ਗੁਰਦੁਆਰਾ ਘੱਲੂਘਾਰਾ ਸਾਹਿਬ ਦਾ ਮਾਮਲਾ ਹੋਰ ਗਰਮਾਇਆ, ਅਕਾਲੀ ਅਤੇ ਆਪ ਨੇਤਾਵਾਂ ਉੱਪਰ ਲੱਗੀਆਂ ਵੱਖ-ਵੱਖ ਕਈ ਧਾਰਾਵਾਂ

Monday, Aug 21, 2017 - 08:33 PM (IST)

ਗੁਰਦੁਆਰਾ ਘੱਲੂਘਾਰਾ ਸਾਹਿਬ ਦਾ ਮਾਮਲਾ ਹੋਰ ਗਰਮਾਇਆ, ਅਕਾਲੀ ਅਤੇ ਆਪ ਨੇਤਾਵਾਂ ਉੱਪਰ ਲੱਗੀਆਂ ਵੱਖ-ਵੱਖ ਕਈ ਧਾਰਾਵਾਂ

ਗੁਰਦਾਸਪੁਰ (ਦੀਪਕ)- ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ 'ਚ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ 'ਚ ਸਿੱਖ ਸੰਗਤਾਂ ਦੇ ਜੱਥਿਆਂ ਵੱਲੋਂ ਸੁੱਚਾ ਸਿੰਘ ਲੰਗਾਹ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਕਈ ਹੋਰ ਸਿੱਖ ਸੰਗਤਾਂ ਵੱਲੋਂ ਗੁਰਦੁਆਰੇ ਅੰਦਰ ਜਾਣ ਲਈ ਪੁਲਸ ਨਾਲ ਹੋਈ ਧੱਕਾ ਮੁੱਕੀ ਅਤੇ ਖਿੱਚਾਤਾਨੀ ਨੂੰ ਲੈ ਕੇ ਗੁਰਦੁਆਰੇ ਦੇ ਨੇੜੇ ਦੋ ਪੁਲਸ ਥਾਣਿਆਂ ਤਿੱਬੜ ਅਤੇ ਭੈਣੀ ਮੀਆਂ ਖਾਂ 'ਚ 27 ਪਛਾਣੇ ਅਤੇ 250 ਅਣਪਛਾਤੇ ਲੋਕਾਂ ਦੇ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰਕੇ ਵੱਖ-ਵੱਖ ਧਾਰਾਵਾਂ ਲਗਾਈਆਂ ਹਨ। ਜਿਨ੍ਹਾਂ ਵਿਚ ਸੇਵਾਂ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਅਕਾਲੀ ਦਲ, ਕੰਵਲਪ੍ਰੀਤ ਸਿੰਘ ਕਾਕੀ ਮਾਝਾ ਜ਼ੋਨ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਾਮਲ ਹਨ। ਜਿਨ੍ਹਾਂ ਉੱਪਰ 448,511,454,427,188,506,148,149 ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ।  
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 11 ਅਗਸਤ ਨੂੰ ਗੁਰਦੁਆਰਾ ਸਾਹਿਬ 'ਚ ਹੋਈ ਬਦਇਖਲਾਕੀ ਘਟਨਾ ਤੋਂ ਬਾਅਦ ਗੁਰਦੁਆਰਾ ਘੱਲੂਘਾਰਾ ਸਾਹਿਬ ਦਾ ਮਾਮਲਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ। ਹਾਲਾਂਕਿ ਬਦਇਖਲਾਕੀ ਕਰਨ ਵਾਲੇ ਕਮੇਟੀ ਦੇ ਮੈਂਬਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਫਿਰ ਵੀ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। 
ਜ਼ਿਕਰਯੋਗ ਹੈ ਕਿ ਬੀਤੇ ਕੱਲ ਗੁਰਦੁਆਰਾ ਸਾਹਿਬ ਅੰਦਰ ਕਮੇਟੀ ਨੂੰ ਭੰਗ ਕਰਨ ਲਈ ਇਕ ਵੱਡੇ ਇਕੱਠ ਨੂੰ ਬੁਲਾਇਆ ਗਿਆ ਸੀ, ਜਿਸ ਵਿਚ ਅਕਾਲੀ ਨੇਤਾਵਾਂ ਸਮੇਤ ਆਮ ਆਦਮੀ ਪਾਰਟੀ ਦੇ ਵੀ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ ਸੀ ਪਰ ਇਸ ਤੋਂ ਪਹਿਲਾਂ ਪੁਲਸ ਵੱਲੋਂ ਸਖ਼ਤੀ ਨਾਲ ਇਨ੍ਹਾਂ ਨੇਤਾਵਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਅਤੇ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਮਨਾਂ ਕਰ ਦਿੱਤਾ। ਜਿਸ ਕਾਰਨ ਨੇਤਾਵਾਂ ਅਤੇ ਪੁਲਸ ਵਿਚ ਕਾਫੀ ਝੜਪ ਹੋਈ ਅਤੇ ਧੱਕਾਮੁੱਕੀ ਵੀ ਕੀਤੀ ਗਈ। ਪੁਲਸ ਨਾਲ ਝੜਪ ਕਰਨ ਤੋਂ ਧੱਕੇ ਨਾਲ ਹੀ ਉਕਤ ਨੇਤਾ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਅਤੇ ਉਥੇ ਵਿਸ਼ਾਲ ਇਕੱਠ ਕੀਤਾ। ਧੱਕੇ ਨਾਲ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਅਤੇ ਪੁਲਸ ਨਾਲ ਝੜਪਣ ਤੇ ਧੱਕਾਮੁੱਕੀ ਕਰਨ ਦੇ ਦੋਸ਼ ਹੇਠ ਅਕਾਲੀ ਨੇਤਾਵਾਂ ਅਤੇ 'ਆਪ' ਦੇ ਨੇਤਾਵਾਂ ਸਮੇਤ 27 ਪਛਾਤੇ ਅਤੇ 250 ਅਣਪਛਾਤੇ ਵਿਅਕਤੀ ਉਪਰ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ।

ਗੁਰਦੁਆਰਾ ਘੱਲੂਘਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾ. ਜੌਹਰ ਸਿੰਘ ਨੇ ਲਗਾਏ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੇ ਦੋਸ਼
ਮਾਸਟਰ ਜੌਹਰ ਸਿੰਘ ਮੌਜੂਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ 1930 'ਚ 11 ਕਨਾਲ ਜ਼ਮੀਨ ਦਾਨ ਕਰਕੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ਼ੁਰੂ ਕੀਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਆਪਣੀ ਸਰਕਾਰ ਸਮੇਂ ਵੀ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਲਈ ਅਤੇ ਇਸ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਲਈ ਕਈ ਅਖਬਾਰਾਂ ਵਿਚ ਬਿਆਨ ਦਿੱਤੇ ਸਨ ਪਰ ਉੁਸ ਸਮੇਂ ਵੀ ਇਸ ਦਾ ਵਿਰੋਧ ਹੋਇਆ ਸੀ ਅਤੇ ਕਬਜ਼ਾ ਨਹੀਂ ਸੀ ਕਰਨਾ ਦਿੱਤਾ ਗਿਆ ਅਤੇ 2016 ਵਿਚ ਅਕਾਲੀ ਸਰਕਾਰ ਨੇ ਬਿਜਲੀ ਦੀਆਂ ਤਾਰਾਂ ਦੇ ਸਬੰਧ ਵਿਚ ਮੇਰੇ ਉੱਪਰ ਝੂਠੇ ਮੁਕੱਦਮੇ ਵੀ ਦਰਜ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਅਸੀਂ ਦੋਸ਼ੀ ਬੂਟਾ ਸਿੰਘ ਨੂੰ ਆਪਣੀ ਕਮੇਟੀ ਵਿਚ ਮਤਾ ਪਾ ਕੇ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਉਪਰ ਮੁਕੱਦਮਾ ਵੀ ਥਾਣਾ ਭੈਣੀ ਮੀਆਂ ਖਾਂ ਵਿਚ ਦਰਜ ਹੋਇਆ ਸੀ, ਜੋ ਗ੍ਰਿਫਤਾਰ ਹੋ ਚੁੱਕਾ ਹੈ। ਜਿਸ ਦੀ ਆੜ ਵਿਚ ਸੇਵਾਂ ਸਿੰਘ ਸੇਖਵਾਂ ਅਤੇ ਕੰਵਲਪ੍ਰੀਤ ਸਿੰਘ ਕਾਕੀ ਗੁਰਦੁਆਰਾ ਸਾਹਿਬ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ, ਇਸ ਸੰਬੰਧੀ ਮੈਂ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ. ਪੰਜਾਬ ਪੁਲਸ, ਡੀ.ਸੀ. ਗੁਰਦਾਸਪੁਰ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਨੂੰ 15 ਅਗਸਤ ਵਾਲੇ ਦਿਨ ਦਰਖਾਸ਼ਤਾਂ ਦਿੱਤੀਆਂ ਸਨ।

ਕੀ ਕਹਿਣਾ ਹੈ ਜ਼ਿਲੇ ਦੇ ਐੱਸ.ਐੱਸ.ਪੀ ਦਾ
ਇਸ ਸਬੰਧੀ ਜਦ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਗੁਰਦੁਆਰਾ ਘੱਲੂਘਾਰਾ ਸਾਹਿਬ ਦੀ ਮੌਜੂਦਾ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਸਾਨੂੰ ਸਾਰੀ ਘਟਨਾ ਸਬੰਧੀ ਦਰਖਾਸਤ ਦਿੱਤੀ ਹੋਈ ਸੀ, ਜਿਸ ਦੇ ਆਧਾਰ 'ਤੇ ਅਸੀਂ ਅੱਜ ਸੇਵਾਂ ਸਿੰਘ ਸੇਖਵਾਂ ਸਾਬਕਾ ਮੰਤਰੀ ਪੰਜਾਬ, ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ, ਮਾ. ਗੁਰਨਾਮ ਸਿੰਘ ਵਾਸੀ ਭੈਣੀ ਮੀਆਂ ਖਾਂ, ਕੰਵਲਪ੍ਰੀਤ ਸਿੰਘ ਕਾਕੀ ਆਪ ਆਗੂ, ਪਰਮਵੀਰ ਸਿੰਘ ਲਾਡੀ, ਨਰਿੰਦਰ ਸਿੰਘ ਵਾੜਾ, ਗੁਰਵਿੰਦਰ ਸਿੰਘ ਗੋਰਾ ਵਾਸੀ ਕਾਦੀਆਂ, ਬੁੱਟਰ ਮੈਨੇਜਰ ਬਾਰਠ ਸਾਹਿਬ ਅਤੇ ਮੈਨੇਜਰ ਗੁਰਦਾਸਨੰਗਲ ਗੁਰਦੁਆਰਾ ਬੁਰਜ ਸਾਹਿਬ, ਇਕਬਾਲ ਸਿੰਘ ਲਾਡੀ ਵਾਸੀ ਭੱਟੀਆਂ, ਲਾਲ ਸਰਪੰਚ ਵਾਸੀ ਮੁੰਨਣਕਲਾਂ,ਸੁਖਦੇਵ ਸਿੰਘ ਸਰਪੰਚ ਵਾਸੀ ਛਿਛੜਾਂ, ਅਵਤਾਰ ਸਿੰਘ ਵਾਸੀ ਬੋਹੀਆਂ, ਕੁਲਵਿੰਦਰ ਸਿੰਘ ਸਰਪੰਚ ਗੁੰਨੋਪੁਰ, ਪਾਲਾ ਸਰਪੰਚ ਕਾਹਨੂੰਵਾਨ, ਸਰਬਜੀਤ ਸਿੰਘ ਵਾਸੀ ਜੱਗੋਵਾਲ ਬਾਂਗਰ, ਬਲਜਿੰਦਰ ਸਿੰਘ ਵਾਸੀ ਗੁੰਨੋਪੁਰ, ਸੁਖਜਿੰਦਰ ਸਿੰਘ, ਚੰਚਲ ਸਿੰਘ ਵਾਸੀ ਪੰਡੋਰੀ, ਅਮਰਜੀਤ ਸਿੰਘ, ਜੌਰਾਵਰ ਸਿੰਘ, ਗੁਰਨਾਮ ਸਿੰਘ ਵਾਸੀ ਲੱਧੂਪੁਰ, ਹਰਦੀਪ ਸਿੰਘ ਵਾਸੀ ਧੰਦਲ, ਰਛਪਾਲ ਸਿੰਘ ਲਾਡੀ ਵਾਸੀ ਗੁੰਨੋਪੁਰ, ਗੁਰਪ੍ਰਤਾਪ ਸਿੰਘ ਵਾਸੀ ਰੰਧਾਵਾ ਕਲੋਨੀ, ਦਿਲਬਾਗ ਸਿੰਘ ਵਾਸੀ ਰੰਧਾਵਾ ਕਲੋਨੀ, ਗੁਰਮੇਲ ਸਿੰਘ ਵਾਸੀ ਰੰਧਾਵਾ ਕਲੋਨੀ ਸਮੇਤ ਕਰੀਬ 250 ਵਿਅਕਤੀਆਂ ਉੱਪਰ ਜ਼ਬਰਦਸਤੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਕਬਜ਼ਾ ਕਰਨ ਦੀ ਨੀਅਤ ਨਾਲ ਅੰਦਰ ਦਾਖਲ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ।


Related News