''ਆਮ ਆਦਮੀ ਪਾਰਟੀ'' ਦੇ ਮੁੱਖ ਆਗੂ, ਵਿੱਛੜੇ ਸਭ ਵਾਰੀ-ਵਾਰੀ (ਤਸਵੀਰਾਂ)

08/27/2016 1:28:53 PM

ਚੰਡੀਗੜ੍ਹ : ''ਆਮ ਆਦਮੀ ਪਾਰਟੀ'' ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਵੀ ਪਾਰਟੀ ਦੇ ਉਨ੍ਹਾਂ ਮੁੱਖ ਆਗੂਆਂ ''ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਖਿਲਾਫ ਪਾਰਟੀ ਨੇ ਕਾਰਵਾਈ ਕੀਤੀ ਹੈ। ਇਨ੍ਹਾਂ ''ਚ ਹਰਿੰਦਰ ਸਿੰਘ ਖਾਲਸਾ, ਸਾਧੂ ਸਿੰਘ ਵਰਗੇ ਆਗੂ ਸ਼ਾਮਲ ਹਨ। ਕਹਿਣ ਦਾ ਭਾਵ ਕਿ ਇਹ ਮੁੱਖ ਆਗੂ ਪਾਰਟੀ ਤੋਂ ਇਕ-ਇਕ ਕਰਦੇ ਵਿੱਛੜਦੇ ਚਲੇ ਗਏ। ਹੁਣ ਤੱਕ ''ਆਮ ਆਦਮੀ ਪਾਰਟੀ'' ਕਿੰਨੇ ਮੁੱਖ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਚੁੱਕੀ ਹੈ ਜਾਂ ਕਈ ਆਗੂ ਖੁਦ ਹੀ ਪਾਰਟੀ ਨੂੰ ਛੱਡ ਚੁੱਕੇ ਹਨ, ਜਿਨ੍ਹਾਂ ਦਾ ਇਸ ਦਾ ਵੇਰਵਾ ਇਸ ਤਰ੍ਹਾਂ ਹੈ—
ਡਾ. ਧਰਮਵੀਰ ਗਾਂਧੀ
ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕੀਤਾ ਗਿਆ ਹੈ। ਯੋਗਿੰਦਰ ਯਾਦਵ ਸਮੇਤ ਡਾ. ਗਾਂਧੀ ਪਹਿਲੇ ਅਜਿਹੇ ਵਿਰੋਧੀ ਸਨ, ਜਿਨ੍ਹਾਂ ਨੇ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਚੁੱਕੀ। ਡਾ. ਗਾਂਧੀ ਨੇ ਨਾਂ ਤਾ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਪਾਰਟੀ ਛੱਡੀ ਹੈ। ਇਸ ਸਮੇਂ ਉਨ੍ਹਾਂ ਨੇ ''ਆਪ'' ਦੇ ਵਿਰੋਧੀਆਂ ਨੂੰ ਨਾਲ ਲੈ ਕੇ ਪੰਜਾਬ ''ਚ ਨਵੀਂ ਸਿਆਸੀ ਫਰੰਟ ਖੋਲ੍ਹਿਆ ਹੈ ਪਰ ਅਜੇ ਕਿਸੇ ਪਾਰਟੀ ਦਾ ਗਠਨ ਨਹੀਂ ਕੀਤਾ। 
ਹਰਿੰਦਰ ਸਿੰਘ ਖਾਲਸਾ
ਹਰਿੰਦਰ ਸਿੰਘ ਖਾਲਸਾ ਨੇ ਵੀ ਡਾ. ਗਾਂਧੀ ਦੀ ਤਰ੍ਹਾਂ ਦੀ ''ਆਮ ਆਦਮੀ ਪਾਰਟੀ'' ਦੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਡਾ. ਗਾਂਧੀ ਸਮੇਤ ''ਆਪ'' ਦੇ ਵਿਰੋਧੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਬਾਬਾ ਬਕਾਲਾ ''ਚ ਇਕ ਕਾਨਫਰੰਸ ਕੀਤੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ। 
ਸੁਮੇਲ ਸਿੰਘ ਸਿੱਧੂ
ਸੁਮੇਲ ਸਿੰਘ ਸਿੱਧੂ ਪਹਿਲਾਂ ਅੰਨਾ ਹਜ਼ਾਰੇ ਦੇ ਅੰਦੋਲਨ ''ਚ ਸ਼ਾਮਲ ਸਨ ਪਰ ਬਾਅਦ ''ਚ ਉਹ ''ਆਮ ਆਦਮੀ ਪਾਰਟੀ'' ''ਚ ਆ ਗਏ। ਸਾਲ 2014 ''ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਸੂਚੀ ''ਤੇ ਉਨ੍ਹਾਂ ਨੇ ਅਸਹਿਮਤੀ ਜ਼ਾਹਰ ਕੀਤੀ ਤਾਂ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਅਤੇ ਚੋਣਾਂ ਤੋਂ ਬਾਅਦ ਉਹ ਪਾਰਟੀ ਤੋਂ ਵੱਖ ਹੋ ਗਏ। 
ਭਾਈ ਬਲਦੀਪ ਸਿੰਘ
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਈ ਬਲਦੀਪ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਸਨ। ਉਨ੍ਹਾਂ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ। 
ਹਰਦੀਪ ਕਿੰਗਰਾ
''ਆਮ ਆਦਮੀ ਪਾਰਟੀ'' ਦੇ ਫਰੀਦਕੋਟ ਤੋਂ ਵਾਲੰਟੀਅਰ ਅਤੇ  ਫਾਈਨਾਂਸ ਕਮੇਟੀ ਦੇ ਕਨਵੀਨਰ ਹਰਦੀਪ ਸਿੰਘ ਕਿੰਗਰਾ ਨੇ ਇਸੇ ਮਹੀਨੇ ਪਾਰਟੀ ਛੱਡ ਦਿੱਤੀ। ਇਸ ਮਹੀਨੇ ਪਾਰਟੀ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਹਰਦੀਪ ਕਿੰਗਰਾ ਨੇ ਦੋਸ਼ ਲਾਇਆ ਸੀ ਕਿ ਸੂਚੀ ''ਚ ਪੰਜਾਬੀਆਂ ਨਾਲ  ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਅਜਿਹੇ ''ਚ ਪਾਰਟੀ ''ਚ ਬਣੇ ਰਹਿਣਾ ਉਨ੍ਹਾਂ ਲਈ ਸਹੀ ਨਹੀਂ ਹੈ।
ਡਾ. ਦਲਜੀਤ ਸਿੰਘ
2014 ਦੀਆਂ ਲੋਕ ਸਭਾ ਚੋਣਾਂ ''ਚ ਅੰਮ੍ਰਿਤਸਰ ਤੋਂ ਉਮੀਦਵਾਰ ਡਾ. ਦਲਜੀਤ ਸਿੰਘ ਨੇ ਵੀ ਪਾਰਟੀ ਦੇ ਕੰਮ ਕਰਨ ਦੇ ਢੰਗ ਦਾ ਵਿਰੋਧ ਕੀਤਾ ਅਤੇ ਡਾ. ਗਾਂਧੀ ਅਤੇ ਹਰਿੰਦਰ ਖਾਲਸਾ ਦੇ ਪਾਰਟੀ ਛੱਡਣ ਤੋਂ ਬਾਅਦ ਨਿਰਾਸ਼ ਮਹਿਸੂਸ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ''ਆਪ'' ਛੱਡ ਦਿੱਤੀ। 

Babita Marhas

News Editor

Related News