ਸੀ. ਐੈੱਮ. ਦੇ ਜਨਮ ਦਿਨ ''ਤੇ ਭੜਕੇ ਅਧਿਆਪਕਾਂ ਨੇ ਫੂਕੀ ਕੈਪਟਨ ਅਮਰਿੰਦਰ ਦੀ ਅਰਥੀ

03/12/2018 11:04:49 AM

ਪਟਿਆਲਾ (ਜੋਸਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ 'ਤੇ ਅੱਜ ਸੀ. ਐੈੱਮ. ਸਿਟੀ ਵਿਚ ਭੜਕੇ ਅਧਿਆਪਕਾਂ ਨੇ ਉਨ੍ਹਾਂ ਦੀ ਅਰਥੀ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਪੂਰੇ ਤਨਖਾਹ ਸਕੇਲਾਂ ਤੇ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ।
ਕੰਪਿਊਟਰ ਫੈਕਲਟੀ, ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਤੇ ਮਾਡਲ ਸਕੂਲਾਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਸਰਕਾਰ ਵੱਲੋਂ ਕੀਤੀ ਜਾ ਰਹੀ ਲਗਭਗ ਇਕ ਚੌਥਾਈ ਕਟੌਤੀ ਅਤੇ 5178 ਅਧਿਆਪਕਾਂ ਦੇ 3 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਪੂਰੀ ਤਨਖ਼ਾਹ ਤੇ ਰੈਗੂਲਰ ਨਾ ਕੀਤੇ ਜਾਣ ਕਾਰਨ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, 5178 ਮਾਸਟਰ ਕਾਡਰ ਯੂਨੀਅਨ, ਐੱਸ. ਐੱਸ. ਏ./ਰਮਸਾ ਦਫਤਰੀ ਕਰਮਚਾਰੀ ਯੂਨੀਅਨ, ਮਿਡ-ਡੇ-ਮੀਲ ਦਫਤਰੀ ਕਰਮਚਾਰੀ ਯੂਨੀਅਨ ਅਤੇ ਆਦਰਸ਼ ਮਾਡਲ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਰੂਪ ਵਿਚ ਰੋਸ ਰੈਲੀ ਕਰਨ ਉਪਰੰਤ ਸ਼ੇਰਾਂ ਵਾਲਾ ਗੇਟ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। 
ਜਥੇਬੰਦੀਆਂ ਦੇ ਆਗੂਆਂ ਹਰਦੀਪ ਟੋਡਰਪੁਰ, ਸੁਮਿਤ ਕੁਮਾਰ, ਡਾ.ਅੰਮ੍ਰਿਤਪਾਲ ਸਿੱਧੂ, ਚਮਕੌਰ ਸਿੰਘ ਤੇ ਕੁਲਦੀਪ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਠੇਕਾ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਨੂੰ ਮੁੱਢਲੀ ਤਨਖ਼ਾਹ 'ਤੇ ਲਿਆ ਕੇ ਬੈਂਕਾਂ ਦੇ ਡਿਫਾਲਟਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਉਂਕਿ ਬਹੁਤ ਸਾਰੇ ਅਧਿਆਪਕਾਂ ਦੁਆਰਾ ਲਏ ਬੈਂਕ ਕਰਜ਼ਿਆਂ ਦੀਆਂ ਕਿਸ਼ਤਾਂ ਹੀ ਮੁੱਢਲੀ ਤਨਖ਼ਾਹ ਤੋਂ ਵੱਧ ਹਨ।
ਮੁਲਾਜ਼ਮ ਆਗੂਆਂ ਪ੍ਰਵੀਨ ਸ਼ਰਮਾ ਅਤੇ ਦਵਿੰਦਰ ਪੂਨੀਆ ਨੇ ਕਿਹਾ ਕਿ ਕੈਪਟਨ ਸਰਕਾਰ ਪਿਛਲੇ 9 ਸਾਲਾਂ ਤੋਂ ਠੇਕਾ ਆਧਾਰਤ ਨੌਕਰੀ ਦਾ ਸੰਤਾਪ ਹੰਢਾਅ ਰਹੇ ਅਧਿਆਪਕਾਂ ਉੱਤੇ ਗੈਰ-ਕਾਨੂੰਨੀ ਢੰਗ ਨਾਲ 3 ਸਾਲ ਦੇ ਪਰਖ ਕਾਲ ਦੀ ਸ਼ਰਤ ਲਾ ਕੇ ਉਨ੍ਹਾਂ ਨੂੰ ਮੁੱਢਲੀ ਤਨਖਾਹ ਤੇ ਰੈਗੂਲਰ ਕਰਨ ਦੀ ਤਿਆਰੀ ਕਰ ਰਹੀ ਹੈ। ਜਦਕਿ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦਿੱਤੇ ਜਾਣ ਦਾ ਨਿਯਮ 15-01-2015 ਤੋਂ ਬਾਅਦ ਵਿਚ ਭਰਤੀ ਹੋਣ ਵਾਲੇ ਮੁਲਾਜ਼ਮਾਂ 'ਤੇ ਹੀ ਲਾਗੂ ਹੁੰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਅਧਿਆਪਕ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲਈ ਤਿਆਰੀ ਕਰ ਚੁੱਕੇ ਹਨ, ਜਿਸ ਤਹਿਤ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ 14 ਮਾਰਚ ਨੂੰ ਜਲੰਧਰ ਵਿਖੇ ਵਿਸ਼ਾਲ ਧਰਨੇ ਦੇਣ ਉਪਰੰਤ 25 ਮਾਰਚ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਸਮੁੱਚੇ ਅਧਿਆਪਕਾਂ ਦੀ ਮਹਾ ਰੈਲੀ ਕੀਤੀ ਜਾਵੇਗੀ। ਅਧਿਆਪਕ ਆਗੂਆਂ ਨੇ ਸਾਲ 2011 ਵਿਚ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਹੋ ਚੁੱਕੇ ਅਧਿਆਪਕਾਂ ਨੂੰ ਦੁਬਾਰਾ ਰੈਗੂਲਰਾਈਜੇਸ਼ਨ ਦੇ ਨਾਂ ਹੇਠ ਸ਼ੋਸ਼ਿਤ ਕਰਨ ਦੀ ਨਿਖੇਧੀ ਕੀਤੀ।
ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਪੁੱਜੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਵਿਕਰਮਦੇਵ ਸਿੰਘ, ਪਰਮਜੀਤ ਸਿੰਘ, ਰਵਿੰਦਰ ਤਰੈਂ, ਸੁਖਵਿੰਦਰ ਸਿੰਘ, ਅਤਿੰਦਰਪਾਲ ਘੱਗਾ, ਕੁਲਦੀਪ ਪਟਿਆਲਵੀ, ਮਨਪ੍ਰੀਤ ਸਿੰਘ ਆਦਿ ਤੇ ਇਸਤਰੀ ਜਾਗ੍ਰਿਤੀ ਮੰਚ ਤੋਂ ਅਮਨ ਦਿਓਲ ਨੇ ਅਧਿਆਪਕ ਆਗੂਆਂ ਉੱਤੇ ਦਰਜ ਕੀਤੇ ਝੂਠੇ ਪੁਲਸ ਕੇਸਾਂ ਅਤੇ 5178 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਨੂੰ ਪੰਜਾਬ ਦਾ ਅਧਿਆਪਕ ਵਰਗ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰੇਗਾ।   


Related News