''ਗੱਟੂ ਵੇਚਣ ਵਾਲਿਆਂ ਦੀ ਗੁੱਡੀ ''ਬੋ'' ਕਰਾਂਗੇ''

01/20/2018 4:12:47 AM

ਜਾਜਾ/ਟਾਂਡਾ, (ਸ਼ਰਮਾ, ਪੰਡਿਤ)- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਟਾਂਡਾ ਦੀ ਮੀਟਿੰਗ ਈ.ਓ. ਕਰਮਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਹੋਈ। ਈ. ਓ. ਨੇ ਇਸ ਦੌਰਾਨ ਦੁਕਾਨਦਾਰਾਂ ਨੂੰ ਚਾਈਨਾ ਡੋਰ, ਜਿਸ ਨੂੰ ਗੱਟੂ ਵੀ ਕਿਹਾ ਜਾਂਦਾ ਹੈ, ਦੇ ਨੁਕਸਾਨ ਗਿਣਾਉਂਦਿਆਂ ਇਸ ਦੀ ਵਿਕਰੀ ਤੁਰੰਤ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਬਿਜਲੀ ਦੀਆਂ ਤਾਰਾਂ 'ਤੇ ਪੈਣ ਕਾਰਨ ਪਤੰਗ ਚੜ੍ਹਾਉਣ ਵਾਲੇ ਨੂੰ ਕਰੰਟ ਲੱਗ ਜਾਂਦਾ ਹੈ। ਇਸ ਕਾਰਨ ਕਈ ਪੰਛੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਅਤੇ ਦੋਪਹੀਆ ਵਾਹਨ ਚਾਲਕ ਵੀ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਚਾਈਨਾ ਡੋਰ ਦੀ ਵਿਕਰੀ ਨਾ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਡੀ. ਸੀ. ਹੁਸ਼ਿਆਰਪੁਰ ਦੇ ਹੁਕਮ ਅਨੁਸਾਰ ਗੱਟੂ ਵੇਚਣ ਵਾਲਿਆਂ ਦੀ ਗੁੱਡੀ ਬੋ ਕੀਤੀ ਜਾਵੇਗੀ। ਇਸ ਮੌਕੇ ਸੈਨੇਟਰੀ ਇੰਸਪੈਕਟਰ ਬਲਦੇਵ ਸ਼ਰਮਾ, ਕਮਲ ਚੋਪੜਾ, ਰਸ਼ਪਾਲ ਰਾਣਾ, ਧਰਮ ਪਾਲ, ਆਕਾਸ਼ਦੀਪ ਆਦਿ ਹਾਜ਼ਰ ਸਨ।
ਦਸੂਹਾ, (ਝਾਵਰ)-ਐੱਸ. ਡੀ. ਐੱਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਨੇ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਜਿਹੜੇ ਦੁਕਾਨਦਾਰ ਪਲਾਸਟਿਕ ਦੀ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪਲਾਸਟਿਕ ਦੀ ਡੋਰ ਵੇਚਣ ਵਾਲੇ ਦੁਕਾਨਦਾਰ ਦੀ ਸੂਚਨਾ ਦੇਵੇਗਾ ਤਾਂ ਉਸ ਨੂੰ 500 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 26 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਡੋਰ ਤੇ ਵਿਕਰੀ 'ਤੇ ਰੋਕ ਲਾਉਂਦਿਆਂ ਧਾਰਾ 144 ਵੀ ਲਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਾਇਨਾ ਡੋਰ, ਪਲਾਸਟਿਕ ਡੋਰ ਕਾਰਨ ਕਈ ਲੋਕ ਪਸ਼ੂ, ਪੰਛੀ ਵੀ ਜ਼ਖਮੀ ਹੋਏ ਹਨ ਤੇ ਕਈਆਂ ਦੀਆਂ ਜਾਨਾਂ ਤੱਕ ਚੱਲੀਆਂ ਗਈਆਂ ਹਨ। ਇਸ ਲਈ ਇਸ ਦੀ ਵਿਕਰੀ 'ਤੇ ਰੋਕ ਲਾਈ ਗਈ ਹੈ।


Related News