ਸਕਾਰਪੀਓ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਦਰਦਨਾਕ ਮੌਤ
Thursday, Oct 16, 2025 - 03:48 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ-ਫਿਰੋਜ਼ਪੁਰ ਨੈਸ਼ਨਲ ਹਾਈਵੇਅ 'ਤੇ ਮੁੱਲਾਂਪੁਰ ਲਿੰਕ ਰੋਡ ਸਾਹਮਣੇ ਸਕਾਰਪੀਓ ਅਤੇ ਮੋਟਰਸਾਈਕਲ ਟੱਕਰ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਪ੍ਰਦੀਪ ਸਿੰਘ ਗੋਪੀ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਮੰਡਿਆਣੀ, ਜੋ ਲੱਕੜ ਦਾ ਕੰਮ ਕਰਦਾ ਸੀ। ਅੱਜ ਸਵੇਰੇ ਆਪਣੇ ਘਰੋਂ ਕੰਮ 'ਤੇ ਮੰਡੀ ਮੁੱਲਾਂਪੁਰ ਮੋਟਰਸਾਈਕਲ 'ਤੇ ਗਿਆ ਸੀ।
ਲਗਭਗ 9.30 ਵਜੇ ਜਦੋਂ ਉਹ ਮੁੱਲਾਂਪੁਰ ਲਿੰਕ ਰੋਡ ਕੋਲ ਪੁੱਜਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਨੈਸ਼ਨਲ ਹਾਈਵੇਅ 'ਤੇ ਬਣੇ ਫੁੱਟਪਾਥ ਤੋਂ ਕਰੋਸ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਵਿਚ ਲੁਧਿਆਣਾ ਵੱਲੋਂ ਆ ਰਹੀ ਸਕਾਰਪੀਓ ਗੱਡੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਅਤੇ ਚਾਲਕ ਪ੍ਰਦੀਪ ਸਿੰਘ ਗੱਡੀ ਥੱਲੇ ਆ ਗਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸਕਾਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ।