ਚਾਈਲਡ ਲਾਈਨ ਗੁਰਦਾਸਪੁਰ ਦੀ ਟੀਮ ਨੇ ਰੁਕਵਾਇਆ ਨਾਬਾਲਗ ਕੁੜੀ ਦਾ ਵਿਆਹ, ਮਿਲੀ ਸੀ ਗੁਪਤ ਸ਼ਿਕਾਇਤ
Thursday, Sep 16, 2021 - 04:44 PM (IST)
ਗੁਰਦਾਸਪੁਰ (ਹਰਮਨ) - ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਚਾਈਲਡ ਲਾਈਨ 1098 ਨੇ ਜ਼ਿਲ੍ਹੇ ਅੰਦਰ ਇਕ ਨਾਬਾਲਗ ਕੁੜੀ ਦਾ ਵਿਆਹ ਰੁਕਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ 15 ਸਤੰਬਰ ਨੂੰ ਚਾਈਲਡ ਹੈਲਪਲਾਈਨ 'ਤੇ ਕਿਸੇ ਨੇ ਗੁਪਤ ਸ਼ਿਕਾਇਤ ਰਾਹੀਂ ਸੂਚਿਤ ਕੀਤਾ ਸੀ ਕਿ ਕਾਹਨੂੰਵਾਨ ਤਹਿਸੀਲ ਦੇ ਇੱਕ ਪਿੰਡ ਵਿਖੇ ਨਾਬਾਲਗ ਕੁੜੀ ਦਾ ਵਿਆਹ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪ੍ਰਾਜੈਕਟ ਕੋਆਰਡੀਨੇਟਰ ਜੈ ਰਘੁਬੀਰ ਵੱਲੋਂ ਕੌਂਸਲਰ ਨਵਨੀਤ ਕੌਰ, ਜਗੀਰ ਸਿੰਘ ਅਤੇ ਨਵਦੀਪ ਕੌਰ ਦੀ ਡਿਊਟੀ ਲਗਾਈ ਗਈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਕੁੜੀ ਦੀ ਜਨਮ ਤਾਰੀਖ਼ ਚੈੱਕ ਕੀਤੀ ਜਾਵੇ।
ਚਾਈਲਡ ਲਾਈਨ ਟੀਮ ਨੇ ਫੌਰੀ ਤੌਰ 'ਤੇ ਸੰਬੰਧਤ ਮਹਿਕਮਿਆ ਨਾਲ ਤਾਲ ਮੇਲ ਕਰਕੇ ਕੁੜੀ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦਾ ਆਧਾਰ ਕਾਰਡ ਚੈੱਕ ਕੀਤਾ, ਜਿਸ ਅਨੁਸਾਰ ਕੁੜੀ ਦੀ ਉਮਰ 16 ਸਾਲ 2 ਮਹੀਨੇ ਸੀ। ਇਸ ਉਪਰੰਤ ਚਾਈਲਡ ਲਾਈਨ ਟੀਮ ਵੱਲੋਂ ਨੇ ਡੀ.ਸੀ.ਪੀ.ਓ, ਐੱਸ.ਡੀ.ਐੱਮ ਗੁਰਦਾਸਪੁਰ ਦੇ ਨੋਟਿਸ ਵਿੱਚ ਸਾਰਾ ਮਾਮਲਾ ਲਿਆਂਦਾ। ਫਿਰ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਚਾਈਲਡ ਲਾਈਨ ਟੀਮ, ਕਾਹਨੂੰਵਾਨ ਪੁਲਸ ਦੇ ਏ.ਐੱਸ.ਆਈ ਨਿਰਮਲ ਸਿੰਘ ਅਤੇ ਸੁਪਰਵਾਈਜਰ ਮੈਡਮ ਜਸਬੀਰ ਕੌਰ ਨੇ ਉਕਤ ਕੁੜੀ ਦੇ ਘਰ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਵਿਆਹ ਵਾਲੀ ਥਾਂ ਪਹੁੰਚੇ ਤਾਂ ਵਿਆਹ ਲਈ ਸਜਾਏ ਪੰਡਾਲ ਵਿੱਚ ਬਰਾਤ ਪਹੁੰਚ ਚੁੱਕੀ ਸੀ। ਟੀਮ ਨੇ ਵਿਆਹ ਤੋਂ ਪਹਿਲਾਂ ਹੀ ਬੱਚੀ ਦੇ ਮਾਂ-ਪਿਓ ਦੀ ਕੌਂਸਲਿੰਗ ਕਰਕੇ ਸਮਝਾਇਆ ਕਿ 18 ਸਾਲਾਂ ਤੋਂ ਘੱਟ ਉਮਰ ਦੀ ਕਿਸੇ ਵੀ ਕੁੜੀ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਨੇ ਪੰਚਾਇਤ ਮੈਂਬਰਾਂ ਅਤੇ ਆਮ ਜਨਤਾ ਨੂੰ ਵੀ ਸਮਝਾਇਆ ਕਿ ਨਾਬਾਲਗ ਬੱਚਿਆ ਦਾ ਵਿਆਹ ਨਾ ਕੀਤਾ ਜਾਵੇ, ਜਿਸ ਤੋਂ ਬਾਅਦ ਇਹ ਵਿਆਹ ਰੋਕ ਦਿੱਤਾ ਗਿਆ।