ਚੋਰ ਗਿਰੋਹ ਸਰਗਰਮ, 7 ਪਸ਼ੂ ਕੀਤੇ ਚੋਰੀ

04/26/2018 6:42:43 AM

ਲਾਂਬੜਾ, (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਨਜ਼ਦੀਕੀ ਪਿੰਡ ਬਸ਼ੇਸ਼ਰਪੁਰ ਅਤੇ ਕੋਹਾਲਾ ਤੋਂ ਬੀਤੀ ਰਾਤ ਚੋਰ ਗਿਰੋਹ ਨੇ ਕਿਸਾਨਾਂ ਦੇ 7 ਕੀਮਤੀ ਪਸ਼ੂ ਚੋਰੀ ਕਰ ਲਏ। ਚੋਰਾਂ ਨੇ ਇਕ ਕਿਸਾਨ ਨੂੰ ਰਾਤ ਭਰ ਕਮਰੇ 'ਚ ਬੰਦ ਕਰੀ ਰੱਖਿਆ। 
ਪਿੰਡ ਬਸ਼ੇਸ਼ਰਪੁਰ ਦੇ ਪੀੜਤ ਕਿਸਾਨ ਰਜਮੇਲ ਸਿੰਘ ਨੇ ਦੱਸਿਆ ਕਿ ਠੱਕਰਾਂ ਵਾਲਾ ਗੁਰਦੁਆਰਾ ਵੱਲ ਉਨ੍ਹਾਂ ਦਾ ਖੂਹ ਹੈ। ਉਥੇ ਉਨ੍ਹਾਂ ਦੇ ਇਕ ਦਰਜਨ ਪਸ਼ੂ ਹਨ। ਰਾਤ ਸਮੇਂ ਪਸ਼ੂਆਂ ਦੀ ਰਖਵਾਲੀ ਲਈ ਉਨ੍ਹਾਂ ਦੇ ਪਿਤਾ ਗੁਰਬਖਸ਼ ਸਿੰਘ ਖੂਹ 'ਤੇ ਰਹਿੰਦੇ ਹਨ। ਬੀਤੀ ਰਾਤ ਜਦ ਉਨ੍ਹਾਂ ਦੇ ਪਿਤਾ ਕਮਰੇ ਵਿਚ ਆਰਾਮ ਕਰ ਰਹੇ ਸਨ ਤਾਂ ਚੋਰਾਂ ਨੇ ਉਨ੍ਹਾਂ ਦੇ ਪਿਤਾ ਦੇ ਕਮਰੇ 'ਚ ਬਾਹਰੋਂ ਕੁੰਡਾ ਲਾ ਕੇ ਬੰਦ ਕਰ ਦਿੱਤਾ ਤੇ 4 ਪਸ਼ੂ ਚੋਰੀ ਕਰਕੇ ਲੈ ਗਏ।  ਉਸ ਦੇ ਪਿਤਾ ਸਵੇਰ ਤੱਕ ਕਮਰੇ ਵਿਚ ਹੀ ਬੰਦ ਰਹੇ। ਸਵੇਰ ਜਦ ਉਹ ਖੂਹ 'ਤੇ ਗਏ ਤਾਂ ਉਨ੍ਹਾਂ ਨੂੰ ਆਜ਼ਾਦ ਕੀਤਾ।
ਇਸੇ ਤਰ੍ਹਾਂ ਪਿੰਡ ਕੋਹਾਲਾ ਦੇ ਕਿਸਾਨ ਜਸਵੀਰ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਰਾਤ ਚੋਰ ਉਨ੍ਹਾਂ ਦੇ ਡੇਰੇ ਤੋਂ 3 ਮੱਝਾਂ, ਇਕ ਗਊ ਤੇ 2 ਕੱਟੇ ਚੋਰੀ ਕਰਕੇ ਲੈ ਗਏ ਹਨ। ਨਜ਼ਦੀਕੀ ਦੇ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਰਾਤ ਇਕ ਵਜੇ ਇਕ ਸ਼ੱਕੀ ਗੱਡੀ ਦਿਖਾਈ ਦੇ ਰਹੀ ਹੈ, ਜਿਸ 'ਤੇ ਤਰਪਾਲ ਪਾਈ ਹੋਈ ਸੀ। ਇਨ੍ਹਾਂ ਚੋਰੀਆਂ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


Related News