੀਆਂ ਨੂੰ ਸੁਲਝਾ ਕੇ ਉਨ੍ਹਾਂ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ। ਅਹਿਮ ਗੱਲ ਇਹ ਰਹੀ ਕਿ ਗੈਂਗਸਟਰਾਂ ਦੇ ਐਨਕਾਊਂਟਰ ਹੋਏ ਅਤੇ 50 ਤੋਂ ਜ਼ਿਆਦਾ ਹਥਿਆਰ ਵੀ ਸੀ. ਆਈ. ਏ. ਸਟਾਫ਼ ਪਟਿਆਲਾ ਨੇ ਬਰਾਮਦ ਕੀਤੇ। ਇਨ੍ਹਾਂ ’ਚੋਂ ਬਹੁਤ ਜ਼ਿਆਦਾ ਕੇਸ ਅਜਿਹੇ ਸਨ, ਜਿਹੜੇ ਬਿਲਕੁੱਲ ਬਲਾਈਂਡ ਹੋਣ ਦੇ ਬਾਵਜੂਦ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ ਟ੍ਰੇਸ ਕੀਤਾ, ਜਿਸ ਲਈ ਡੀ. ਜੀ. ਪੀ. ਪੰਜਾਬ ਗੌਰਵ ਯਾਦਵ, ਜ਼ਿਲ੍ਹਾ ਮੁਖੀ ਐੱਸ. ਐੱਸ. ਪੀ. ਵਰੁਣ ਸ਼ਰਮਾ, ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਅਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਵੱਲੋਂ ਹਮੇਸ਼ਾ ਸੀ. ਆਈ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਪਿੱਠ ਥਾਪੜੀ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨਹੀਂ ਹੋਏ ‘ਸਿਟ’ ਅੱਗੇ ਪੇਸ਼, ਹੁਣ ਇਸ ਤਾਰੀਖ਼ ਨੂੰ ਮੁੜ ਪੇਸ਼ ਹੋਣ ਦੇ ਹੁਕਮ

20 ਦੇ ਕਰੀਬ ਅੰਨੇ ਕਤਲਾਂ ਨੂੰ ਕੀਤਾ ਟਰੇਸ
ਸਾਲ 2023 ਦੇ ਚੜਦੇ ਪਹਿਲੇ ਮਹੀਨੇ ’ਚ ਹੀ 3 ਅੰਨ੍ਹੇ ਕਤਲ ਹੋਏ ਸੀ, ਜਿਨ੍ਹਾਂ ’ਚ ਜਸਵੀਰ ਸਿੰਘ ਦਾ ਕਤਲ ਭਾਦਸੋਂ ਏਰੀਆ ’ਚ ਹੋਇਆ ਸੀ, ਜੋ ਕਿ ਪਤਨੀ ਨੇ ਆਪਣੇ ਆਸ਼ਕ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸੀ। ਅਜੇ ਕੁਮਾਰ ਦਾ ਕਤਲ ਬਨੂੜ ਏਰੀਆ ’ਚ ਹੋਇਆ ਸੀ, ਜੋ ਪਤਨੀ ਨੇ ਹੀ ਆਪਣੇ ਆਸ਼ਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਕਰਵਾਇਆ ਸੀ। ਜਤਿੰਦਰ ਸਿੰਘ ਦਾ ਕਤਲ ਘਨੌਰ ਏਰੀਆ ’ਚ ਹੋਇਆ ਸੀ, ਜੋ ਦੋਸ਼ੀ ਵੱਲੋਂ ਆਪਣੀ ਪੁਰਾਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ, ਨੂੰ ਟਰੇਸ ਕੀਤਾ ਗਿਆ। ਇਨ੍ਹਾਂ ਤਿੰਨਾਂ ਕਤਲਾਂ ਨੂੰ ਹੱਲ ਕਰ ਕੇ ਪਿਛਲੇ ਸਾਰੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਸ ਤੋਂ ਬਿਨ੍ਹਾਂ ਪਟਿਆਲਾ ’ਚ ਹੋਏ 2 ਸਨਸਨੀਖੇਜ ਦੋਹਰੇ ਕਤਲ ਕੇਸ ਵੀ ਸੀ. ਆਈ. ਏ. ਪਟਿਆਲਾ ਨੇ ਟਰੇਸ ਕੀਤੇ ਜਿਸ ’ਚ ਪੁਰਾਣੇ ਬੱਸ ਸਟੈਂਡ ਪਟਿਆਲਾ ਨੇੜੇ ਪੈਂਦੀ ਰੇਹੜੀ ਮਾਰਕੀਟ ਵਿਖੇ ਨਕੁਲ ਅਤੇ ਅਨਿਲ ਕੁਮਾਰ ਉਰਫ ਛੋਟੂ ਦੇ ਹੋਏ ਕਤਲਾਂ ਨੂੰ ਟ੍ਰੇਸ ਕੀਤਾ। ਥਾਣਾ ਤ੍ਰਿਪੜੀ ਏਰੀਆ ’ਚ ਲੁੱਟ ਕਰਨ ਦੀ ਨੀਅਤ ਨਾਲ ਮਾਂ-ਪੁੱਤ ਦੇ ਹੋਏ ਸਨਸਨੀਖੇਜ਼ ਦੋਹਰੇ ਕਤਲ ਕੇਸ ਨੂੰ ਵੀ ਟ੍ਰੇਸ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜੁਲਾਈ-2023 ’ਚ ਸ਼ਹਿਰ ਪਾਤੜਾਂ ਵਿਖੇ ਹੋਏ 15 ਸਾਲ ਦੀ ਕੁੜੀ ਖੁਸ਼ਪ੍ਰੀਤ ਕੌਰ ਨਾਲ ਜਬਰ-ਜ਼ਨਾਹ ਤੋਂ ਬਾਅਦ ਗਲਾ ਘੁੱਟ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਵੀ ਮਹਿਜ 24 ਘੰਟੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੀਪਕ ਮੱਟੂ ਕਤਲ ਕੇਸ ਸਨੌਰ ਦੇ ਏਰੀਆ, ਜੋਗਿੰਦਰ ਕੌਰ ਕਤਲ ਕੇਸ ਥਾਣਾ ਸ਼ੰਭੂ ਦੇ ਏਰੀਆ, ਕਮਲਪ੍ਰਿੰਸ ਸਿੰਘ ਕਤਲ ਕੇਸ ਥਾਣਾ ਸਦਰ ਨਾਭਾ ਦੇ ਏਰੀਆ, ਸਵਰਨ ਸਿੰਘ ਰੇਹੜੀ ਮਾਰਕੀਟ ਨੇੜੇ ਪੁਰਾਣਾ ਬੱਸ ਸਟੈਂਡ ਪਟਿਆਲਾ ਨੇੜੇ ਥਾਣਾ ਲਾਹੌਰੀ ਗੇਟ, ਬਲਵਿੰਦਰ ਸਿੰਘ ਵਾਸੀ ਪਿੰਡ ਪਬਰੀ ਕਤਲ ਕੇਸ ਅਤੇ ਐੱਨ. ਆਰ. ਆਈ. ਦੀ ਮਾਤਾ ਰਣਧੀਰ ਕੌਰ ਕਤਲ ਕੇਸ ਥਾਣਾ ਖੇੜੀ ਗੰਡਿਆਂ ਦੇ ਏਰੀਆ ਅਤੇ ਬੈਂਕ ਮੈਨੇਜਰ ਬਲਬੀਰ ਸਿੰਘ ਚਹਿਲ ਕਤਲ ਕੇਸ ਥਾਣਾ ਸਿਵਲ ਲਾਈਨ ਦੇ ਏਰੀਆ ’ਚ ਹੋਇਆ ਸੀ। ਇਸ ਤੋਂ ਬਿਨ੍ਹਾਂ ਥਾਣਾ ਸ਼ੰਭੂ ਅਤੇ ਥਾਣਾ ਸਿਟੀ ਰਾਜਪੁਰਾ ਦੇ ਏਰੀਆ ’ਚ ਹੋਏ ਕਤਲਾਂ ਨੂੰ ਟ੍ਰੇਸ ਕਰ ਕੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕੀਤਾ। ਇਹ ਕਤਲ ਦੇ ਦੋਸ਼ੀਆਨ ਨੂੰ ਪੰਜਾਬ ਤੋਂ ਬਿਨ੍ਹਾਂ ਯੂ. ਪੀ., ਬਿਹਾਰ ਅਤੇ ਹਰਿਆਣਾ ਤੋਂ ਵੀ ਸੀ. ਆਈ. ਏ. ਪਟਿਆਲਾ ਦੀਆਂ ਪੁਲਸ ਪਾਰਟੀਆਂ ਨੇ ਗ੍ਰਿਫ਼ਤਾਰ ਕੀਤਾ।ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 50 ਤੋਂ ਵੀ ਵੱਧ ਹਥਿਆਰ ਬਰਾਮਦ ਕੀਤੇ ਜਿਸ ’ਚ ਵਿਦੇਸ਼ੀ ਪਿਸਟਲ ਸ਼ਾਮਲ ਹਨ ਅਤੇ 2 ਗੈਗਸਟਰਾਂ ਪਵਨ ਵਾਸੀ ਤਫੱਜ਼ਲਪੁਰਾ ਦਾ ਫਰਵਰੀ 2023 ਅਤੇ ਮਲਕੀਤ ਸਿੰਘ ਉਰਫ ਚਿੱਟਾ ਦਾ ਦਸੰਬਰ 2023 ’ਚ ਪੁਲਸ ਨਾਲ ਐਨਕਾਊਂਟਰ ਹੋਏ, ਜਿਸ ’ਚ ਇਹ ਦੋਵੇਂ ਗੈਂਗਸਟਰ ਜ਼ਖਮੀ ਹੋਏ। ਇਸ ਤਰ੍ਹਾਂ ਹੀ ਪਟਿਆਲਾ ਪੁਲਸ ਨੇ ਗੈਂਗਸਟਰਾਂ ਵਿਰੁੱਧ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਸੰਗੀਨ ਜੁਰਮਾਂ ’ਚ ਭਗੌੜੇ ਅਤੇ ਲੋੜੀਂਦੇ ਕ੍ਰਿਮੀਨਲਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਅਸਲਾ ਐਮੂਨੀਸ਼ਨ ਦੀ ਵੀ ਕਾਫੀ ਬਰਾਮਦਗੀ ਕੀਤੀ ਗਈ।

ਇਹ ਵੀ ਪੜ੍ਹੋ : ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ ਮਾਪਿਆਂ ਲਈ ਅਹਿਮ ਖ਼ਬਰ, ਜਲੰਧਰ ਦੇ ਡੀ. ਸੀ. ਨੇ ਕੀਤੀ ਇਹ ਅਪੀਲ

ਪਟਿਆਲਾ ਪੁਲਸ ਵੱਲੋਂ ਵੱਖ-ਵੱਖ ਗੈਂਗਸਟਰ ਗਰੁੱਪਾਂ ਦੇ ਸੰਗੀਨ ਜ਼ੁਰਮਾਂ ’ਚ ਸ਼ਾਮਲ ਰਹੇ ਭਗੌੜੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਵਿਅਕਤੀ ਵੀ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾਂ ਆਦਿ ਦੇ ਮੁਕੱਦਮਿਆਂ ’ਚ ਪੁਲਸ ਨੂੰ ਲੌੜੀਂਦੇ ਸੀ। ਇਸ ਤੋਂ ਬਿਨ੍ਹਾਂ ਸੰਗੀਨ ਜ਼ੁਰਮਾਂ ’ਚ ਭਗੌੜੇ ਅਤੇ ਖਤਰਨਾਕ ਅਪਰਾਧੀਆਂ ਅਤੇ ਗੈਂਗਸਟਰਾਂ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ, ਨਰਿੰਦਰ ਸ਼ਰਮਾ ਉਰਫ ਸ਼ੰਕਰ, ਗੁਰਪ੍ਰੀਤ ਸਿੰਘ ਉਰਫ ਲਾਡੀ ਕਾਣਾ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਹਰਪ੍ਰੀਤ ਸਿੰਘ ਉਰਫ ਹੈਪੀ ਜੂਸ ਵਾਲਾ, ਗੁਰਪ੍ਰੀਤ ਸਿੰਘ ਉਰਫ ਟੱਲੀ, ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ, ਯਸ਼ਵੇਦ ਉਰਫ ਯੋਧਾ ਅਤੇ ਸਾਹਿਲ ਉਰਫ ਕਾਲਾ ਜੋ ਕਿ ਭਿੰਦਾ ਕਤਲ ਕੇਸ ’ਚ ਕਾਫੀ ਸਮੇਂ ਤੋਂ ਭਗੌਡ਼ਾ ਸੀ, ਨੂੰ ਵੀ ਗ੍ਰਿਫਤਾਰ ਕੀਤਾ। ਇਨ੍ਹਾਂ ਤੋਂ ਕਾਫੀ ਹਥਿਆਰ ਵੀ ਬਰਾਮਦ ਕੀਤੇ। ਪਟਿਆਲਾ ਪੁਲਸ ਵੱਲੋਂ ਪਟਿਆਲਾ ’ਚ ਗੈਂਗਵਾਰ ਨੂੰ ਵੀ ਕਾਫੀ ਨੱਥ ਪਾ ਕੇ ਰੱਖੀ, ਜਿਸ ਨਾਲ ਕਈ ਵੱਡੀਆਂ ਵਾਰਦਾਤਾਂ ਨੂੰ ਵੀ ਟਾਲਿਆ ਜਾ ਸਕਿਆ। ਇਸ ਤੋਂ ਬਿਨ੍ਹਾਂ ਨਾਰਕੋ ਟੈਰੋਰਿਜ਼ਮ ਨਾਲ ਕਰਾਸ ਬਾਰਡਰ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਅਤੇ ਜਾਸੂਸੀ ਕਰਨ ਵਾਲੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ। ਇਸ ਗਿਰੋਹ ਦਾ ਵੀ ਪਰਦਾਫਾਸ਼ ਕਰ ਕੇ ਮੁੱਖ ਦੋਸ਼ੀ ਅਮਰੀਕ ਸਿੰਘ ਉਰਫ ਅਮਰੀਕ ਦੇਧਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਸ ਤੋਂ ਕਿ ਵਿਦੇਸ਼ੀ ਪਿਸਟਲ ਵੀ ਬਰਾਮਦ ਹੋਏ। ਇਸ ਦੇ ਦੋਸ਼ੀ ਸਾਥੀ ਫੌਜੀ ਮਨਪ੍ਰੀਤ ਸ਼ਰਮਾ ਵਾਸੀ ਪਿੰਡ ਬਲਬੇੜਾ ਨੂੰ ਭੋਪਾਲ (ਮੱਧ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ।ਅਮਰੀਕ ਸਿੰਘ ਉਰਫ਼ ਅਮਰੀਕ ਦੇਧਨਾਂ ਦੇ ਇਕ ਹੋਰ ਸਾਥੀ ਨੰਦ ਸਿੰਘ ਜਿਸ ਦੇ ਸਬੰਧ ਬੱਬਰ ਖਾਲਸਾ ਦੇ ਅੱਤਵਾਦੀ ਜਗਤਾਰ ਸਿੰਘ ਉਰਫ਼ ਹਵਾਰਾ ਅਤੇ ਜਗਤਾਰ ਸਿੰਘ ਉਰਫ਼ ਤਾਰਾ ਨਾਲ ਸਨ ਅਤੇ ਬੁੜੈਲ ਜੇਲ ਕਾਂਡ ’ਚ ਸ਼ਾਮਲ ਸੀ, ਨੂੰ ਵੀ ਗ੍ਰਿਫਤਾਰ ਕੀਤਾ, ਜਿਸ ਤੋਂ ਅਸਲੇ ਦੀ ਬਰਾਮਦਗੀ ਹੋਈ।

ਇਹ ਵੀ ਪੜ੍ਹੋ : ਪਹਿਲੀ ਵਾਰ ਕ੍ਰਿਸਮਸ ਦੀ ਰਾਤ ਸਭ ਤੋਂ ਵੱਧ ਤਾਪਮਾਨ, ਅਗਲੇ 4 ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ

ਚੋਰੀ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ
ਸੀ. ਆਈ. ਏ. ਪਟਿਆਲਾ ਵੱਲੋਂ ਗੈਸ ਏਜੰਸੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਵੀ 5 ਮੈਂਬਰ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਪਟਿਆਲਾ ਅਤੇ ਸੰਗਰੂਰ ’ਚ 12 ਦੇ ਕਰੀਬ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਹੋਈਆਂ ਸੀ। ਇਸ ਤੋਂ ਇਲਾਵਾ ਪਾਤੜਾਂ ਕਾਰ ਬਾਜ਼ਾਰ ’ਚੋਂ ਖੋਹ ਹੋਈ ਫਾਰਚੂਨਰ ਗੱਡੀ ਨੂੰ ਵੀ 48 ਘੰਟਿਆਂ ਅੰਦਰ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰ ਕੇ ਬਰਾਮਦ ਕੀਤੀ ਗਈ ਸੀ, ਜੋ ਇਹ ਦੋਸ਼ੀਆਨ ਨੇ ਜ਼ਿਲ੍ਹਾ ਬਰਨਾਲਾ ਵਿਖੇ ਕਿਸੇ ਕਤਲ ਕਾਂਡ ਨੂੰ ਅੰਜਾਮ ਦੇਣਾ ਸੀ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਈ 2023 ’ਚ ਦੇਰ ਰਾਤ ਸੱਟਾਂ ਮਾਰ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 12 ਦੋਸ਼ੀਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਤੋਂ ਵੀ ਭਾਰੀ ਮਾਤਰਾ ’ਚ ਲੁੱਟੇ ਹੋਏ ਸਾਮਾਨ ਅਤੇ ਹਥਿਆਰਾਂ ਆਦਿ ਦੀ ਬਰਾਮਦਗੀ ਹੋਈ ਸੀ।ਇਸੇ ਤਰ੍ਹਾਂ ਇਕ ਟਿੰਡਰ ਐਪ ਦੇ ਜ਼ਰੀਏ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਿਨ੍ਹਾਂ ਦਰਜਨ ਤੋਂ ਵੱਧ ਚੋਰੀ ਅਤੇ ਖੋਹਾਂ ਕਰਨ ਵਾਲੇ ਗਿਰੋਹ ਦੇ 30 ਦੇ ਕਰੀਬ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੋਸ਼ੀਆਨ ਦੀ ਗ੍ਰਿਫਤਾਰੀ ਨਾਲ ਜ਼ਿਲ੍ਹਾ ਪਟਿਆਲਾ ਦੇ ਏਰੀਆ ’ਚ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ 100 ਤੋਂ ਵੱਧ ਵਾਰਦਾਤਾਂ ਵੀ ਟਰੇਸ ਹੋਈਆਂ। ਇਸ ਤੋਂ ਬਿਨ੍ਹਾਂ ਨਸ਼ਾ-ਸਮੱਗਲਰਾਂ ਅਤੇ ਸ਼ਰਾਬ ਦੇ ਸਮੱਗਲਰਾਂ ਖ਼ਿਲਾਫ਼ ਵੀ ਕਾਫੀ ਮਾਤਰਾ ’ਚ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਸਮੁੱਚੇ ਖਤਰਨਾਕ ਮਾਮਲਿਆਂ ਨੂੰ ਟ੍ਰੇਸ ਕਰਨ ’ਚ ਕੀਤੀ ਯੋਗ ਅਗਵਾਈ
ਸਾਲ-2023 ’ਚ ਪਟਿਆਲਾ ਪੁਲਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੌਰਾਨ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਸਮੁੱਚੇ ਖ਼ਤਰਨਾਕ ਮਾਮਲਿਆਂ ’ਚ ਯੋਗ ਅਗਵਾਈ ਕੀਤੀ। ਸੀ. ਆਈ. ਏ. ਸਟਾਫ਼ ਨੂੰ ਜਿਹੜੇ ਟਾਸਕ ਉਨ੍ਹਾਂ ਵੱਲੋਂ ਦਿੱਤੇ ਗਏ ਉਨ੍ਹਾਂ ਟਾਸਕਾਂ ’ਚ ਇੰਚਾਰਜ ਇੰਸ. ਸ਼ਮਿੰਦਰ ਸਿੰਘ ਹਮੇਸ਼ਾ ਐੱਸ. ਐੱਸ. ਪੀ. ਤੋਂ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਦੇ ਰਹੇ। ਐੱਸ. ਐੱਸ. ਪੀ. ਵਰੁਣ ਸ਼ਰਮਾ ਵੱਲੋਂ ਹਰ ਪੱਖੋਂ ਅਪਰਾਧੀਆਂ ਨੂੰ ਨੱਥ ਪਾਉਣ ’ਚ ਦਿੱਤੀ ਖੁੱਲ੍ਹ ਦਾ ਵੀ ਸੀ. ਆਈ. ਏ. ਸਟਾਫ਼ ਨੂੰ ਵੱਡਾ ਲਾਭ ਮਿਲਿਆ। ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਨਾਲ ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ ਅਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਵੱਲੋਂ ਹਮੇਸ਼ਾ ਜਿੱਥੇ ਹਰੇਕ ਆਪਰਾਧਿਕ ਗਤੀਵਿਧੀ ਨੂੰ ਹੱਲ ਕਰਨ ’ਚ ਸੀ. ਆਈ. ਏ. ਸਟਾਫ਼ ਨੂੰ ਦਿਸ਼ਾ-ਨਿਰਦੇਸ਼ ਦਿੱਤੇ, ਉੱਥੇ ਜਿੱਥੇ ਕਿਤੇ ਵੀ ਘਾਟ ਆਈ ਤਾਂ ਉਨ੍ਹਾਂ ਨੇ ਅੱਗੇ ਹੋ ਕੇ ਅਗਵਾਈ ਕੀਤੀ।

ਇਹ ਵੀ ਪੜ੍ਹੋ : ਸੰਘਣੀ ਧੁੰਦ ਦੀ ਚਿਤਾਵਨੀ ਵਿਚਾਲੇ ਪੰਜਾਬ ’ਚ ਅਲਰਟ ਜਾਰੀ, ਅਗਲੇ ਦਿਨਾਂ ’ਚ ਰੰਗ ਵਿਖਾਏਗੀ ਧੁੰਦ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News