ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਮੇਨਟੇਨੈਂਸ ਯਾਰਡ ਹੋਵੇਗਾ ਹਾਈਟੈੱਕ, 13 ਕਰੋੜ ਰੁਪਏ ਦਾ ਬਜਟ ਤਿਆਰ
Wednesday, May 13, 2026 - 02:09 PM (IST)
ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਨਾਲ-ਨਾਲ ਹੁਣ ਇੱਥੋਂ ਦੇ ਮੇਨਟੇਨੈਂਸ ਯਾਰਡ ਨੂੰ ਵੀ ਹਾਈਟੈੱਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲਵੇ ਨੇ ਇਸ ਕੰਮ ਲਈ ਕਰੀਬ 13 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਹੈ, ਜਿਸ ਤਹਿਤ ਦੋ ਵਾਸ਼ਿੰਗ ਲਾਈਨਾਂ ਦਾ ਘੇਰਾ ਵਧਾਇਆ ਜਾਵੇਗਾ। ਇਸ ਨਵੇਂ ਯਾਰਡ ਦੇ ਬਣਨ ਨਾਲ ਟਰੇਨਾਂ ਦੀ ਸਫ਼ਾਈ ਅਤੇ ਸਾਂਭ-ਸੰਭਾਲ 'ਚ ਘੱਟ ਸਮਾਂ ਲੱਗੇਗਾ, ਜਿਸ ਨਾਲ ਟਰੇਨਾਂ ਦੇ ਲੇਟ ਹੋਣ ਦੀ ਸੰਭਾਵਨਾ ਕਾਫੀ ਘੱਟ ਜਾਵੇਗੀ। ਵਰਤਮਾਨ 'ਚ ਟਰੇਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਟਰੇਨਾਂ ਨੂੰ ਮੇਨਟੇਨੈਂਸ ਲਈ ਕਾਲਕਾ ਭੇਜਣਾ ਪੈਂਦਾ ਹੈ ਪਰ ਨਵਾਂ ਯਾਰਡ ਬਣਨ ਤੋਂ ਬਾਅਦ ਇਹ ਪ੍ਰਕਿਰਿਆ ਚੰਡੀਗੜ੍ਹ 'ਚ ਹੀ ਮੁਕੰਮਲ ਹੋ ਸਕੇਗੀ।
ਖ਼ਾਸ ਤੌਰ 'ਤੇ ਪ੍ਰਾਇਮਰੀ ਟਰੇਨਾਂ, ਜਿਨ੍ਹਾਂ ਨੂੰ ਸੁਰੱਖਿਆ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਅਤੇ ਤਿਆਰ ਹੋਣ 'ਚ 8 ਘੰਟੇ ਲੱਗਦੇ ਹਨ, ਹੁਣ ਸਿਰਫ 3 ਘੰਟਿਆਂ 'ਚ ਮੇਨਟੇਨੈਂਸ ਤੋਂ ਬਾਅਦ ਤਿਆਰ ਹੋ ਸਕਣਗੀਆਂ। ਯਾਰਡ 'ਚ ਅਤਿ-ਆਧੁਨਿਕ ਸਹੂਲਤਾਂ ਜਿਵੇਂ ਕਿ ਟਰੇਨਾਂ ਦੀ ਬਾਹਰੀ ਸਫ਼ਾਈ ਲਈ ਆਟੋਮੈਟਿਕ ਸਿਸਟਮ, ਪਹੀਆਂ ਦੀ ਸਹੀ ਪ੍ਰੋਫਾਈਲਿੰਗ ਲਈ ਲੇਜ਼ਰ ਤਕਨੀਕ, ਅਤੇ 6 ਜਾਂ ਇਸ ਤੋਂ ਵੱਧ ਪਿਟ ਲਾਈਨਾਂ ਵਾਲਾ ਆਧੁਨਿਕ ਸੈੱਟਅੱਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਟਰੇਨਾਂ ਦਾ ਸਾਰਾ ਇਤਿਹਾਸ ਅਤੇ ਮੇਨਟੇਨੈਂਸ ਡਾਟਾ ਡਿਜੀਟਲ ਰੂਪ ਵਿੱਚ ਉਪਲੱਬਧ ਹੋਵੇਗਾ, ਜਿਸ ਨਾਲ ਕੰਮ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ।
