ਕੈਮਿਸਟਾਂ ਨੇ ਰੋਸ ਵਜੋਂ ਦੁਕਾਨਾਂ ਰੱਖੀਆਂ ਬੰਦ
Tuesday, Jul 31, 2018 - 04:47 AM (IST)

ਫਗਵਾਡ਼ਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਕੈਮਿਸਟ ਐਸੋਸੀਏਸ਼ਨ ਫਗਵਾਡ਼ਾ ਵੱਲੋਂ ਅੱਜ ਸੂਬਾ ਕਮੇਟੀ ਦੇ ਸੱਦੇ ’ਤੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰੋਬਾਰ ’ਚ ਦਿੱਤੇ ਜਾ ਰਹੇ ਨਾਜਾਇਜ਼ ਦਖ਼ਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਆਪਣੇ ਕਾਰੋਬਾਰ ਬੰਦ ਰੱਖੇ ਗਏ। ਸਮੂਹ ਕੈਮਿਸਟ ਅੱਜ ਸਵੇਰੇ ਬੰਗਾ ਰੋਡ ’ਤੇ ਵਿੱਜ ਮੈਡੀਕਲ ਹਾਲ ਵਿਖੇ ਇਕੱਠੇ ਹੋਏ ਜਿਥੋਂ ਪ੍ਰਧਾਨ ਸੋਮ ਪ੍ਰਕਾਸ਼ ਦੀ ਅਗਵਾਈ ’ਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਅਤੇ ਰੋਸ ਮਾਰਚ ਕਰਦੇ ਹੋਏ ਐੱਸ. ਪੀ. ਦਫ਼ਤਰ ਫਗਵਾਡ਼ਾ ਪੁੱਜੇ। ਜਿਥੇ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਦੇਣ ਉਪਰੰਤ ਐੱਸ. ਡੀ. ਐੱਮ. ਦਫਤਰ ਪੁੱਜੇ ਅਤੇ ਐੱਸ. ਡੀ. ਐੱਮ. ਨੂੰ ਡਾ. ਸੁਮਿਤਾ ਨੂੰ ਮੰਗ-ਪੱਤਰ ਦਿੱਤਾ ਗਿਆ।
ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲਾ ਚੇਅਰਮੈਨ ਵੀ. ਪੀ. ਸਿੰਘ ਅਰੋਡ਼ਾ, ਪ੍ਰਧਾਨ ਰਾਕੇਸ਼ ਅੱਗਰਵਾਲ ਅਤੇ ਜ਼ਿਲਾ ਜਨਰਲ ਸਕੱਤਰ ਕ੍ਰਿਸ਼ਨ ਵਿਜ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੀ ਆਡ਼ ’ਚ ਕੈਮਿਸਟਾਂ ਨੂੰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸੂਬੇ ਭਰ ’ਚ ਨਾਜਾਇਜ਼ ਤੰਗ ਕੀਤਾ ਜਾਂਦਾ ਹੈ, ਜਿਸ ਕਰ ਕੇ ਅੱਜ ਕਾਰੋਬਾਰ ਬੰਦ ਰੱਖ ਕੇ ਰੋਸ ਜਤਾਇਆ ਜਾ ਰਿਹਾ ਹੈੈ। ਉਨ੍ਹਾਂ ਕਿਹਾ ਕਿ ਕੋਈ ਵੀ ਕੈਮਿਸਟ ਹੈਰੋਇਨ, ਸਮੈਕ ਆਦਿ ਨਸ਼ੇ ਨਹੀਂ ਵੇਚਦਾ ਫਿਰ ਵੀ ਪੁਲਸ ਅਤੇ ਪ੍ਰਸ਼ਾਸਨ ਬਿਨਾਂ ਵਜ੍ਹਾ ਉਨ੍ਹਾਂ ਨੂੰ ਆਸਾਨ ਟਾਰਗੈਟ ਸਮਝ ਕੇ ਬਦਨਾਮ ਅਤੇ ਪ੍ਰੇਸ਼ਾਨ ਕਰਦੇ ਹਨ। ਸਰਕਾਰ ਵਲੋਂ ਪ੍ਰਤੀਬੰਧਤ ਕੋਈ ਵੀ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਦਿੱਤੀ ਜਾਂਦੀ। ਉਹ ਵੀ ਨਸ਼ਿਆਂ ਖਿਲਾਫ਼ ਸਰਕਾਰ ਨੂੰ ਸਹਿਯੋਗ ਕਰਦੇ ਹਨ ਅਤੇ ਜੇਕਰ ਕੋਈ ਕੈਮਿਸਟ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਤਾਂ ਉਸਦਾ ਸਮਰਥਨ ਨਹੀਂ ਕਰਦੇ, ਫਿਰ ਵੀ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾਂਦਾ।
ਉਨ੍ਹਾਂ ਕਿਹਾ ਕਿ ਆਨ ਲਾਈਨ ਫਾਰਮੇਸੀ, ਦਵਾਈ ਦੀਆਂ ਕੀਮਤਾਂ ਤੇ ਸਰਕਾਰੀ ਕੰਟਰੋਲ, ਸਰਿੰਜ ਦੀ ਵਿਕਰੀ ਦਾ ਹਿਸਾਬ ਵਰਗੀਆਂ ਨੀਤੀਆਂ ਕਾਰਨ ਕੈਮਿਸਟਾਂ ਦਾ ਭਾਰੀ ਸ਼ੋਸ਼ਣ ਹੋ ਰਿਹਾ ਹੈ। ਸਮੂਹ ਅਹੁਦੇਦਾਰਾਂ ਨੇ ਤਾਡ਼ਨਾ ਕਰਦਿਆਂ ਕਿਹਾ ਕਿ ਜੇਕਰ ਪੁਲਸ ਅਤੇ ਪ੍ਰਸ਼ਾਸਨ ਦੀ ਕਾਰੋਬਾਰ ’ਚ ਨਾਜਾਇਜ਼ ਦਖ਼ਲ-ਅੰਦਾਜ਼ੀ ਬੰਦ ਨਾ ਹੋਈ ਅਤੇ ਸਰਕਾਰ ਨੇ ਬਾਕੀ ਮੰਗਾਂ ਤੇ ਅਮਲ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਵਿਨੀਤ ਗਾਬਾ, ਸਤਪਾਲ ਚੱਢਾ, ਤਰੁਣ ਅੱਗਰਵਾਲ, ਮਨਜੀਤ ਸਿੰਘ, ਗੁਰਪ੍ਰੀਤ ਗੋਰਾ, ਰਵੀ ਤਨੇਜਾ, ਰਾਕੀ, ਵਰਿੰਦਰ ਦੁੱਗਲ, ਪੁਨੀਤ ਕੁਮਾਰ, ਅਨਿਲ ਕਾਲਡ਼ਾ, ਅਮਨ, ਦੀਪਕ ਉੱਪਲ, ਆਸ਼ੂ, ਦੀਪਾਂਸ਼ੂ ਚਾਵਲਾ, ਪਵਨ ਖੁਰਾਣਾ ਦੀਪਕ ਸ਼ਰਮਾ, ਈਸ਼ਾਨ ਵੀ ਹਾਜ਼ਰ ਸਨ।
ਕਪੂਰਥਲਾ, 30 ਜੁਲਾਈ (ਮਲਹੋਤਰਾ)-ਮੈਡੀਕਲ ਦੁਕਾਨਦਾਰ ਐਸੋਸੀਏਸ਼ਨ ਕਪੂਰਥਲਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਡ਼ਤਾਲ ਜਾਰੀ ਰਹੀ। ਪੂਰੇ ਸ਼ਹਿਰ ’ਚ ਦਵਾਈ ਵਿਕਰੇਤਾ ਦੀ ਹਡ਼ਤਾਲ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਦਵਾਈ ਵਿਕਰੇਤਾ ਲਈ ਬਣਾਈ ਗਈ ਆਨ-ਲਾਈਨ ਨੀਤੀ ਤੋਂ ਨਿਰਾਸ਼ ਹੋ ਕੇ ਪੰਜਾਬ ’ਚ ਦਵਾਈ ਵਿਕਰੇਤਾ ਦੀ ਹਡ਼ਤਾਲ ਚੱਲ ਰਹੀ ਹੈ, ਜਿਸ ਨੂੰ ਲੈ ਕੇ ਕਪੂਰਥਲਾ ਦੇ ਸਾਰੇ ਦੁਕਾਨਦਾਰਾਂ ਨੇ ਰੋਸ ਵਜੋਂ ਆਪਣੇ ਕਾਰੋਬਾਰ ਬੰਦ ਰੱਖੇ। ਜ਼ਿਲਾ ਕਪੂਰਥਲਾ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਕ੍ਰਿਸ਼ਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਭਾਈਚਾਰੇ ’ਚ ਕਾਫੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਜਾਵੇਗਾ, ਉਨ੍ਹਾਂ ਦਾ ਸੰਘਰਸ਼ ਆਉਣ ਵਾਲੇ ਦਿਨਾਂ ’ਚ ਹੋਰ ਵੀ ਤੇਜ਼ ਕੀਤਾ ਜਾਵੇਗਾ।