ਤੇਜ਼ੀ ਨਾਲ ਬਦਲ ਰਿਹਾ ਸਮਾਜ: ਮਾਪਿਆਂ ਤੇ ਨੌਜਵਾਨਾਂ ਲਈ ਵਿਚਾਰਨ ਦੀ ਘੜੀ

Tuesday, Jul 06, 2021 - 03:17 PM (IST)

ਤੇਜ਼ੀ ਨਾਲ ਬਦਲ ਰਿਹਾ ਸਮਾਜ: ਮਾਪਿਆਂ ਤੇ ਨੌਜਵਾਨਾਂ ਲਈ ਵਿਚਾਰਨ ਦੀ ਘੜੀ

ਅਜੋਕੇ ਤਕਨੀਕ ਦੇ ਯੁਗ ਨੇ ਨਵੀਂ ਪਨੀਰੀ ਨੂੰ ਕਿਹੜਾ ਰਾਹ ਦਿਖਾ ਦਿੱਤਾ ਹੈ ਤੇ ਕਿਸ ਰਾਹੇ ਤੋਰ ਲਿਆ ਹੈ? ਇਹ ਸਭ ਕਾਸੇ ਨੂੰ ਦੇਖ ਕੇ ਇਕ ਸੱਭਿਅਕ ਮਨੁੱਖ ਸਿਰ ਫੜ੍ਹੀ ਬੈਠਾ ਹੈ। ਕੀ ਬਣੇਗਾ ਇਨ੍ਹਾਂ ਦਾ? ਇਹ ਕੀ ਕਰਨਗੇ ਇਸ ਦੇਸ਼ ਅਤੇ ਸਮਾਜ ਲਈ? ਬਸ ਅਜਿਹੇ ਸਵਾਲ ਹਰ ਮਾਪੇ ਲਈ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਸਮਾਜ ਵਿਚ ਵਿਚਰਦਿਆਂ ਜਦੋਂ ਸੜਕਾਂ ਤੇ ਕੰਨ ਪਾੜਵੇਂ ਹਾਰਨ ਵਜਾਉਂਦੇ ਮੋਟਰਸਾਈਕਲ, ਖੁੱਲ੍ਹੀਆਂ ਜੀਪਾਂ ਅਤੇ ਟਰੈਕਟਰਾਂ 'ਤੇ ਵੱਜਦੇ ਸਪੀਕਰ ਦੇਖਦੇ ਸੁਣਦੇ ਹਾਂ ਤਾਂ ਇਕ ਵਾਰ ਰੂਹ ਕੰਬ ਜਾਂਦੀ ਹੈ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਬੱਚੇ ਅਜਿਹੇ ਬੇਹੂਦਾ ਕੰਮਾਂ ਵਿਚ ਕਿਉਂ ਲਗ ਗਏ? ਸਮਾਜਿਕ ਤਾਣੇ ਬਾਣੇ ਦੀ ਚੀਰ ਫ਼ਾੜ ਕਰੀਏ ਤਾਂ ਇਸ ਸਭ ਕਾਸੇ ਲਈ ਅਸੀਂ ਸਾਰੇ ਕਟਹਿਰੇ ਵਿਚ ਖੜ੍ਹੇ ਦਿਖਾਈ ਦਿੰਦੇ ਹਾਂ।

ਘਰੇਲੂ ਮਾਹੌਲ ਅਤੇ ਮਾਪੇ
ਸਭ ਤੋਂ ਪਹਿਲਾਂ ਮਾਪਿਆਂ ਦੀ ਜੋ ਹਾਲਤ ਹੈ ਉਸ 'ਤੇ ਤਰਸ ਆਉਂਦਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਹਵਾਲੇ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਏ ਮਹਿਸੂਸ ਕਰਦੇ ਹਨ। ਜਦਕਿ ਅਧਿਆਪਕ ਨਾਲੋਂ ਉਨ੍ਹਾਂ ਦੀ ਜ਼ਿੰਮੇਵਾਰੀ ਕਿਸੇ ਗੱਲੋਂ ਘੱਟ ਨਹੀਂ ਹੁੰਦੀ। ਹਰ ਬੱਚਾ ਬਹੁਤ ਸਾਰੀਆਂ ਗੱਲਾਂ ਅਤੇ ਗੁਣ ਆਪਣੀ ਮਾਂ ਅਤੇ ਪਰਿਵਾਰ ਕੋਲੋਂ ਸਿੱਖ ਕੇ ਸਕੂਲ ਵਿਚ ਪੁੱਜਦਾ ਹੈ ਜਿਨ੍ਹਾਂ ਦੀ ਕਾਂਟ ਛਾਂਟ ਅਧਿਆਪਕ ਨੇ ਕਰਨੀ ਹੁੰਦੀ ਹੈ। ਜੇਕਰ ਘਰ ਵਿਚ ਵੱਡਿਆਂ ਦਾ ਆਦਰ ਨਹੀਂ ਕੀਤਾ ਜਾਂਦਾ ਤਾਂ ਬੱਚਾ ਬਾਹਰ ਜਾ ਕੇ ਇਹ ਗੱਲਾਂ ਕਿਵੇਂ ਕਰ ਸਕਦਾ ਹੈ? ਸੋ ਲੋੜ ਹੈ ਘਰ ਵਿਚ ਪਿਆਰ ,ਇਤਬਾਰ ਅਤੇ ਸਤਿਕਾਰ ਵਾਲੇ ਵਾਤਾਵਰਣ ਨੂੰ ਸਿਰਜਣ ਦੀ। ਅਜਿਹਾ ਵਾਤਾਵਰਣ ਸਾਡੇ ਆਪਸੀ ਵਰਤਾਵੇ ਨਾਲ ਸਿਰਜਿਆ ਜਾ ਸਕੇਗਾ। ਜੇਕਰ ਅਸੀਂ ਆਪਸ ਵਿਚ ਪਿਆਰ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ ਤਾਂ ਦੱਸੋ ਸਾਡੇ ਬੱਚੇ ਅਜਿਹਾ ਕਿਉਂ ਕਰਨਗੇ। ਸੋ ਸਾਡਾ ਘਰ ਹੀ ਇਕ ਬਹੁਤ ਵੱਡਾ ਸਕੂਲ ਹੈ ਜਿਸ ਵਿਚ ਇਕ ਨਾਗਰਿਕ ਦਾ ਨਿਰਮਾਣ ਹੋ ਰਿਹਾ ਹੁੰਦਾ ਹੈ।ਜਿਸ ਬਾਰੇ ਕਈ ਵਾਰ ਅਸੀਂ ਅਵੇਸਲੇ ਹੁੰਦੇ ਹਾਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਸੋਸ਼ਲ ਮੀਡੀਏ ਦੀ ਭੂਮਿਕਾ
ਸੋਸ਼ਲ ਅਤੇ ਇਲੈਕਟ੍ਰੋਨਿਕ ਮੀਡੀਏ ਨੇ ਬਾਲ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਉਸ ਅੰਦਰ ਬੇਲੋੜੇ ਡਰ ਅਤੇ ਕਈ ਇਛਾਵਾਂ ਪੈਦਾ ਹੋ ਰਹੀਆਂ ਹਨ। ਫ਼ਿਲਮਾਂ ਅਤੇ ਸੀਰੀਅਲ ਹੀ ਉਸ ਅੰਦਰ ਕਾਮ ਵਾਸਨਾ ਪੈਦਾ ਕਰਦੇ ਹਨ ਅਤੇ ਇਥੋਂ ਤਕ ਕਿ ਕਤਲ ਕਰਨ ਲਈ ਵੀ ਉਕਸਾਉਂਦੇ ਹਨ। ਬੱਚਿਆਂ ਦਾ ਦਿਲ ਦਿਮਾਗ ਵਿਚ ਬਜ਼ੁਰਗਾਂ ਦਾ ਡਰ ਭੈਅ ਖਤਮ ਹੋਈ ਜਾ ਰਿਹਾ ਹੈ। ਮੀਡੀਏ ਦੇ ਚੰਗੇ ਪ੍ਰਭਾਵ ਘੱਟ ਅਤੇ ਮਾੜੇ ਜ਼ਿਆਦਾ ਕਬੂਲੇ ਜਾ ਰਹੇ ਹਨ। ਉਹ ਆਪਣੀ ਜਿਦ ਪੁਗਾ ਰਹੇ ਹਨ। ਜਿਸ ਨਾਲ ਸਮਾਜਿਕ ਤਾਣੇ ਬਾਣੇ ਵਿਚ ਉਲਝਣਾਂ ਪਈ ਜਾ ਰਹੀਆਂ ਹਨ। ਇਕਲੌਤੀ ਔਲਾਦ ਹੋਣ ਕਰਕੇ ਮਾਪੇ ਹਰ ਪ੍ਰਕਾਰ ਦੀ ਸੁਖ ਸਹੂਲਤ ਪ੍ਰਦਾਨ ਕਰਨ ਲਈ ਆਪ ਔਖੇ ਹੋ ਰਹੇ ਹਨ ਪਰ ਬੱਚਿਆਂ ਨੂੰ ਜੀਵਨ ਵਿਚ ਖੁਸ਼ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਦੂਜੇ ਬੰਨ੍ਹੇ ਕੁੱਝ ਬੱਚੇ ਮਾਪਿਆਂ ਦੇ ਇਸ ਲਾਡ ਪਿਆਰ ਦਾ ਨਾਜਾਇਜ਼ ਫਾਇਦਾ ਉਠਾ ਕੇ ਮਨ ਮਰਜ਼ੀਆਂ ਕਰ ਰਹੇ ਹਨ। ਜੋ ਹਰ ਮਾਂ ਬਾਪ ਨੂੰ ਚਿੰਤਾ ਵਿਚ ਪਾ ਰਹੀਆਂ ਹਨ। ਮਾਪੇ ਬੱਚਿਆਂ ਅੱਗੇ ਵਿਚਾਰੇ ਬਣਦੇ ਜਾ ਰਹੇ ਹਨ। ਖਾਸ ਕਰ ਮਾਵਾਂ ਦੇ ਲਾਡ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਖੁੱਲ੍ਹਾਂ ਦੇ ਰੱਖੀਆਂ ਨੇ। ਪੈਸੇ ਦੀ ਬਹੁਲਤਾ ਨੇ ਵੀ ਬਾਲ ਜੀਵਨ ਨੂੰ ਸਹੀ ਦਿਸ਼ਾ ਵੱਲ ਘੱਟ ਅਤੇ ਕੁਰਾਹੇ ਜਿਆਦਾ ਪਾਇਆ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅੱਤ ਨਾ ਭਲਾ ਮੇਘਲਾ ਅੱਤ ਨਾ ਭਲੀ ਧੱਪ,ਅੱਤ ਨਾ ਭਲਾ ਬੋਲਣਾ ਅੱਤ ਨਾ ਭਲੀ ਚੁੱਪ। ਸੋ ਅੱਤ ਕਿਸੇ ਚੀਜ਼ ਦੀ ਹੋਵੇ ਉਹ ਮਾੜੀ ਹੀ ਹੁੰਦੀ ਹੈ। ਸੋ ਮਾਪਿਆਂ ਲਈ ਇਹ ਘੜੀ ਸੰਤੁਲਨ ਕਾਇਮ ਕਰਨ ਦੀ ਬਣ ਗਈ ਹੈ। ਜਿਸ ਨਾਲ ਬਾਲ ਜੀਵਨ 'ਤੇ ਨਿਖਾਰ ਆ ਸਕੇ। ਜਿਸ ਨਾਲ ਨੌਜਵਾਨ ਵਰਗ ਉੱਚੀਆਂ ਮੰਜ਼ਿਲਾਂ ਦੀ ਰਾਹੇ ਤੁਰਨ ਦੇ ਸਮਰੱਥ ਹੋ ਸਕਣ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਮਾਪਿਆਂ ਕੋਲ ਸਮੇਂ ਦੀ ਘਾਟ
2013 ਵਿਚ ਘੜੀ ਗਈ ਕੌਮੀ ਸਿੱਖਿਆ ਨੀਤੀ ਤਹਿਤ ਇਕ ਅਹਿਮ ਤੱਥ ਸਾਹਮਣੇ ਆਇਆ ਸੀ ਕਿ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਨਹੀਂ ਸਗੋਂ ਪੜ੍ਹਨ ਦੇ ਕਾਬਲ ਬਣਾਉਣ ਦਾ ਅਭਿਆਸ ਨਿਪੁੰਨ ਅਧਿਆਪਕਾਂ ਦੁਆਰਾ ਕਰਵਾਇਆ ਜਾਣਾ ਲੋੜੀਂਦਾ ਹੈ। ਸੋ ਇਸ ਵਿਚਾਰ ਨੂੰ 2017-18 ਵਿਚ ਪੰਜਾਬ ਸਰਕਾਰ ਦੁਆਰਾ ਨਰਸਰੀ ਜਮਾਤਾਂ ਨੂੰ ਸਕੂਲਾਂ ਵਿਚ ਕਿਵੇਂ ਚਾਲੂ ਕੀਤਾ ਗਿਆ ਹੈ ? ਜਿਸ ਬਾਰੇ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ। ਸਰਕਾਰ ਦੇ ਯਤਨਾਂ ਨੂੰ ਤਦ ਹੀ ਬੂਰ ਪੈ ਸਕਦਾ ਹੈ ਜੇਕਰ ਸਾਡੇ ਮਾਪੇ ਜਾਗ੍ਰਿਤ ਹੋਣਗੇ। ਸੋ ਮਾਪਿਆਂ ਕੋਲ ਬੱਚਿਆਂ ਲਈ ਵਿਹਲ ਘੱਟ ਗਿਆ ਹੈ। ਜੇ ਦੋਵੇਂ ਜੀਅ ਨੌਕਰੀ ਪੇਸ਼ਾ ਹਨ ਤਾਂ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਬਹੁਤ ਥੋੜ੍ਹਾ ਸਮਾਂ ਰਹਿੰਦੇ ਹਨ ਜਾਂ ਇੰਝ ਕਹੀਏ ਕਿ ਸਿਰਫ਼ ਰਾਤ ਨੂੰ ਉਹਨਾਂ ਕੋਲ ਸੌਂਦੇ ਹਨ। ਦੂਜੇ ਪਾਸੇ ਸਧਾਰਨ ਮਾਪਿਆਂ ਦਾ ਰੋਜ਼ੀ ਰੋਟੀ ਦਾ ਚੱਕਰ ਐਨਾ ਪੇਚੀਦਾ ਹੈ ਕਿ ਉਨ੍ਹਾਂ ਨੂੰ ਸਿੱਖਿਆ ਬਾਰੇ ਸੁਪਨਾ ਭੁੱਲ ਕੇ ਵੀ ਨਹੀਂ ਆਉਂਦਾ। ਅਜਿਹੇ ਹਾਲਾਤ ਵਿਚ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੀ ਨਵੀਂ ਪਨੀਰੀ ਕਿਹੋ ਜਿਹੀ ਬਣੇਗੀ? ਅਜ ਹਰ ਮਾਪੇ ਲਈ ਇਹ ਚੁਣੌਤੀ ਬਣ ਗਈ ਹੈ ਕਿ ਉਹ ਆਪਣੇ ਬੱਚਿਆਂ ਵਾਸਤੇ ਸਮਾਂ ਕਿਵੇਂ ਕੱਢੇ? ਇਸ ਮੁਸ਼ਕਿਲ ਦੇ ਰੂ ਬ-ਰੂ ਹੁੰਦਿਆਂ ਹੀ ਅਸੀਂ ਸਫ਼ਲ ਮਾਪੇ ਬਣ ਸਕਦੇ ਹਾਂ। ਜਦੋਂ ਅਸੀਂ ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਸਫ਼ਲ ਹੋ ਜਾਂਦੇ ਹਾਂ ਫਿਰ ਜੁਆਨੀ ਦੀ ਦਹਿਲੀਜ਼ 'ਤੇ ਖੜ੍ਹਾ ਬੱਚਾ ਜਦੋਂ ਸਹੀ ਦਿਸ਼ਾ ਵੱਲ ਤੁਰ ਪਿਆ ਤਾਂ ਹੀ ਮਾਪੇ ਤੇ ਅਧਿਆਪਕ ਦੇ ਯਤਨਾਂ ਨੂੰ ਸਫ਼ਲ ਹੋਏ ਮੰਨਿਆ ਜਾ ਸਕਦਾ ਹੈ। ਇਕ ਅਹਿਮ ਸਵਾਲ ਇਹ ਕਿ ਕੀ ਮਾਪਿਆਂ ਦੁਆਰਾ ਬੱਚੇ ਦੀ ਹਰ ਮੰਗ ਪੂਰੀ ਕਰਨੀ ਜ਼ਰੂਰੀ ਹੈ? ਹਾਂ ਜਾਇਜ਼ ਮੰਗ ਜ਼ਰੂਰੀ ਹੈ। ਲੋੜੋਂ ਵੱਧ ਦਿੱਤੀ ਖੁੱਲ੍ਹ ਕਿਸੇ ਦੇ ਵੀ ਭਲੇ ਵਿਚ ਨਹੀਂ ਹੁੰਦੀ। ਜਿਹੜੇ ਮਾਪਿਆਂ ਦੇ ਬੱਚੇ ਸੜਕਾਂ 'ਤੇ ਪਟਾਕੇ ਵਜਾਉਂਦੇ ਫ਼ਿਰਦੇ ਹਨ ਉਸ ਲਈ ਕਿਸਨੂੰ ਦੋਸ਼ ਦੇਈਏ? ਸੋ ਅੱਜ ਲੋੜ ਬਣ ਗਈ ਹੈ ਕਿ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਘਰ ਅਤੇ ਸਕੂਲ ਵਿਚ ਨਿਰੰਤਰ ਪੜ੍ਹਾਇਆ ਜਾਵੇ। ਲੋੜੋਂ ਵੱਧ ਦਿੱਤੀਆਂ ਖੁੱਲ੍ਹਾਂ ਨਵੀਂ ਪਨੀਰੀ ਨੂੰ ਨਿਘਾਰ ਵੱਲ ਲਿਜਾ ਰਹੀਆਂ ਹਨ।

ਇਹ ਵੀ ਪੜ੍ਹੋ : 'ਆਬਾਦੀ' ਬਣੀ ਚਿੰਤਾ ਦਾ ਵਿਸ਼ਾ, ਕੀ ਦੇਸ਼ 'ਚ ਦੋ ਬੱਚਿਆਂ ਤੋਂ ਵੱਧ 'ਤੇ ਪਾਬੰਦੀ ਦੀ ਮੰਗ ਜਾਇਜ਼ ਹੈ?

ਪੰਚਾਇਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ
ਸਾਡੀਆਂ ਪੰਚਾਇਤਾਂ ਇਸ ਕਾਰਜ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਉਹ ਆਪੋ ਆਪਣੇ ਪਿੰਡਾਂ ਵਿਚ ਮਤੇ ਪਾਸ ਕਰਕੇ ਇਨ੍ਹਾਂ ਅਲਾਮਤਾਂ ਨੂੰ ਨੱਥ ਪਾ ਸਕਦੇ ਹਨ। ਸ਼ੋਰ ਪ੍ਰਦੂਸ਼ਣ,ਪਾਣੀ ਦੀ ਬੱਚਤ ਅਤੇ ਗੰਦੇ ਗੀਤ ਬੰਦ ਕਰਕੇ ਅਸੀਂ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਲੋੜ ਹੈ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਖੇਤਰ ਵਿਚ ਸੁਚੇਤ ਹੋ ਕੇ ਕੰਮ ਕਰਨ ਦੀ। ਸਮਾਜ ਨੂੰ ਨਰੋਆ ਕਰਨ ਲਈ ਨਵੀਂ ਪਨੀਰੀ ਦੀ ਸੋਚ ਦਾ ਨਿੱਗਰ ਹੋਣਾ ਬਹੁਤ ਜ਼ਰੂਰੀ ਹੈ। ਮੁੰਡੇ-ਕੁੜੀ ਦੇ ਫ਼ਰਕ ਕਾਰਨ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੋ ਰਿਹਾ ਹੈ। ਜਿਸ ਮਾਂ ਨੇ ਆਪਣੇ ਪੁੱਤਰ ਨੂੰ ਭੈਣ ਦਾ ਆਦਰ ਸਿਖਾਇਆ ਹੁੰਦਾ ਹੈ ਉਹ ਕਦੀ ਵੀ ਅਜਿਹੀ ਹਰਕਤ ਨਹੀਂ ਕਰਦਾ ਜਿਸ ਨਾਲ ਮਾਪਿਆਂ ਤੇ ਸਮਾਜ ਨੂੰ ਸ਼ਰਮਸਾਰ ਹੋਣਾ ਪਵੇ। ਮਾਪਿਆਂ ਦਾ ਬੱਚਿਆਂ ਸਿਰੋਂ ਡਰ ਅਤੇ ਅਧਿਆਪਕਾਂ ਦਾ ਆਦਰ ਖ਼ਤਮ ਹੋਣ ਕਾਰਨ ਸਮਾਜ ਆਏ ਦਿਨ ਨਿਘਾਰ ਵੱਲ ਵਧ ਰਿਹਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੰਬਾ ਤੇ ਬੱਚਾ ਚੰਢੇ ਹੋਏ ਹੀ ਠੀਕ ਰਹਿੰਦੇ ਹਨ। ਲਾਡ ਅਤੇ ਘੂਰ ਦਾ ਸੰਤੁਲਨ ਬਹੁਤ ਜ਼ਰੂਰੀ ਹੈ। ਸੋ ਹਰ ਮਾਪੇ ਨੂੰ ਆਪਣੀ ਔਲਾਦ ਨੂੰ ਸਲੀਕੇ ਭਰੇ ਜੀਵਨ ਲਈ ਤਿਆਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਬੱਚਿਆਂ ਦੀ ਮਾਪਿਆਂ ਅਤੇ ਚੰਗੇ ਵਿਅਕਤੀਆਂ ਨਾਲ ਸੰਵਾਦ ਰਚਾਉਣ ਦੀ ਵਿਸ਼ੇਸ਼ ਲੋੜ ਹੈ। ਆਪਸੀ ਸਾਂਝ, ਪਿਆਰ, ਸਤਿਕਾਰ ਵਰਗੇ ਨੈਤਿਕ ਮੁੱਲਾਂ ਨਾਲ ਹੀ ਅਸੀਂ ਆਪਣੇ ਲਾਡਲੇ ਤੇ ਲਾਡਲੀਆਂ ਦੇ ਜੀਵਨ ਨੂੰ ਸੁਚੱਜਾ ਬਣਾ ਸਕਦੇ ਹਾਂ। ਸੋ ਚੰਗੇ ਸਮਾਜ ਲਈ ਨੈਤਿਕਤਾ ਭਰਪੂਰ ਨਵੀਂ ਪਨੀਰੀ ਦਾ ਹੋਣਾ ਲਾਜ਼ਮੀ ਹੈ। ਇਸ ਵਾਸਤੇ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਸਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।           

ਬਲਜਿੰਦਰ ਮਾਨ (ਸ਼੍ਰੋਮਣੀ ਬਾਲ ਸਾਹਿਤਕਾਰ) 
98150-18947

ਨੋਟ : ਵਰਤਮਾਨ ਮਾਹੌਲ 'ਚ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਕਿਨ੍ਹਾਂ ਗੱਲਾਂ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਹੈ?


author

Harnek Seechewal

Content Editor

Related News