ਹਸਪਤਾਲ ''ਚ ਅਣਗਹਿਲੀ ਕਾਰਨ ਹੋਈ ਬੱਚੇ ਦੀ ਮੌਤ ਹੋਣ ਦਾ ਦੋਸ਼

09/23/2017 10:25:27 AM


ਮੋਹਾਲੀ (ਨਿਆਮੀਆਂ) - ਸਥਾਨਕ ਫੇਜ਼-11 ਦੇ ਵਸਨੀਕ ਪ੍ਰਭਜੋਤ ਸਿੰਘ ਨੇ ਸਿਵਲ ਸਰਜਨ, ਸਿਵਲ ਹਸਪਤਾਲ ਫੇਜ਼-6 ਤੇ ਸਿਹਤ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਸਿਵਲ ਹਸਪਤਾਲ ਦੀ ਡਾਕਟਰ ਸਿੰਮੀ ਖਿਲਾਫ ਡਿਊਟੀ ਸਬੰਧੀ ਲਾਪ੍ਰਵਾਹੀ ਵਰਤਣ 'ਤੇ ਸਖਤ ਕਾਰਵਾਈ ਕੀਤੀ ਜਾਵੇ। 
ਪੱਤਰ ਵਿਚ ਪ੍ਰਭਜੋਤ ਸਿੰਘ ਨੇ ਲਿਖਿਆ ਹੈ ਕਿ 13 ਸਤੰਬਰ ਦੀ ਰਾਤ ਨੂੰ 10 ਵਜੇ ਉਹ ਆਪਣੀ ਪਤਨੀ ਇੰਦਰਜੀਤ ਕੌਰ ਨੂੰ ਜਣੇਪਾ ਦਰਦਾਂ ਸ਼ੁਰੂ ਹੋਣ 'ਤੇ ਸਿਵਲ ਹਸਪਤਾਲ ਫੇਜ਼-6 'ਚ ਲੈ ਕੇ ਗਿਆ ਸੀ ਪਰ ਉਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਹਸਪਤਾਲ ਦੇ ਲੇਬਰ ਰੂਮ ਵਿਚ ਦੋ ਨਰਸਾਂ ਸਨ, ਉਨ੍ਹਾਂ ਨੇ ਜਾਂਚ ਕਰ ਕੇ ਡਾ. ਸਿੰਮੀ ਨੂੰ ਫੋਨ ਕੀਤਾ ਪਰ ਡਾਕਟਰ ਨੇ ਹਸਪਤਾਲ ਆਉਣ ਦੀ ਥਾਂ ਸਟਾਫ ਨਰਸਾਂ ਨੂੰ ਕਹਿ ਦਿੱਤਾ ਕਿ ਇਸ ਕੇਸ ਨੂੰ ਚੰਡੀਗੜ੍ਹ ਦੇ ਸੈਕਟਰ-16 ਜਾਂ ਸੈਕਟਰ-32 ਵਿਚ ਰੈਫਰ ਕਰ ਦਿਓ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਡਾ. ਸਿੰਮੀ ਹਸਪਤਾਲ ਵਿਚ ਨਹੀਂ ਆਈ। 
ਉਨ੍ਹਾਂ ਕਿਹਾ ਕਿ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਪਹੁੰਚਦਿਆਂ ਕਾਫੀ ਸਮਾਂ ਲੱਗ ਗਿਆ ਤੇ ਜਦੋਂ ਉਥੇ ਡਾਕਟਰਾਂ ਨੇ ਅਲਟਰਾਸਾਊਂਡ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦੇ ਪੇਟ ਵਿਚ ਹੀ ਬੱਚੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਸਿਵਲ ਹਸਪਤਾਲ ਫੇਜ਼-6 ਵਿਚ ਹੀ ਡਾਕਟਰ ਵਲੋਂ ਉਸ ਦੀ ਪਤਨੀ ਦੀ ਸੰਭਾਲ ਕੀਤੀ ਜਾਂਦੀ ਤਾਂ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਰਾਤ ਨੂੰ ਡਿਊਟੀ ਉਪਰ ਨਾ ਆਉਣ ਵਾਲੇ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਸੁਨੇਹਾ ਮਿਲਣ ਦੇ ਬਾਵਜੂਦ ਵੀ ਹਸਪਤਾਲ ਨਾ ਆਉਣ ਵਾਲੀ ਡਾ. ਸਿੰਮੀ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਸੰਪਰਕ ਕਰਨ 'ਤੇ ਸਿਵਲ ਹਸਪਤਾਲ ਫੇਜ਼-6 ਦੀ ਡਾ. ਸਿੰਮੀ ਨੇ ਕਿਹਾ ਕਿ ਉਨ੍ਹਾਂ 'ਤੇ ਲਾਏ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਰਾਤ ਵੇਲੇ ਜਦੋਂ ਮਰੀਜ਼ ਹਸਪਤਾਲ ਵਿਚ ਆਈ ਤਾਂ ਸਟਾਫ ਨਰਸ ਵਲੋਂ ਮਰੀਜ਼ ਦੀ ਜਾਂਚ ਕਰ ਕੇ ਉਸ ਨੂੰ ਕਿਹਾ ਗਿਆ ਸੀ ਕਿ ਬੱਚੇ ਦੀ ਧੜਕਣ ਨਹੀਂ ਮਿਲ ਰਹੀ ਤੇ ਅਲਟਰਾਸਾਊਂਡ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਅਲਟਰਾਸਾਊਂਡ ਕਰਵਾਉਣ ਵਾਸਤੇ ਸੈਕਟਰ-32 ਦੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਰਾਤ ਵੇਲੇ ਸਿਵਲ ਹਸਪਤਾਲ ਵਿਚ ਅਲਟਰਾਸਾਊਂਡ ਕਰਵਾਉਣ ਦੀ ਸਹੂਲਤ ਨਹੀਂ ਹੁੰਦੀ। 
ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਲਾਪ੍ਰਵਾਹੀ ਦੇ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਡਾਕਟਰ ਦੀ ਗੈਰ-ਹਾਜ਼ਰੀ ਵਿਚ ਇਸ ਤਰ੍ਹਾਂ ਮਰੀਜ਼ ਨੂੰ ਰੈਫਰ ਹੀ ਨਹੀਂ ਕੀਤਾ ਜਾ ਸਕਦਾ ਤੇ 13 ਸਤੰਬਰ ਨੂੰ ਇੰਦਰਜੀਤ ਕੌਰ ਨਾਂ ਦੇ ਕਿਸੇ ਮਰੀਜ਼ ਨੂੰ ਰੈਫਰ ਨਹੀਂ ਕੀਤਾ ਗਿਆ ਸੀ। ਔਰਤ ਦੇ ਪਤੀ ਨੇ ਪੱਤਰ ਦੀ ਕਾਪੀ ਸਕੱਤਰ ਸਿਹਤ ਵਿਭਾਗ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਹਲਕਾ ਵਿਧਾਇਕ ਮੋਹਾਲੀ ਨੂੰ ਵੀ ਭੇਜੀ ਹੈ।


Related News