ਅਚਾਨਕ ਫਟੀ ਸੈਨੀਟਾਈਜ਼ਰ ਦੀ ਕੈਨੀ, 9 ਸਾਲਾ ਬੱਚਾ ਝੁਲਸਿਆ

04/25/2020 2:12:43 AM

ਸੁਭਾਨਪੁਰ/ਕਰਤਾਰਪੁਰ, (ਸਤਨਾਮ, ਸਾਹਨੀ)— ਇਕ ਫੈਕਟਰੀ ਵੱਲੋਂ ਵੰਡੇ ਗਏ ਸੈਨੀਟਾਈਜ਼ਰ ਨਾਲ ਖੇਡਦੇ ਹੋਏ ਅਚਾਨਕ ਕੈਨੀ ਦੇ ਫੱਟਣ ਕਾਰਣ ਇਕ 9 ਸਾਲਾ ਬੱਚਾ ਝੁਲਸ ਗਿਆ। ਝੁਲਸੇ ਬੱਚੇ ਦਾ ਇਲਾਜ ਕਰਵਾਉਣ ਲਈ ਪੀੜ੍ਹਤ ਪਰਿਵਾਰ ਵੱਲੋਂ ਕਈ ਘੰਟੇ ਥਾਂ-ਥਾਂ ਭਟਕਣ ਨੂੰ ਮਜਬੂਰ ਹੋਣ ਤੋਂ ਬਾਅਦ ਕਪੂਰਥਲਾ ਸਿਵਲ ਹਸਪਤਾਲ 'ਚ ਬੱਚੇ ਨੂੰ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਇਕ ਇੰਡਸਟਰੀ ਵੱਲੋਂ ਆਪਣੇ ਵਰਕਰਾਂ ਨੂੰ ਵੰਡੇ ਗਏ ਸੈਨੇਟਾਈਜ਼ਰ ਨਾਲ ਪਿੰਡ ਮੁਰਾਰ ਦੇ ਵਸਨੀਕ ਫੈਕਟਰੀ ਮਜ਼ਦੂਰ ਦੇ ਨਾਬਾਲਗ ਬੱਚੇ ਦਾ ਸ਼ਰੀਰ ਕਾਫੀ ਝੁਲਸ ਗਿਆ ਸੀ। ਬੱਚਾ ਇਸ ਵੇਲੇ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਬੱਚੇ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਸਥਾਨਕ ਫੈਕਟਰੀ ਵੱਲੋਂ ਬੀਤੇ ਦਿਨ ਪਿੰਡ 'ਚ ਘਰਾਂ ਲਈ ਸੈਨੀਟਾਈਜ਼ਰ ਵੰਡਿਆ ਗਿਆ ਸੀ। ਜਾਣਕਾਰੀ ਨਾ ਹੋਣ ਕਰ ਕੇ ਖੇਡਦੇ ਹੋਏ ਉਸਦੇ 9 ਸਾਲ ਦੇ ਨਾਬਾਲਗ ਬੱਚੇ ਆਕਾਸ਼ਦੀਪ ਦਾ ਉਸ ਉੱਪਰ ਅਚਾਨਕ 2 ਲਿਟਰ ਦੀ ਕੈਨੀ ਫੱਟ ਕੇ ਡਿੱਗ ਪਈ। ਜਿਸ ਕਾਰਣ ਉਸਦਾ ਸ਼ਰੀਰ ਕਾਫੀ ਝੁਲਸ ਗਿਆ। ਜਿਸ ਨੂੰ ਹਮੀਰਾ ਫੈਕਟਰੀ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਪਰ ਜਲੰਧਰ 'ਚ ਕਥਿਤ ਤੌਰ 'ਤੇ ਕਈ ਹਸਪਤਾਲਾਂ 'ਚ ਕਾਫੀ ਸਮਾਂ ਭਟਕਣ ਤੋਂ ਬਾਅਦ ਅਖੀਰ ਉਸ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ, ਜਿਥੇ ਉਹ ਇਲਾਜ ਅਧੀਨ ਹੈ। ਇਸ ਸਬੰਧੀ ਸੁਭਾਨਪੁਰ ਪੁਲਸ ਨੇ ਬੱਚੇ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ। ਡੀ. ਸੀ. ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਮਾਮਲੇ ਦੀ ਲਿਖਤ ਸ਼ਿਕਾਇਤ ਆਉਣ ਦੇ ਬਾਅਦ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


KamalJeet Singh

Content Editor

Related News