ਲੁਧਿਆਣਾ : 5 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚਿਆ, ਹੋਈ ਮੌਤ
Monday, Jan 27, 2020 - 06:49 PM (IST)
ਲੁਧਿਆਣਾ (ਵਿਪਨ)— ਪੰਜਾਬ 'ਚ ਆਵਾਰਾ ਕੁੱਤੇ ਕਿਸ ਤਰ੍ਹਾਂ ਖਤਰਨਾਕ ਹੁੰਦੇ ਜਾ ਰਹੇ ਹਨ, ਇਸ ਦੀ ਤਾਜ਼ਾ ਉਦਾਹਰਣ ਅੱਜ ਖੰਨਾ ਦੇ ਪਿੰਡ ਬਾਹੋਮਾਜਰਾ 'ਚ ਦੇਖਣ ਨੂੰ ਮਿਲੀ। ਇਥੇ ਅਵਾਰਾ ਕੁੱਤਿਆਂ ਨੇ ਪ੍ਰਵਾਸੀ ਪਰਿਵਾਰ ਦੇ 5 ਸਾਲਾ ਬੱਚੇ ਵਿਰਾਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਬੱਚੇ ਦੀ ਮੌਤ ਹੋ ਗਈ।
ਬੱਚੇ ਦੇ ਪਿਤਾ ਪ੍ਰੇਮ ਚੰਦ ਰਾਮ ਅਤੇ ਮਾਮਾ ਗਰੀਬ ਨਾਥ ਰਾਮ ਨੇ ਦੱਸਿਆ ਕਿ ਜਦੋਂ ਉਹ ਕੰਮ 'ਤੇ ਹੋਏ ਸਨ ਤਾਂ ਬੱਚਾ ਘਰ ਦੇ ਕੋਲ ਹੀ ਖੇਡ ਰਿਹਾ ਸੀ ਕਿ ਅਚਾਨਕ ਬੱਚਾ ਉਥੋਂ ਗਾਇਬ ਹੋ ਗਿਆ। ਇਸ ਤੋਂ ਬਾਅਦ ਤੁਰੰਤ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਦੇਖਿਆ ਕਿ 4 ਕੁੱਤੇ ਖੇਤ 'ਚ ਬੱਚੇ ਨੂੰ ਨੋਚ ਰਹੇ ਸਨ। ਕੁੱਤਿਆਂ ਤੋਂ ਛੁੜਵਾ ਕੇ ਜਦੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਇੰਜੈਕਸ਼ਨ ਲਗਾਉਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ।
ਉਥੇ ਹੀ ਇਸ ਸਬੰਧ 'ਚ ਸਮਾਜਸੇਵੀ ਸੰਸਥਾ ਲੋਕ ਸੇਵਾ ਕਲੱਬ ਨੇ ਇਸ ਘਟਨਾ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਸਥਾ ਦੇ ਮੁਖੀ ਪੀ. ਡੀ. ਬੰਸਲ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਲਈ ਸਿੱਧੇ ਤੌਰ 'ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਆਵਾਰਾ ਜਾਨਵਰਾਂ 'ਤੇ ਨਕਲੇ ਕੱਸਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਰਿਹਾ ਹੈ।