ਮੁੱਖ ਮੰਤਰੀ ਨੇ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲਾ ਕੀਤਾ ਜਾਂਚ ਬਿਊਰੋ ਹਵਾਲੇ

Wednesday, Apr 10, 2019 - 01:50 AM (IST)

ਮੁੱਖ ਮੰਤਰੀ ਨੇ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲਾ ਕੀਤਾ ਜਾਂਚ ਬਿਊਰੋ ਹਵਾਲੇ

ਚੰਡੀਗੜ੍ਹ,(ਅਸ਼ਵਨੀ) : ਖਰੜ ਦੇ ਲਾਇਸੰਸਿੰਗ ਅਥਾਰਟੀ ਜ਼ੋਨਲ ਨੇਹਾ ਸ਼ੋਰੀ ਦੇ ਪਰਿਵਾਰਕ ਮੈਂਬਰਾਂ ਦੀ ਬੇਨਤੀ 'ਤੇ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੇਹਾ ਸ਼ੋਰੀ ਕਤਲ ਦੀ ਪੜਤਾਲ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮਿਲ ਕੇ ਜਾਂਚ ਦਾ ਮਾਮਲਾ ਮੁਹਾਲੀ ਜ਼ਿਲ੍ਹੇ ਤੋਂ ਬਾਹਰ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦਾ ਜ਼ਿੰਮਾ ਸੀਨੀਅਰ ਆਈ. ਪੀ. ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤਾ। ਜਿਨ੍ਹਾਂ ਕੋਲ ਕਤਲ ਕੇਸਾਂ 'ਚ ਸੀ. ਬੀ. ਆਈ. 'ਚ ਕੰਮ ਕਰਨ ਦਾ 14 ਸਾਲਾਂ ਦਾ ਤਜਰਬਾ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਰੋਪੜ ਦੀ ਜ਼ਿਲ੍ਹਾ ਪੁਲਸ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੋਸ਼ੀ ਬਲਵਿੰਦਰ ਸਿੰਘ ਨੂੰ ਰਿਵਾਲਵਰ ਦਾ ਲਾਇਸੰਸ ਜਾਰੀ ਕਰਨ 'ਚ ਹੋਈ ਅਣਗਹਿਲੀ ਦੀ ਜਾਂਚ ਕਰਨ ਲਈ ਆਖਿਆ। ਇਸੇ ਤਰ੍ਹਾਂ ਮੁੱਖ ਸਕੱਤਰ ਰੋਪੜ ਦੇ ਹਥਿਆਰ ਡੀਲਰ ਵਲੋਂ ਦੋਸ਼ੀ ਨੂੰ ਵੇਚੇ ਹਥਿਆਰ ਦੀ ਜਾਂਚ ਵੀ ਕਰਨਗੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਧਿਕਾਰੀ/ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ 'ਚ ਦਖਲ ਜਾਂ ਧਮਕਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


Related News