ਅਹਿਮ ਖ਼ਬਰ : ਜਲੰਧਰ ਤੋਂ ਬਾਅਦ ਚੰਨੀ ਤੇ ਬਿੱਟੂ ਨੇ ਕੀਤਾ ‘ਭਾਰਤ ਜੋੜੋ ਯਾਤਰਾ’ ਤੋਂ ਕਿਨਾਰਾ

01/19/2023 10:07:22 AM

ਲੁਧਿਆਣਾ (ਹਿਤੇਸ਼) : ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੌਰਾਨ ਕਾਂਗਰਸ ਦੇ ਵੱਡੇ ਨੇਤਾ ਜੈਰਾਮ ਰਮੇਸ਼, ਦਿਗਵਿਜੇ ਸਿੰਘ, ਕੇ. ਸੀ. ਵੇਣੂੰਗੋਪਾਲ ਆਦਿ ਪਹਿਲੇ ਦਿਨ ਤੋਂ ਹੀ ਨਾਲ ਨਜ਼ਰ ਆ ਰਹੇ ਹਨ। ਜਿੱਥੋਂ ਤੱਕ ਯਾਤਰਾ ਦੇ ਪੰਜਾਬ ’ਚ ਦਾਖ਼ਲ ਹੋਣ ਦਾ ਸਵਾਲ ਹੈ, ਉਸ ਤੋਂ ਬਾਅਦ ਤੋਂ ਹਰੀਸ਼ ਚੌਧਰੀ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਪੂਰਾ ਸਮਾਂ ਮੌਜੂਦ ਹਨ ਪਰ ਪੰਜਾਬ ਦੇ ਕਈ ਵੱਡੇ ਨੇਤਾਵਾਂ ਨੇ ਕੁੱਝ ਦੇਰ ਲਈ ਸ਼ਾਮਲ ਹੋਣ ਤੋਂ ਬਾਅਦ ਯਾਤਰਾ ਤੋਂ ਕਿਨਾਰਾ ਕਰ ਲਿਆ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ : BJP 'ਚ ਸ਼ਾਮਲ ਹੋਣ ਵਾਲੇ ਕਾਂਗਰਸ ਦੇ 6ਵੇਂ ਮੰਤਰੀ 'ਮਨਪ੍ਰੀਤ ਬਾਦਲ', ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਜਿੱਥੋਂ ਤੱਕ ਚੰਨੀ ਦਾ ਸਵਾਲ ਹੈ, ਉਹ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਲੰਬੇ ਸਮੇਂ ਤੱਕ ਵਿਦੇਸ਼ ’ਚ ਰਹਿਣ ਤੋਂ ਬਾਅਦ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ’ਚ ਦਾਖ਼ਲ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਵਾਪਸ ਪਰਤੇ ਹਨ। ਉਨ੍ਹਾਂ ਨੇ ਰਾਜਸਥਾਨ ਅਤੇ ਦਿੱਲੀ ’ਚ ਯਾਤਰਾ ਵਿਚ ਹਿੱਸਾ ਲਿਆ ਅਤੇ ਫਿਰ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜਲੰਧਰ ਤੱਕ ਰਾਹੁਲ ਗਾਂਧੀ ਨਾਲ ਮੌਜੂਦ ਸਨ। ਇਸੇ ਤਰ੍ਹਾਂ ਬਿੱਟੂ ਵੀ ਲੁਧਿਆਣਾ ਤੋਂ ਯਾਤਰਾ ’ਚ ਸ਼ਾਮਲ ਹੋਏ ਅਤੇ 2 ਦਿਨ ਬਾਅਦ ਲਾਡੋਵਾਲ ਪੁਆਇੰਟ ਤੋਂ ਯਾਤਰਾ ਦੀ ਸ਼ੁਰੂਆਤ ਹੋਣ ਦੇ ਸਮੇਂ ਵੀ ਰਾਹੁਲ ਗਾਂਧੀ ਦੇ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ : ਦਿਨ ਚੜ੍ਹਨ ਤੋਂ ਪਹਿਲਾਂ ਹੀ ਕਈ ਘਰਾਂ 'ਚ ਪੈ ਗਏ ਵੈਣ, ਭਿਆਨਕ ਹਾਦਸੇ ਦੌਰਾਨ 9 ਲੋਕਾਂ ਦੀ ਮੌਤ (ਤਸਵੀਰਾਂ)

ਹਾਲਾਂਕਿ ਚੰਨੀ ਅਤੇ ਬਿੱਟੂ ਜਲੰਧਰ ਵਿਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਅਤੇ ਅੰਤਿਮ ਸੰਸਕਾਰ ਤੋਂ ਬਾਅਦ ਯਾਤਰਾ ਦੀ ਮੁੜ ਸ਼ੁਰੂਆਤ ਹੋਣ ’ਤੇ ਕੁੱਝ ਦੂਰ ਤੱਕ ਰਾਹੁਲ ਗਾਂਧੀ ਨਾਲ ਚੱਲੇ ਪਰ ਪਿਛਲੇ 3 ਦਿਨ ਤੋਂ ਚੰਨੀ ਅਤੇ ਬਿੱਟੂ ਕਿਤੇ ਵੀ ਯਾਤਰਾ ’ਚ ਨਜ਼ਰ ਨਹੀਂ ਆਏ। ਇਸ ਸਬੰਧੀ ਚੰਨੀ ਨੂੰ ਮੌਜੂਦਾ ਪਾਰਟੀ ਦੀ ਅਗਵਾਈ ਨਾਲ ਯਾਤਰਾ ਦੌਰਾਨ ਪੂਰਾ ਸਨਮਾਨ ਨਾ ਮਿਲਣ ਜਾਂ ਕਈ ਥਾਈਂ ਨਜ਼ਰ-ਅੰਦਾਜ਼ ਕਰਨ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਬਿੱਟੂ ਦੇ ਪੰਜਾਬ ’ਚ ਪੂਰਾ ਸਮਾਂ ਯਾਤਰਾ ’ਚ ਸ਼ਾਮਲ ਨਾ ਹੋਣ ਸਬੰਧੀ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿਚ ਉਨ੍ਹਾਂ ਦੇ ਰਾਜਾ ਵੜਿੰਗ ਨਾਲ ਰਿਸ਼ਤੇ ਜ਼ਿਆਦਾ ਬਿਹਤਰ ਨਾ ਹੋਣ ਨੂੰ ਸਭ ਤੋਂ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News