ਬਾਲ ਸਾਹਿਤ ਵਿਸ਼ੇਸ਼ : ਅੱਧੀ ਚੁੰਝ ਵਾਲੀ ਚਿੜੀ

05/02/2020 6:40:48 PM

ਬਾਲ ਸਾਹਿਤ ਵਿਸ਼ੇਸ਼ 

"ਅਸੀਂ ਕਿੱਥੇ ਜਾ ਰਹੇ ਹਾਂ ?" ਚਿੜੀ ਦੇ ਬੱਚੇ ਨੇ ਆਪਣੀ ਮਾਂ ਤੋਂ ਪੁੱਛਿਆ। 

ਉਹ ਕਾਫੀ ਦੇਰ ਤੋਂ ਪੂਰਬ ਵੱਲ ਉੱਡ ਰਹੇ ਸਨ। ਥਕਾਵਟ ਮਹਿਸੂਸ ਹੋਣ ਕਾਰਨ ਉਹ ਦੋ-ਤਿੰਨ ਵਾਰ ਆਪਣੀ ਮਾਂ ਤੋਂ ਪੁੱਛ ਚੁੱਕਾ ਸੀ। 

ਆਖਰ ਉਸ ਕਹਿ ਹੀ ਦਿੱਤਾ "ਮੈਥੋਂ ਨਹੀਂ ਉੱਡ ਹੁੰਦਾ ਥੱਕ ਗਿਆ ਹਾਂ"।

ਇਹ ਕਹਿ ਉਹ ਨੀਵਾਂ ਹੋਇਆ ਅਤੇ ਇੱਕ ਰੁੱਖ ਦੀ ਟਾਹਣੀ 'ਤੇ ਜਾ ਬੈਠਾ। ਟਾਹਣੀ ਥੋੜ੍ਹੇ ਚਿਰ ਲਈ ਉੱਤੇ-ਥੱਲੇ ਹੋ ਕੇ ਟਿਕ ਗਈ। ਆਪਣੇ ਬੋਟ ਪਿੱਛੇ ਉੱਤਰੀ ਮਾਂ ਨੇ ਤੇਜ਼ੀ ਨਾਲ ਚੱਲਦੇ ਸਾਹ ਨਾਲ ਉੱਚੀ ਨੀਵੀਂ ਹੋ ਰਹੀ ਉਸ ਦੀ ਛਾਤੀ ਵੱਲ ਵੇਖਿਆ। ਮਾਂ ਨੇ ਮਨ ਵਿੱਚ ਮਹਿਸੂਸ ਕੀਤਾ ਕਿ ਇਹ ਬੱਚਾ ਹਿੰਮਤੀ ਹੈ।

ਬਿਨ ਬੋਲਿਆਂ ਦੋਵੇਂ ਜਣੇ ਇੱਕ ਦੂਜੇ ਨੂੰ ਵੇਖਦੇ ਰਹੇ। ਬੱਚੇ ਨੇ ਕੋਲ ਬੈਠਣ ਦਾ ਫਾਇਦਾ ਲੈਂਦਿਆਂ ਕਿਹਾ "ਮਾਂ ਅਸੀਂ ਕਿਸ ਨੂੰ ਮਿਲਣ ਜਾ ਰਹੇ ਹਾਂ? ਆਪਣੇ ਘਰ ਤੋਂ ਤਾਂ ਅਸੀਂ ਬਹੁਤ ਦੂਰ ਆ ਗਏ ਹਾਂ।"

ਚਿੜੀ ਨੇ ਸੋਚਿਆ ਬੱਚੇ ਨੂੰ ਹੁਣ ਦੱਸ ਹੀ ਦੇਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ ਉਸ ਹੌਲੀ ਜਿਹੀ ਕਿਹਾ, "ਤੂੰ ਕਹਿੰਦਾ ਰਹਿੰਦਾ ਸੀ ਕਿਤੇ ਲੈ ਚੱਲੋ ਅੱਜ ਤੇਰੀ ਇੱਛਾ ਪੂਰੀ ਕਰਨ ਲੱਗੀ ਹਾਂ ਅਸੀਂ ਤੇਰੀ ਨਾਨੀ ਕੋਲ ਜਾ ਜਾ ਰਹੇ ਹਾਂ।"

"ਕਿੱਥੇ ਰਹਿੰਦੀ ਹੈ ਉਹ" 

"ਉਹ ਥਾਂ ਆਉਣ ਹੀ ਵਾਲੀ ਹੈ ਥੋੜ੍ਹੀ ਦੇਰ ਹੋਰ ਲੱਗੇਗੀ।"

"ਪਹਿਲਾਂ ਕਿਉਂ ਨਹੀਂ ਦੱਸਿਆ। ਨਾਨੀ ਨੂੰ ਤਾਂ ਮੈਂ ਨਹੀਂ ਦੇਖਿਆ। ਕਿਹੋ ਜਿਹੀ ਹੈ ਉਹ ?" ਉਹਦੇ ਕੋਲ ਪ੍ਰਸ਼ਨਾਂ ਦੀ ਡਾਰ ਸੀ।

ਚਿੜੀ ਨੇ ਉਸ ਦੀਆਂ ਗੱਲਾਂ ਸਬਰ ਨਾਲ ਸੁਣੀਆਂ ਮਾਂ ਬੱਚਿਆਂ ਦੇ ਸੁਭਾਅ ਨੂੰ ਜਾਣਦੀ ਹੁੰਦੀ ਹੈ। 

"ਉਹ ਥਾਂ ਕਿਹੋ ਜਿਹੀ ਹੈ।"

ਜਵਾਬ ਵਿੱਚ ਮਾਂ ਨੇ ਕਿਹਾ "ਬਹੁਤ ਸੋਹਣੀ ਉੱਥੇ ਭਾਂਤ ਭਾਂਤ ਦੇ ਸੰਘਣੇ ਦਰੱਖਤ ਹਨ ਸਭ ਪਾਸੇ ਹਰੇ ਰੁੱਖਾਂ ਦੀ ਠੰਢੀ ਛਾਂ ਹੈ। ਉੱਥੇ ਕਈ ਤਰ੍ਹਾਂ ਦੇ ਪਸ਼ੂ ਪੰਛੀ ਵੀ ਹਨ। ਉੱਥੇ ਖੁੱਲ੍ਹ ਹੈ, ਜੋ ਚਿੱਤ ਆਵੇ ਸੋ ਕਰੋ।

"ਪਰ ਨਾਨੀ ਨੂੰ ਕਿਵੇਂ ਲੱਭਾਂਗੇ ? ਤੁਸੀਂ ਕਹਿ ਰਹੇ ਹੋ ਉੱਥੇ ਭੀੜ ਬਹੁਤ ਹੈ"

"ਮੈਂ ਉਹ ਥਾਂ ਵੇਖੀ ਹੋਈ ਹੈ ਅਸੀਂ ਭੁੱਲਦੇ ਨਹੀਂ ਚੰਗਾ ਹੋਵੇਗਾ ਜੇ ਸੂਰਜ ਛੁਪਣ ਤੋਂ ਪਹਿਲਾਂ ਹੀ ਉੱਥੇ ਪਹੁੰਚ ਜਾਈਏ।"

ਆਰਾਮ ਕਰਨ ਤੋਂ ਬਾਅਦ ਉਹ ਮੁੜ ਆਪਣੇ ਰਾਹ ਵੱਲ ਉੱਡਣ ਲੱਗੇ।

ਉਸ ਜਗ੍ਹਾ ਪਹੁੰਚ ਕੇ ਚਿੜੀ ਨੇ ਆਸ ਪਾਸ ਵੇਖਿਆ ਤਾਂ ਤ੍ਰਬਕ ਗਈ। ਉਸ ਨੂੰ ਆਪਣੀ ਬੁੱਧੀ 'ਤੇ ਸ਼ੱਕ ਹੋਇਆ। ਉਹ ਜੋ ਦੇਖ ਰਹੀ ਸੀ ਉਸ ਉੱਪਰ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ।

ਉਹਦੇ ਮਨ ਵਿੱਚ ਪ੍ਰਸ਼ਨ ਪੈਦਾ ਹੋਇਆ "ਕੀ ਇਹ ਉਹੀ ਥਾਂ ਹੈ ਇੱਥੇ ਤਾਂ ਸਭ ਕੁਝ ਬਦਲਿਆ ਬਦਲਿਆ ਲੱਗ ਰਿਹਾ ਹੈ ...।"

ਉਸ ਦੇ ਸਰੀਰ ਦੇ ਹਾਵ-ਭਾਵ ਅਤੇ ਅੱਖਾਂ ਚ ਉੱਤਰੀ ਬੇਯਕੀਨੀ ਨੂੰ ਬੋਟ ਨੇ ਪੜ੍ਹ ਲਿਆ। ਉਹਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਕਿ ਉਸ ਨੂੰ ਹੁਣ ਹੋਰ ਉੱਡਣ ਲਈ ਕਿਹਾ ਜਾਏਗਾ।

PunjabKesari

ਜਿਸ ਦਰੱਖਤ ਉੱਪਰ ਉਹ ਦੋਵੇਂ ਜਣੇ ਬੈਠੇ ਸਨ ਉਹ ਸੰਘਣਾ ਅਤੇ ਪੁਰਾਣਾ ਸੀ ਪਰ ਸੀ ਬਿਲਕੁਲ ਅਲੱਗ-ਥਲੱਗ। ਏਧਰ ਓਧਰ ਜੋ ਵੀ ਹੋਰ ਰੁੱਖ ਸਨ ਉਹ ਸਭ ਨਿੱਕੇ ਰੁੰਡ-ਮੁੰਡ ਜਾਂ ਨਿਸ਼ਾਨ ਜਿਹੇ ਸਨ। ਚਿੜੀ ਨੇ ਆਪਣੀ ਪਹਿਲੀ ਫੇਰੀ ਸਮੇਂ ਇਹੋ ਜਿਹਾ ਮਾਹੌਲ ਨਹੀਂ ਸੀ ਵੇਖਿਆ। ਚਿੜੀ ਦੀ ਪਰੇਸ਼ਾਨੀ ਉਸ ਦੇ ਬੱਚੇ ਨੂੰ ਦੁੱਖ ਦੇ ਰਹੀ ਸੀ। ਪਰ ਕੀ ਕੀਤਾ ਜਾਵੇ ਆਪਣੀ ਮਾਂ ਦੇ ਘਰ ਦੀ ਨਿਸ਼ਾਨਦੇਹੀ ਲਈ ਉਸ ਨੂੰ ਭੁਲੇਖਾ ਹੋਣ ਲੱਗਾ। ਆਪਣੇ ਜਨਮ ਸਥਾਨ ਨੂੰ ਪੱਕਾ ਕਰਨ ਲਈ ਉਸ ਨੂੰ ਦੂਜਿਆਂ ਤੋਂ ਪੁੱਛਣ ਦੀ ਲੋੜ ਮਹਿਸੂਸ ਹੋਣ ਲੱਗੀ। ਹਿੰਮਤ ਕਰਕੇ ਉਸ ਨੇ ਆਸੇ ਪਾਸਿਓਂ ਪੁੱਛਗਿੱਛ ਕੀਤੀ ਪਰ ਕਿਸੇ ਤੋਂ ਸਹੀ ਜਵਾਬ ਨਾ ਮਿਲਿਆ। ਹਾਰ ਕੇ ਦੋਵੇਂ ਜਣੇ ਉਸ ਰੁੱਖ ਵੱਲ ਵਧੇ ਜਿਹੜਾ ਦਿਸਣ ਚ ਸੰਘਣਾ ਤੇ ਪੁਰਾਣਾ ਸੀ। ਇਹੋ ਜਿਹੇ ਰੁੱਖ ਚਿੜੀ ਦੇ ਢਿੱਡ ਵਿੱਚ ਵਸੇ ਹੋਏ ਸਨ। ਉਸ ਥਾਂ ਪਹੁੰਚ ਉਸ ਨੂੰ ਜਾਣ ਪਛਾਣ ਵਾਲੇ ਭਾਂਤ-ਸੁਭਾਂਤ ਰੰਗ ਰੂਪ ਅਤੇ ਆਕਾਰ ਵਾਲੇ ਪੰਛੀ ਦਿਖਾਈ ਦਿੱਤੇ। ਨੇੜਲੀ ਡਾਲ ਤੇ ਬੈਠਾ ਚੱਕੀਰਾਹਾ ਰੁੱਖ ਦੀ ਚਮੜੀ ਨੂੰ ਟੁੱਕ ਆਪਣੇ ਲਈ ਕੀੜੇ ਮਕੌੜੇ ਲੱਭ ਰਿਹਾ ਸੀ। ਤੋਤਾ ਕਿਸੇ ਫਲ ਨੂੰ ਖਾ-ਖਿੰਡਾ ਰਿਹਾ ਸੀ। ਕਬੂਤਰ ਦੀ ਧੌਣ ਧੁੱਪ-ਛਾਂ ਵਿੱਚ ਲਿਸ਼ਕ ਰਹੀ ਸੀ ਹੋਰ ਚਿੜੀਆਂ ਫੁਦਕ-ਫੁਦਕ ਚੀ-ਚੀ ਵਿੱਚ ਮਸਤ ਸਨ। ਕੋਇਲ ਦੀ ਵਿੰਨਵੀ ਕੂਕ ਵਿੱਚ ਰਸ ਵੀ ਸੀ ਅਤੇ ਦੁੱਖ ਵੀ। ਸਾਰੇ ਮਾਹੌਲ ਨੇ ਚਿੜੀ ਨੂੰ ਸਥਿਰਤਾ ਦਿੱਤੀ। ਉਸ ਦੇ ਚਿੱਤ ਦੀ ਉਦਾਸੀ ਛਣ ਗਈ। ਚਿੜੀ ਨੇ ਕਠਫੋੜੇ ਨਾਲ ਆਪਣੀ ਗੱਲ ਸਾਂਝੀ ਕੀਤੀ। ਪਲਾਂ ਛਿਣਾਂ ਵਿੱਚ ਰੁੱਖ ਦੇ ਸਾਰੇ ਬਾਸ਼ਿੰਦੇ ਇਸ ਗੱਲਬਾਤ ਵਿੱਚ ਸ਼ਾਮਿਲ ਹੋ ਗਏ ਸਨ।

ਕਈ ਮੂੰਹਾਂ ਤੋਂ ਸਾਂਝੀ ਹੋਈ ਜਾਣਕਾਰੀ ਨੇ ਚਿੜੀ ਨੂੰ ਰਾਹਤ ਦਿੱਤੀ। ਉਹ ਖੁਸ਼ ਸੀ ਕਿਉਂਕਿ ਹੁਣ ਉਸ ਦਾ ਬੱਚਾ ਆਪਣੀ ਨਾਨੀ ਨੂੰ ਮਿਲ ਸਕੇਗਾ ਅਤੇ ਉਸ ਦੇ ਘਰ ਕੁਝ ਦਿਨ ਰਹਿ ਸਕੇਗਾ। ਚਿੜੀ ਦੀ ਮਾਂ ਆਪਣੇ ਜਾਨਵਰਾਂ ਚ 'ਅੱਧੀ ਚੁੰਝ ਵਾਲੀ ਚਿੜੀ' ਦੇ ਨਾਂ ਨਾਲ ਜਾਣੀ ਜਾਂਦੀ ਸੀ।

ਉਸ ਤੱਕ ਲੈ ਜਾਣ ਦੀ ਜ਼ਿੰਮੇਵਾਰੀ ਕਬੂਤਰ ਨੇ ਆਪਣੇ ਸਿਰ ਲਈ। ਤਿੰਨੋਂ ਜਣੇ ਇੱਕ ਦੂਜੇ ਦੇ ਪਿੱਛੇ ਉੱਡਣ ਲੱਗੇ। ਉਹ ਜਿੱਧਰੋਂ ਦੀ ਲੰਘ ਰਹੇ ਸਨ ਉਸ ਦੇ ਆਸ ਪਾਸ ਦੂਰ ਤੱਕ ਕੋਈ ਰੁੱਖ ਨਹੀਂ ਸੀ। ਸਿਰਫ ਇਮਾਰਤਾਂ ਨਾਲ ਲੱਗੀਆਂ ਇਮਾਰਤਾਂ ਦਿਸ ਰਹੀਆਂ ਸਨ। ਇਹ ਨਜ਼ਾਰਾ ਚਿੜੀ ਨੇ ਪਹਿਲਾਂ ਨਹੀਂ ਸੀ ਦੇਖਿਆ। 

ਇਮਾਰਤਾਂ ਦੁਆਲੇ ਕਾਲੇ ਰੰਗ ਦੀਆਂ ਸੜਕਾਂ ਵਿਛੀਆਂ ਹੋਈਆਂ ਸਨ। ਜਿਨ੍ਹਾਂ ਉੱਪਰ ਲੋਕਾਂ ਦੀ ਭੀੜ ਸੀ। ਕੁਝ ਥਾਵਾਂ ਅਜੇ ਅਣਮੱਲੀਆਂ ਪਈਆਂ ਸਨ। ਉਡਦਾ ਕਬੂਤਰ ਥੋੜ੍ਹਾ ਨੀਵਾਂ ਹੋਇਆ ਅਤੇ ਬਿਜਲੀ ਦੀ ਤਾਰ ਉੱਤੇ ਆ ਬੈਠਾ। ਤਾਰ ਉੱਪਰ ਬੈਠੇ ਤਿੰਨੋਂ ਜਣੇ ਆਪੋ ਆਪਣੇ ਢੰਗ ਨਾਲ ਦੁਆਲੇ ਨੂੰ ਦੇਖ ਰਹੇ ਸਨ। ਕਬੂਤਰ ਦੀ ਅੱਖ ਨੇ ਸੜਕ ਉੱਪਰ ਆਪਣੇ ਕਾਰੇ ਰੁੱਝੀ ਅੱਧੀ ਚੁੰਝ ਵਾਲੀ ਚਿੜੀ ਨੂੰ ਪਛਾਣ ਲਿਆ। ਉਸ ਨੇ ਇਸ਼ਾਰੇ ਨਾਲ ਚਿੜੀ ਨੂੰ ਦੱਸਿਆ ਕਿ ਉਹ ਉਸ ਦੀ ਮਾਂ ਹੈ। ਮਾਂ ਨੇ ਇਹ ਗੱਲ ਆਪਣੇ ਬੱਚੇ ਤੱਕ ਪਹੁੰਚਾ ਦਿੱਤੀ। 

ਚਿੜੀ ਉੱਡ ਕੇ ਅੱਧੀ ਚੁੰਝ ਵਾਲੀ ਚਿੜੀ ਤੋਂ ਥੋੜ੍ਹਾ ਹੱਟ ਕੇ ਜਾ ਬੈਠੀ। ਉਸ ਦਾ ਬੱਚਾ ਵੀ ਉਸ ਦੇ ਪਿੱਛੇ ਜਾ ਉਤਰਿਆ। ਬੈਠੀ-ਬੈਠੀ ਨੇ ਕੁਝ ਆਵਾਜ਼ਾਂ ਕੱਢੀਆਂ। ਆਵਾਜ਼ਾਂ ਨੇ ਅੱਧੀ ਚੁੰਝ ਵਾਲੀ ਚਿੜੀ ਦੇ ਕੰਮ ਚ ਖਲਲ ਪਾਇਆ। ਉਸ ਸਿਰ ਚੁੱਕ ਆਸ-ਪਾਸ ਦੇਖਿਆ। ਉਸ ਨੂੰ ਆਪਣੇ ਜਿਹੀ ਇੱਕ ਚਿੜੀ ਅਤੇ ਇੱਕ ਬੱਚਾ ਦਿੱਸਿਆ। ਉਸ ਨੇ ਆਪਣੀ ਚੁੰਝ ਨੂੰ ਮੁੜ ਸੜਕ ਤੇ ਮਾਰਨਾ ਸ਼ੁਰੂ ਕਰ ਦਿੱਤਾ।   

ਪਰ ਦੂਜੀ ਵਾਰ ਕੰਨੀ ਪਈ ਆਵਾਜ਼ ਨੇ ਉਹਦੇ ਅੰਦਰ ਪਈ ਕਿਸੇ ਸਾਂਝ ਨੂੰ ਸੀਖ ਦਿੱਤਾ। ਉਹ ਫੁਦਕ-ਫੁਦਕ ਜਦ ਚਿੜੀ ਕੋਲ ਪਹੁੰਚ ਕੇ ਕੁਝ ਬੋਲੀ ਤਾਂ ਦੋਹਾਂ ਨੇ ਇਕ ਦੂਜੇ ਨੂੰ ਪਛਾਣ ਲਿਆ।

ਦੋਵੇਂ ਜਣੀਆਂ ਲੰਮੇ ਅਰਸੇ ਬਾਅਦ ਮਿਲ ਰਹੀਆਂ ਸਨ ।

ਕੁਝ ਸਮਾਂ ਚੁੱਪ ਚੁਪੀਤੇ ਲੰਘ ਗਿਆ ਇਸ ਚੁੱਪ ਨੂੰ ਬੱਚੇ ਨੇ ਤੋੜਿਆ ਅੱਧੀ ਚੁੰਝ ਵਾਲੀ ਚਿੜੀ ਵੱਲ ਇਸ਼ਾਰਾ ਕਰ ਕੇ ਉਸ ਨੇ ਆਪਣੀ ਮਾਂ ਨੂੰ ਪੁੱਛਿਆ "ਕੀ ਇਹੋ ਹੈ ਮੇਰੀ ਨਾਨੀ ?" ਇਹ ਪ੍ਰਸ਼ਨ ਕਰਦੇ ਸਮੇਂ ਉਹ ਇੱਕ ਸੁਖਾਵੀਂ ਵਿੱਥ ਉੱਪਰ ਖੜ੍ਹਾ ਰਿਹਾ। ਉਸ ਵੱਲੋਂ ਚਿਤਵਿਆ ਰੂਪ ਸ਼ਾਇਦ ਇਹ ਸਰੂਪ ਨਾਲ ਮੇਲ ਨਹੀਂ ਸੀ ਖਾ ਰਿਹਾ। 

ਮਾਂ ਨੇ ਪਿਆਰ ਨਾਲ ਕੋਲ ਸੱਦਦਿਆਂ ਉਸ ਨੂੰ ਉਸ ਦੀ ਨਾਨੀ ਨਾਲ ਮਿਲਾਇਆ। ਗੱਲਾਂ-ਗੱਲਾਂ ਚ ਚਿੜੀ ਨੇ ਆਪਣੀ ਮਾਂ ਕੋਲੋਂ ਉਸ ਦੀ ਇਹੋ ਜਿਹੀ ਹਾਲਤ ਬਾਰੇ ਪੁੱਛਿਆ। "ਇਹ ਕੀ ਹਾਲ ਕੀਤਾ ਹੈ ਤੂੰ, ਤੈਨੂੰ ਸਾਰੇ ਅੱਧੀ ਚੁੰਝ ਵਾਲੀ ਚਿੜੀ ਕਿਉਂ ਕਹਿੰਦੇ ਹਨ?"

ਵੱਡੀ ਚਿੜੀ ਨੂੰ ਲੱਗਾ ਜਿਵੇਂ ਉਸ ਨੇ ਉਸ ਦੀ ਦੁੱਖਦੀ ਨਾੜ ਉੱਤੇ ਰਾਹਤ ਰੱਖ ਦਿੱਤਾ ਹੋਵੇ। ਉਹਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਤਾਂ ਵੀ ਉਸ ਨੇ ਕਿਹਾ, "ਤੂੰ ਕੀ ਲੈਣਾ ਇਸ ਤੋਂ। ਤੂੰ ਇੱਥੇ ਇੱਕ ਦੋ ਦਿਨ ਠਹਿਰਨਾ ਹੈ। ਕਿਉਂ ਦੁਖੀ ਹੋ ਰਹੀ ਹੈ?"

ਪਰ ਉਹ ਆਪਣੀ ਜ਼ਿੱਦ ਤੋਂ ਪਿੱਛੇ ਨਾ ਹਟੀ। 

ਅੱਧੀ ਚੁੰਝ ਵਾਲੀ ਚਿੜੀ ਨੇ ਕਿਹਾ, "ਆਓ ਪਹਿਲਾਂ ਆਪਣੇ ਘਰ ਚੱਲੀਏ ਤੁਸੀਂ ਦੋਵੇਂ ਜਣੇ ਥੱਕੇ ਹੋਵੋਗੇ। ਘਰ ਚੱਲ ਕੇ ਆਰਾਮ ਕਰਦੇ ਹਾਂ ਗੱਲਾਂ ਕਰਨ ਨੂੰ ਸਾਰੀ ਰਾਤ ਪਈ ਹੈ।"

 ਢਲਦੇ ਸੂਰਜ ਨੂੰ ਪਿੱਠ ਕਰ ਕੇ ਉਹ ਤਿੰਨੇ ਉੱਡ ਪਈਆਂ।

ਸ਼ਾਮ ਦੇ ਸਮੇਂ ਵਿੱਚ ਸਾਰਾ ਰੁੱਖ ਗਾਉਂਦਾ ਲੱਗ ਰਿਹਾ ਸੀ। ਹਰ ਆਉਣ ਵਾਲੇ ਪਰਿੰਦੇ ਕੋਲ ਆਪਣੇ ਬੋਲ ਸਨ। ਘਰ ਪਹੁੰਚਣ ਦੀ ਖੁਸ਼ੀ ਉਨ੍ਹਾਂ ਦੀ ਆਵਾਜ਼ ਨੂੰ ਹੋਰ ਰਸਦਾਰ ਬਣਾ ਰਹੀ ਸੀ। 

ਜਿਵੇਂ ਜਿਵੇਂ ਹਨੇਰਾ ਹੁੰਦਾ ਗਿਆ ਰੁੱਖ ਖਾਮੋਸ਼ ਹੋਣ ਲੱਗਾ। ਫੇਰ ਉਹ ਆਪਣੇ ਪਰਿਵਾਰ ਸਮੇਤ ਸੌਂ ਗਿਆ। ਸਿਰਫ ਅੱਧੀ ਚੁੰਝ ਵਾਲੀ ਚਿੜੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਰਹੀ ਸੀ।ਗੱਲਾਂ ਗੱਲਾਂ ਵਿੱਚ ਚਿੜੀ ਨੇ ਆਪਣੀ ਮਾਂ ਨੂੰ ਕਿਹਾ ਕਿ ਇਹ ਥਾਂ ਬਦਲੀ ਹੋਈ ਲੱਗਦੀ ਹੈ।

ਇਸ ਗੱਲ ਤੋਂ ਪ੍ਰੇਸ਼ਾਨ ਹੋਈ ਮਾਂ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਬੱਚੀਏ ਤੂੰ ਠੀਕ ਕਹਿ ਰਹੀ ਹੈ। ਪਹਿਲਾਂ ਇਹ ਸਾਰੀ ਥਾਂ ਹਰੀ ਭਰੀ ਹੁੰਦੀ ਸੀ। ਤੂੰ ਤਾਂ ਦੇਖੀ ਆ।  ਇੱਥੇ ਕਿਸੇ ਚੀਜ਼ ਦਾ ਅੰਤ ਨਹੀਂ ਸੀ। ਭਾਂਤ ਭਾਂਤ ਦੇ ਰੁੱਖ, ਜਾਨਵਰ, ਪਰਿੰਦੇ ਬਿਨਾਂ ਕਿਸੇ ਰੋਕ-ਟੋਕ ਦੇ ਵੱਸ-ਰਸ ਰਹੇ ਸਨ। ਵਰ੍ਹਿਆਂ ਤੋਂ ਚੱਲੇ ਆ ਰਹੇ ਜੀਵਨ 'ਚ ਇੱਕ ਦਿਨ ਅਜਿਹਾ ਖ਼ਲਲ ਪਿਆ ਕਿ ਸਭ ਕੁਝ ਹੀ ਬਦਲ ਗਿਆ।"

 ਅੱਧੀ ਚੁੰਝ ਵਾਲੀ ਚਿੜੀ ਦੀਆਂ ਅੱਖਾਂ ਅੱਗੋਂ ਬੀਤਿਆ ਹੋਇਆ ਸਾਰਾ ਦ੍ਰਿਸ਼ ਇੱਕ ਵਾਰ  ਫੇਰ ਘੁੰਮ ਗਿਆ। ਉਹ ਬੋਲਦੀ-ਬੋਲਦੀ ਥੋੜ੍ਹੀ ਦੇਰ ਵਾਸਤੇ ਰੁਕ ਗਈ। ਭਿੱਜੀਆਂ ਅੱਖਾਂ ਨਾਲ ਉਹ ਮੁੜ ਬੋਲੀ, "ਉਸ ਦਿਨ ਤੋਂ ਬਾਅਦ ਇੱਥੇ ਆਦਮੀ ਤੇ ਮਸ਼ੀਨ ਦਾ ਰਾਜ ਹੋ ਗਿਆ। ਠੰਢੀਆਂ ਛਾਵਾਂ ਵਾਲੇ ਰੁੱਖ ਉਨ੍ਹਾਂ ਨੇ ਬੇਰਹਿਮੀ ਨਾਲ ਵੱਢ ਦਿੱਤੇ। ਜਿੱਥੇ ਧੁੱਪ ਨੇ ਕਦੀ ਜ਼ਮੀਨ ਨਹੀਂ ਸੀ ਛੋਹੀ ਉੱਥੇ ਹੁਣ ਉਹ ਸਵੇਰ ਤੋਂ ਸ਼ਾਮ ਤੱਕ ਵਿਛੀ ਰਹਿੰਦੀ ਹੈ। ਆਲ੍ਹਣਿਆਂ ਵਾਲਿਆਂ ਨੇ ਖੂਬ ਸ਼ੋਰ ਮਚਾਇਆ। ਕਈ ਨਿੱਕੇ-ਵੱਡੇ ਜਾਨਵਰਾਂ ਨੇ ਆਉਣ ਵਾਲਿਆਂ ਨੂੰ ਵੰਗਾਰਿਆ ਪਰ ਉਹਨਾਂ ਕਿਸੇ ਉੱਪਰ ਦਇਆ ਨਾ ਦਿਖਾਈ। ਕੱਟੇ ਹੋਏ ਰੁੱਖ ਦੀਆਂ ਜੜ੍ਹਾਂ, ਸਾਡੀਆਂ ਹੱਡੀਆਂ ਅਤੇ ਲਹੂ ਇਨ੍ਹਾਂ ਇਮਾਰਤਾਂ ਅਤੇ ਸੜਕਾਂ ਥੱਲੇ ਪਏ ਹਨ।"

ਆਪਣੀ ਮਾਂ ਦੀ ਗੱਲ ਸੁਣ ਚਿੜੀ ਠਰੀ ਜਾ ਰਹੀ ਸੀ। ਨਾਨੀ ਨੂੰ ਮਿਲਣ ਆਏ ਬੱਚੇ ਨੂੰ ਅਜੇ ਤੱਕ ਆਪਣਾ ਮੂੰਹ ਖੋਲ੍ਹਣ ਦਾ ਮੌਕਾ ਨਹੀਂ ਸੀ ਮਿਲਿਆ। ਉਹ ਇਹੋ ਜਿਹੇ ਸੰਸਾਰ ਤੋਂ ਬਿਲਕੁਲ ਅਣਜਾਣ ਸੀ। ਹਨੇਰੇ ਵਿੱਚ ਕੀਤੀ ਜਾ ਰਹੀ ਦਰਦ ਦੀ ਗੱਲ ਦਾ ਅਸਰ ਦੋਹਰਾ-ਤੇਹਰਾ ਹੋ ਰਿਹਾ ਸੀ। ਮਾਹੌਲ ਬਦਲਣ ਲਈ ਚਿੜੀ ਨੇ ਹਿੰਮਤ ਕਰਕੇ ਆਪਣੀ ਮਾਂ ਤੋਂ ਪੁੱਛਿਆ ਕਿ ਉਹ ਚੋਗਾ ਚੁਗਣ ਏਨੀ ਦੂਰ ਕਿਉਂ ਜਾਂਦੀ ਹੈ। ਉਸ ਨੂੰ ਨਹੀਂ ਸੀ ਪਤਾ ਕਿ ਹਰ ਨਿੱਕੀ ਜਿਹੀ ਗੱਲ ਦੀਆਂ ਤੰਦਾਂ ਵੀ ਉਸੇ ਘਟਨਾ ਨਾਲ ਜੁੜਦੀਆਂ ਹਨ। 

ਅੱਧੀ ਚੁੰਝ ਵਾਲੀ ਚਿੜੀ ਨੇ ਦੱਸਿਆ, "ਉਸ ਥਾਂ ਨਾਲ ਮੈਨੂੰ ਮੋਹ ਹੈ। ਮੇਰਾ ਆਲ੍ਹਣਾ ਉਸੇ ਹੀ ਕਿਸੇ ਰੁੱਖ 'ਤੇ ਸੀ। ਉਹ ਰੁੱਖ ਹੁਣ ਸੜਕ ਥੱਲੇ ਦੱਬਿਆ ਪਿਆ ਹੈ।"

ਉਸ ਨੂੰ ਆਪਣੀ ਗੱਲ ਦਾ ਹੁੰਗਾਰਾ ਨਾ ਮਿਲਦਾ ਦੇਖ ਉਸ ਨੇ ਚਿੜੀ ਨੂੰ ਥੋੜ੍ਹਾ ਹਿਲਾਇਆ। ਨੀਂਦ ਨੇ ਉਸ ਨੂੰ ਘੇਰ ਲਿਆ ਸੀ। ਬੱਚਾ ਪਹਿਲਾਂ ਹੀ ਸੌਂ ਗਿਆ ਸੀ। ਸਾਰਿਆਂ ਨੂੰ ਸੁੱਤਿਆਂ ਦੇਖ ਉਸ ਦੀਆਂ ਆਪਣੀਆਂ ਅੱਖਾਂ ਵੀ ਮੀਟ ਹੋਣ ਲੱਗੀਆਂ। ਅਗਲਾ ਦਿਨ ਆਮ ਵਰਗਾ ਦਿਨ ਸੀ। ਉੱਠਦਿਆਂ ਹੀ ਸਾਰੇ ਪਰਿੰਦੇ ਆਪੋ-ਆਪਣੇ ਕੰਮੀ ਰੁਝ ਗਏ। ਅੱਧੀ ਚੁੰਝ ਵਾਲੀ ਚਿੜੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਸੀ। ਪਰ ਬੱਚੇ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਤਾਂ ਘੁੰਮਣ ਖੇਡਣ ਆਇਆ ਸੀ। ਇਸ ਦਰੱਖਤ ਉੱਪਰ ਉਸ ਨੂੰ ਆਪਣੇ ਹਾਣੀ ਮਿਲਣ ਦੀ ਉਮੀਦ ਸੀ।

 ਜਾਂਦੇ ਸਮੇਂ ਉਸ ਨੇ ਆਪਣੇ ਬੱਚਿਆਂ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਮੁੜ ਆਵੇਗੀ। 

ਬੱਚਾ ਟਹਿਣੀ ਤੇ ਫੁਦਕਣ ਲੱਗਾ। ਆਪਣੀ ਚੁੱਪ ਨੂੰ ਤੋੜਨ ਦਾ ਇਹ ਚੰਗਾ ਵੇਲਾ ਸੀ। ਚਿੜੀ ਵੀ ਆਂਢ-ਗੁਆਂਢ ਦੇ ਪੰਛੀਆਂ ਨਾਲ ਗੱਲਾਂ ਵਿੱਚ ਰੁੱਝ ਗਈ। ਤਦੇ ਬੱਚਾ ਉੱਡਦਾ ਉੱਡਦਾ ਆਪਣੀ ਮਾਂ ਕੋਲ ਆ ਬੈਠਾ। ਆਪਣੀ ਗਰਦਨ ਨੂੰ ਥੋੜ੍ਹਾ ਘੁਮਾ ਕੇ ਆਪਣੀ ਮਾਂ ਤੋਂ ਪੁੱਛਣ ਲੱਗਾ, "ਮਾਂ, ਮਾਂ... ਇੱਥੇ ਨਾਨੀ ਨੂੰ ਸਭ ਅੱਧੀ ਚੁੰਝ ਵਾਲੀ ਚਿੜੀ ਕਿਉਂ ਕਹਿੰਦੇ ਹਨ?"

ਮਾਂ ਨੇ ਸਾਧਾਰਨ ਜਿਹੇ ਪ੍ਰਸ਼ਨ ਦਾ ਸਾਧਾਰਨ ਉੱਤਰ ਦੇ ਦਿੱਤਾ, "ਉਹਦੀ ਚੁੰਝ ਅੱਧੀ ਹੈ... ਇਸ ਕਰਕੇ।"

 "ਪਰ ਮੇਰੀ ਤਾਂ ਨਹੀਂ ਹੈ। ਨਾ ਹੀ ਤੇਰੀ ਹੈ। ਹੋਰਾਂ ਦੀ ਵੀ ਨਹੀਂ ਹੈ।"

ਇਸ ਗੱਲ ਦਾ ਸਹੀ ਅਤੇ ਪੂਰਾ ਜਵਾਬ ਮਾਂ ਕੋਲ ਨਹੀਂ ਸੀ। ਉਹ ਖਾਮੋਸ਼ ਹੋ ਕੇ ਏਧਰ ਓਧਰ ਦੇਖਣ ਲੱਗੀ। ਕੋਲ ਬੈਠੇ ਕਬੂਤਰ ਨੇ ਸੋਚਿਆ ਇਨ੍ਹਾਂ ਨੂੰ ਸੱਚੋ ਸੱਚ ਦੱਸ ਦੇਣਾ ਚਾਹੀਦਾ ਹੈ।

ਕਬੂਤਰ ਨੇ ਥੋੜ੍ਹਾ ਕੋਲ ਆ ਕੇ ਆਪਣੀ ਗੱਲ ਸ਼ੁਰੂ ਕੀਤੀ, "ਜਦ ਲੋਕਾਂ ਤੇ ਮਸ਼ੀਨ ਨੇ ਤਬਾਹੀ ਮਚਾਈ ਤਾਂ ਸਾਡਾ ਬਹੁਤ ਨੁਕਸਾਨ ਹੋਇਆ। ਬੇਘਰ ਹੋਏ ਪੰਛੀਆਂ ਨੂੰ ਬਚੇ ਰੁੱਖਾਂ ਨੇ ਸ਼ਰਨ ਦਿੱਤੀ। ਸਮਾਂ ਬੀਤਣ ਨਾਲ ਸਭ ਆਪੋ-ਆਪਣਾ ਦੁੱਖ ਭੁੱਲ ਗਏ। ਪਰ ਅੱਧੀ ਚੁੰਝ ਵਾਲੀ ਚਿੜੀ ਆਪਣੇ ਆਲ੍ਹਣੇ ਵਾਲਾ ਰੁੱਖ ਨਾ ਭੁੱਲੀ। ਉਸ ਰੁੱਖ ਦੀਆਂ ਜੜ੍ਹਾਂ ਹੁਣ ਬਜ਼ਰੀ ਥੱਲੇ ਦੱਬੀਆਂ ਪਈਆਂ ਹਨ। ਉਹ ਸਵੇਰੇ ਸਾਰ ਉੱਡ ਕੇ ਉੱਥੇ ਪਹੁੰਚ ਜਾਂਦੀ। ਫੇਰ ਪੱਕੀ ਥਾਂ ਉੱਪਰ ਚੁੰਝ ਮਾਰਨ ਲੱਗ ਪੈਂਦੀ। ਪਹਿਲਾਂ ਪਹਿਲ ਕਿਸੇ ਨੇ ਉਸ ਦੇ ਇਸ ਵਿਹਾਰ ਵੱਲ ਧਿਆਨ ਨਾ ਦਿੱਤਾ। ਉਸ ਦੀ ਇਸ ਆਦਤ ਦਾ ਜਦ ਸਭ ਨੂੰ ਪਤਾ ਲੱਗਾ ਤਾਂ ਉਸ ਕੋਲੋਂ ਇਸ ਦਾ ਕਾਰਨ ਪੁੱਛਿਆ। ਉਸ ਨੇ ਦੱਸਿਆ ਕਿ ਉਹ ਆਪਣੀ ਚੁੰਝ ਨਾਲ ਇਹ ਥਾਂ ਪੁੱਟ ਕੇ ਆਪਣੇ ਆਲ੍ਹਣੇ ਵਾਲਾ ਰੁੱਖ ਲੱਭ ਰਹੀ ਹੈ। ਅਸੀਂ ਉਸ ਨੂੰ ਸਮਝਾਇਆ ਕਿ ਕਿੱਥੇ ਮਸ਼ੀਨਾਂ ਤੇ ਕਿੱਥੇ ਚੁੰਝ। ਪਰ ਉਸ ਨੇ ਅੱਜ ਤੱਕ ਕਿਸੇ ਦੀ ਗੱਲ ਨਹੀਂ ਮੰਨੀ। ਉਹ ਆਪਣੀ ਚੁੰਝ ਨਾਲ ਪੱਕੀ ਥਾਂ ਨੂੰ ਉਖੇੜ ਦੇਣ ਦਾ ਸੁਪਨਾ ਲੈਂਦੀ ਰਹਿੰਦੀ ਹੈ। ਇਸੇ ਕਰਕੇ ਉਸ ਦੀ ਚੁੰਝ ਘਸ ਘਸ ਕੇ ਅੱਧੀ ਰਹਿ ਗਈ ਹੈ। ਤਾਂ ਹੀ ਸਾਰੇ ਇਸ ਨੂੰ ਅੱਧੀ ਚੁੰਝ ਵਾਲੀ ਚਿੜੀ ਕਹਿੰਦੇ ਹਨ। ਵਿਚਾਰੀ, ਚਿੜੀ... ਅੱਧੀ ਚੁੰਝ ਵਾਲੀ...।"

ਸਾਰੀ ਗੱਲ ਸੁਣ ਕੇ ਚਿੜੀ ਨੇ ਲੰਮਾ ਸਾਹ ਲਿਆ, "ਨਿੱਕੀ ਜਿਹੀ ਜਿੰਦ ਨੇ ਆਪਣੇ ਸਿਰ ਕਿੰਨਾ ਵੱਡਾ ਭਾਰ ਲਿਆ ਹੋਇਆ।"

ਬੱਚਾ ਵਿੱਚੋਂ ਹੀ ਬੋਲ ਪਿਆ, "ਨਾਨੀ ਨੇ ਮੈਨੂੰ ਕਹਾਣੀ ਨਹੀਂ ਸੁਣਾਈ। ਤੂੰ ਤਾਂ ਕਿਹਾ ਸੀ ਨਾਨੀ ਨੂੰ ਬਹੁਤ ਕਹਾਣੀਆਂ ਚੇਤੇ ਹਨ।"

 ਚਿੜੀ ਨੇ ਉਸ ਵੱਲ ਮੂੰਹ ਫੇਰਦਿਆਂ ਕਿਹਾ, "ਸਮੇਂ ਦੀ ਗੱਲ ਹੈ। ਹੁਣ ਤਾਂ ਉਹ ਸਭ ਕੁਝ ਭੁੱਲੀ ਬੈਠੀ ਹੈ। ਕੀ ਕੀਤਾ ਜਾਵੇ।"

 "ਉਸ ਨੂੰ ਆਪਣੇ ਨਾਲ ਲੈ ਚਲਦੇ ਹਾਂ।"

 ਚਿੜੀ ਨੇ ਜਵਾਬ ਦਿੱਤਾ, "ਉਹ ਨਹੀਂ ਜਾਵੇਗੀ। ਮੈਂ ਜਾਣਦੀ ਹਾਂ।"

 ਇੰਨੇ ਨੂੰ ਅੱਧੀ ਚੁੰਝ ਵਾਲੀ ਚਿੜੀ ਆ ਪਹੁੰਚੀ। ਚਿੜੀ ਦੇ ਬੱਚੇ ਨੇ ਬੜੇ ਉਤਸ਼ਾਹ ਨਾਲ ਕਿਹਾ, "ਨਾਨੀ, ਨਾਨੀ। ਤੇਰੀ ਸਾਰੀ ਕਹਾਣੀ ਕਬੂਤਰ ਨੇ ਸਾਨੂੰ ਸੁਣਾ ਦਿੱਤੀ ਹੈ। ਤੂੰ ਸਾਡੇ ਨਾਲ ਚੱਲ। 'ਕੱਠੇ ਰਹਾਂਗੇ। ਤੈਥੋਂ ਕਹਾਣੀਆਂ ਸੁਣਿਆ ਕਰਾਂਗੇ।"

ਅੱਧੀ ਚੁੰਝ ਵਾਲੀ ਚਿੜੀ ਨੂੰ ਇਹ ਵਿਚਾਰ ਚੰਗਾ ਨਾ ਲੱਗਾ। ਉਸ ਨੇ ਕਿਹਾ, "ਤੁਸੀਂ ਖੁਸ਼ ਰਹੋ। ਮੈਂ ਨਹੀਂ ਚਾਹੁੰਦੀ ਤੁਸੀਂ ਮੇਰੇ ਨਾਲ ਦੁੱਖ ਭੋਗੋ। ਆਪਣੀ ਲੜਾਈ ਮੈਂ ਖੁਦ ਲੜਾਂਗੀ।"

 ਉਸ ਨੇ ਆਪਣੇ ਬੱਚਿਆਂ ਦੀ ਮਿੰਨਤ ਨਾ ਮੰਨੀ। ਸਗੋਂ ਆਪਣੀ ਦ੍ਰਿੜ੍ਹ ਆਵਾਜ਼ ਵਿੱਚ ਉਨ੍ਹਾਂ ਨੂੰ ਕਿਹਾ, "ਜੇ ਮੈਂ ਤੁਹਾਡੇ ਨਾਲ ਤੁਰ ਗਈ ਤਾਂ ਮੇਰਾ ਅਧੂਰਾ ਕੰਮ ਕੌਣ ਕਰੇਗਾ। ਮੈਂ ਇਸ ਬਜਰੀ ਥੱਲਿਓਂ ਆਪਣਾ ਆਲ੍ਹਣਾ ਲੱਭ ਕੇ ਹੀ ਸਾਹ ਲਵਾਂਗੀ।"

ਬਹੁਤ ਦੇਰ ਤੱਕ ਚੁੱਪ ਪਸਰੀ ਰਹੀ। ਬੱਚਾ ਕਾਹਲਾ ਪੈ ਰਿਹਾ ਸੀ। ਨਾਨੀ ਨੇ ਉਸ ਦੀ ਹਾਲਤ ਦੇਖ ਚਿੜੀ ਨੂੰ ਕਿਹਾ, "ਤੁਸੀਂ ਆਪਣੇ ਘਰ ਜਾਓ। ਦਿਨੇ ਦਿਨੇ ਪਹੁੰਚ ਜਾਓ... ਬੱਚਾ ਉਦਾਸ ਹੋ ਰਿਹਾ ਹੈ।"

ਉਹ ਉੱਡਣ ਹੀ ਵਾਲੇ ਸਨ ਕਿ ਉਨ੍ਹਾਂ ਦੇ ਕੰਨੀ ਮਾਂ ਚਿੜੀ ਦੇ ਬੋਲ ਪਏ, "ਤੁਸੀਂ ਜਦ ਆਉਣਾ ਚਾਹੋ ਆਓ...ਇਹ ਦਰ ਸਦਾ ਖੁੱਲ੍ਹਾ ਹੈ।"

 ਅਗਲੇ ਹੀ ਪਲ ਮਾਂ ਅਤੇ ਬੱਚਾ ਖਲਾਅ ਵਿੱਚ ਉੱਡ ਰਹੇ ਸਨ।

PunjabKesari

 

ਜਗਤਾਰਜੀਤ ਸਿੰਘ 

 


jasbir singh

News Editor

Related News