ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨਾਂ ਤੇ ਗਹਿਣੇ ਵੇਚਣ ਲੱਗੇ ਮਾਪੇ

09/12/2019 3:37:24 PM

ਬਠਿੰਡਾ (ਵੈੱਬ ਡੈਸਕ) : ਪੰਜਾਬ ਵਿਚ ਪਿਛਲੇ ਇਕ ਵਰ੍ਹੇ ਤੋਂ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਸਿਖਰ 'ਤੇ ਪਹੁੰਚ ਗਿਆ ਹੈ। ਇਸ ਲਈ ਪੰਜਾਬੀ ਮਾਪੇ ਆਪਣਾ ਸਭ ਕੁੱਝ ਦਾਅ 'ਤੇ ਲਗਾਉਣ ਨੂੰ ਤਿਆਰ ਹਨ। ਇਸ ਲਈ ਭਾਵੇਂ ਉਨ੍ਹਾਂ ਨੁੰ ਆਪਣੇ ਘਰ-ਬਾਹਰ ਜ਼ਮੀਨਾਂ ਅਤੇ ਮਸ਼ੀਨਰੀ ਕਿਉਂ ਨਾ ਗਹਿਣੇ ਰੱਖਣੀ ਪਏ ਉਹ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਦੀਆਂ ਇਕ ਨਹੀਂ ਅਨੇਕ ਉਦਾਰਹਣਾਂ ਮੌਜੂਦ ਹਨ। ਪਿੰਡ ਚੱਕ ਬਖਤੂ ਦੇ ਦੋ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਪੁਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਾਰੇ ਪਸ਼ੂ ਵੀ ਵੇਚ ਦਿੱਤੇ। ਇਸੇ ਤਰ੍ਹਾਂ ਪਿੰਡ ਗਿੱਲ ਖੁਰਦ ਦੇ ਇਕ ਕਿਸਾਨ ਵੱਲੋਂ ਆਪਣਾ ਟਰੈਕਟਰ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮੰਡੀ ਕਲਾਂ ਦੇ ਇਕ ਪਰਿਵਾਰ ਨੇ ਵੀ ਬਾਹਰ ਬੈਠੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਜ਼ਮੀਨ ਤੱਕ ਵੇਚ ਦਿੱਤੀ। ਉਨ੍ਹਾਂ ਨੂੰ ਬੱਚੇ ਭੇਜਣ ਮੌਕੇ ਆਪਣੇ ਪਸ਼ੂ ਵੀ ਵੇਚਣੇ ਪਏ ਸਨ। ਇਸ ਤਰ੍ਹਾਂ ਦੇ ਹੀ ਮਾਮਲੇ ਲਹਿਰਾ ਖਾਨਾ ਤੇ ਭੁੱਚੋ ਖੁਰਦ ਵਿਚ ਦੇਖਣ ਨੂੰ ਮਿਲੇ, ਜਿੱਥੇ ਮਾਂਵਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਦਿੱਤੇ। ਭੁੱਚੋ ਮੰਡੀ ਦੇ ਇਕ ਜਵੈਲਰ ਨੇ ਦੱਸਿਆ ਕਿ ਇਕ ਦਿਨ 'ਚ 4 ਦੇ ਕਰੀਬ ਕੇਸ ਗਹਿਣੇ ਗਿਰਵੀ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ।

ਇਵੇਂ ਹੀ ਮਾਲਵਾ ਖ਼ਿੱਤੇ 'ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ 'ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ। ਪਤਾ ਲੱਗਾ ਹੈ ਕਿ ਕੋਟਬਖਤੂ ਦੇ ਇਕ ਘਰ ਨੇ ਸਟੱਡੀ ਵੀਜ਼ਾ ਲੱਗਣ ਮਗਰੋਂ ਟਰੈਕਟਰ ਵੀ ਵੇਚਿਆ ਹੈ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ 'ਚਿੱਟੇ' ਦੇ ਧੂੰਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇਲਣੇ ਪੈਣ। ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ।

ਪੈਸੇ ਵਾਲੀ ਕੁੜੀ ਦੀ ਭਾਲ
ਨਵਾਂ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੜਕਿਆਂ ਦੇ ਚੰਗੇ ਬੈਂਡ ਆਏ ਹਨ, ਉਹ ਵੀ ਏਦਾਂ ਦੀ ਕੁੜੀ ਭਾਲਦੇ ਹਨ ਜੋ ਵਿਦੇਸ਼ ਦਾ ਖਰਚਾ ਚੁੱਕ ਸਕੇ।


cherry

Content Editor

Related News