'ਕੋਰੋਨਾ' ਦੇ ਖੌਫ 'ਚ ਗੂੰਜੀਆਂ ਕਿਲਕਾਰੀਆਂ, ਜਨਮ ਲੈਂਦੇ ਹੀ ਮਾਵਾਂ ਤੋਂ ਜੁਦਾ ਹੋਏ 3 ਬੱਚੇ
Monday, May 11, 2020 - 12:04 PM (IST)
ਚੰਡੀਗੜ੍ਹ (ਕੁਲਦੀਪ, ਅਰਚਨਾ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਲਗਾਤਾਰ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਖੌਫ ਦੌਰਾਨ ਸ਼ਹਿਰ 'ਚ ਨੰਨ੍ਹੇ-ਮੁੰਨਿਆਂ ਦੀਆਂ ਕਿਲਕਾਰੀਆਂ ਵੀ ਗੂੰਜ ਰਹੀਆਂ ਹਨ। ਸ਼ਹਿਰ ਦੇ 3 ਨੰਨ੍ਹੇ-ਮੁੰਨੇ ਬੱਚਿਆਂ ਨੂੰ ਜਨਮ ਦੇ ਤੁਰੰਤ ਬਾਅਦ ਹੀ ਆਪਣੀਆਂ ਮਾਵਾਂ ਤੋਂ ਅਲੱਗ ਕਰ ਦਿੱਤਾ ਗਿਆ ਕਿਉਂਕਿ ਤਿੰਨਾਂ ਦੀਆਂ ਮਾਵਾਂ ਕੋਰੋਨਾ ਪਾਜ਼ੇਟਿਵ ਹਨ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਹੀ ਮਾਵਾਂ ਆਪਣੇ ਬੱਚਿਆਂ ਤੋਂ ਦੂਰ ਹੋ ਗਈਆਂ ਹਨ। ਤਿੰਨੇ ਪੀ. ਜੀ. ਆਈ. ਦੇ ਕੋਵਿਡ ਹਸਪਤਾਲ 'ਚ ਦਾਖਲ ਹਨ। ਦੋ ਬੱਚੇ ਜੀ. ਐਮ. ਸੀ. ਐਚ.-16 ਦੇ ਸ਼ਿਸ਼ੂ ਰੋਗ ਵਿਭਾਗ 'ਚ ਰੱਖੇ ਗਏ ਹਨ, ਜਦੋਂ ਕਿ ਤੀਜੇ ਬੱਚੇ ਨੂੰ ਉਸ ਦੇ ਪਿਤਾ ਹੀ ਮਾਂ ਦੀ ਤਰ੍ਹਾਂ ਪਾਲ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦੇ 6 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 136 'ਤੇ ਪੁੱਜਾ
ਨਵਜੰਮੇ ਬੱਚਿਆਂ ਦੀ ਰੋਗ ਰੋਕੂ ਸਮਰੱਥਾ ਮਾਂ ਦਾ ਦੁੱਧ ਵਧਾਉਂਦਾ ਹੈ ਪਰ ਤਿੰਨਾਂ ਮਾਸੂਮ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਮਿਲ ਸਕਦਾ, ਉਨ੍ਹਾਂ ਨੂੰ ਪੈਕਟ ਦਾ ਦੁੱਧ ਪੀਣ ਲਈ ਦਿੱਤਾ ਜਾ ਰਿਹਾ ਹੈ। ਜੀ. ਐਮ. ਐਸ. ਐਚ.-16 ਦੇ ਸ਼ਿਸ਼ੂ ਰੋਗ ਮਾਹਰ ਨੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਦਾ ਦੁੱਧ ਉਪਲੱਬਧ ਕਰਵਾਉਣ ਨੂੰ ਕਿਹਾ ਹੈ। ਡਾਕਟਰਾਂ ਨੇ ਪੀ. ਜੀ. ਆਈ. ਤੋਂ ਪੁੱਛਿਆ ਹੈ ਕਿ ਕੀ ਬੱਚਿਆਂ ਨੂੰ ਪੀ. ਜੀ. ਆਈ. ਦੇ ਐਡਵਾਂਸ ਪੈਡੀਆਟ੍ਰਿਕ ਸੈਂਟਰ 'ਚ ਰੱਖ ਕੇ ਕੋਵਿਡ ਹਸਪਤਾਲ 'ਚ ਇਲਾਜ ਅਧੀਨ ਮਾਵਾਂ ਤੋਂ ਦੁੱਧ ਮੰਗਵਾ ਕੇ ਬੱਚਿਆਂ ਨੂੰ ਪਿਲਾਇਆ ਜਾ ਸਕਦਾ ਹੈ ਪਰ ਪੀ. ਜੀ. ਆਈ. ਨੇ ਕਿਹਾ ਹੈ ਕਿ ਅਜਿਹਾ ਕਰਨਾ ਰਿਸਕੀ ਹੋ ਸਕਦਾ ਹੈ।
ਇਹ ਵੀ ਪੜ੍ਹੋ : 'ਕੈਪਟਨ' ਨੇ ਸਾਬਕਾ PM ਮਨਮੋਹਨ ਸਿੰਘ ਦੇ ਜਲਦ ਠੀਕ ਹੋਣ ਲਈ ਭੇਜੀਆਂ ਸ਼ੁੱਭ ਕਾਮਨਾਵਾਂ
2 ਕੋਰੋਨਾ ਮਰੀਜ਼ਾਂ ਨੇ ਜਿੱਤੀ ਜੰਗ
ਇਸ ਦੇ ਨਾਲ ਹੀ 26 ਸਾਲਾ ਡਾਕਟਰ ਸੁਨੰਦਾ ਠੀਕ ਹੋ ਕੇ ਆਪਣੇ ਘਰ ਪਹੁੰਚ ਗਈ ਹੈ। ਸੀਨੀਅਰ ਟ੍ਰੈਫਿਕ ਮਾਰਸ਼ਲ ਸੁਰੇਸ਼ ਸ਼ਰਮਾ ਨੇ ਵੀ ਠੀਕ ਹੋ ਕੇ ਆਪਣੇ ਘਰ ਨੂੰ ਪਰਤ ਆਏ ਹਨ। ਉਨ੍ਹਾਂ ਦੇ ਗੁਆਂਢੀਆਂ ਵਲੋਂ ਘਰ ਪੁੱਜਣ 'ਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ।