Asian Games: ਜਪਾਨ 'ਚ ਛਾਏ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ, ਭਾਰਤ ਨੂੰ ਦਿਵਾਏ 3 ਗੋਲਡ ਮੈਡਲ

Saturday, Sep 26, 2026 - 08:14 PM (IST)

Asian Games: ਜਪਾਨ 'ਚ ਛਾਏ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ, ਭਾਰਤ ਨੂੰ ਦਿਵਾਏ 3 ਗੋਲਡ ਮੈਡਲ

ਚੰਡੀਗੜ੍ਹ : ਜਪਾਨ ਵਿੱਚ ਹੋ ਰਹੀਆਂ ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਵੱਲੋਂ ਹੁਣ ਤੱਕ ਜਿੱਤੇ ਗਏ ਕੁੱਲ ਚਾਰ ਸੋਨ ਤਗਮਿਆਂ ਵਿੱਚੋਂ ਤਿੰਨ ਸੋਨ ਤਗਮੇ ਆਪਣੇ ਨਾਂ ਕਰਕੇ ਚੰਡੀਗੜ੍ਹ ਯੂਨੀਵਰਸਿਟੀ (CU) ਦੇ ਵਿਦਿਆਰਥੀ ਖਿਡਾਰੀਆਂ ਨੇ ਇਸ ਮਹਾਂਦੀਪੀ ਖੇਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਗਮਿਆਂ ਦੀ ਇਹ ਸ਼ਾਨਦਾਰ ਪ੍ਰਾਪਤੀ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ, ਮਹਿਲਾ ਕਬੱਡੀ ਅਤੇ ਪੁਰਸ਼ ਕਬੱਡੀ ਮੁਕਾਬਲਿਆਂ ਵਿੱਚ ਹੋਈ ਹੈ, ਜਿਸ ਨਾਲ ਏਸ਼ੀਆ ਦੇ ਸਭ ਤੋਂ ਵੱਡੇ ਬਹੁ ਖੇਡ ਮੁਕਾਬਲਿਆਂ ਵਿੱਚੋਂ ਇੱਕ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ ਦੇ ਕੇਂਦਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ ਰਹੇ ਹਨ। 

ਏਸ਼ੀਅਨ ਗੇਮਜ਼ 2026 ਵਿੱਚ ਕਬੱਡੀ ਚੰਡੀਗੜ੍ਹ ਯੂਨੀਵਰਸਿਟੀ ਲਈ ਸੁਨਹਿਰੀ ਮੈਦਾਨ ਸਾਬਤ ਹੋਈ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਰ ਖਿਡਾਰੀ ਸ਼ਾਮਲ ਰਹੇ ਅਤੇ ਦੋਵਾਂ ਟੀਮਾਂ ਨੇ ਆਪੋ ਆਪਣੇ ਮੁਕਾਬਲਿਆਂ ਵਿੱਚ ਸੋਨ ਤਗਮੇ ਹਾਸਲ ਕੀਤੇ।

ਚੰਡੀਗੜ੍ਹ ਯੂਨੀਵਰਸਿਟੀ ਦੀ ਪੁਸ਼ਪਾ ਰਾਣਾ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ, ਉੱਥੇ ਹੀ ਪੁਰਸ਼ ਕਬੱਡੀ ਟੀਮ ਦੇ ਉਪ ਕਪਤਾਨ ਪਵਨ ਸਹਿਰਾਵਤ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ ਅਸਲਮ ਇਨਾਮਦਾਰ ਅਤੇ ਆਸ਼ੂ ਮਲਿਕ ਨੇ ਭਾਰਤ ਦੀ ਪੁਰਸ਼ ਮੁਹਿੰਮ ਨੂੰ ਇੱਕ ਹੋਰ ਸੋਨ ਤਗਮੇ ਤੱਕ ਪਹੁੰਚਾਇਆ। ਇਸ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਇਹ ਚਾਰ ਖਿਡਾਰੀ ਆਇਚੀ ਨਾਗੋਯਾ ਏਸ਼ੀਅਨ ਗੇਮਜ਼ ਵਿੱਚ ਸੋਨ ਤਗਮਾ ਜਿੱਤਣ ਵਾਲੀਆਂ ਭਾਰਤ ਦੀਆਂ ਦੋਵੇਂ ਕਬੱਡੀ ਟੀਮਾਂ ਦਾ ਹਿੱਸਾ ਰਹੇ।

ਚੰਡੀਗੜ੍ਹ ਯੂਨੀਵਰਸਿਟੀ ਦੀ ਖਿਡਾਰਨ ਪੁਸ਼ਪਾ ਰਾਣਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਟੀਮ ਨੇ ਸਖ਼ਤ ਸੰਘਰਸ਼ ਭਰੇ ਪ੍ਰਦਰਸ਼ਨ ਨਾਲ ਫਾਈਨਲ ਵਿੱਚ ਈਰਾਨ ਨੂੰ 37 ਦੇ ਮੁਕਾਬਲੇ 34 ਅੰਕਾਂ ਨਾਲ ਹਰਾਇਆ ਅਤੇ ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਖ਼ਿਤਾਬ ਸਫ਼ਲਤਾਪੂਰਵਕ ਬਰਕਰਾਰ ਰੱਖਿਆ। 

ਇਸ ਤੋਂ ਬਾਅਦ ਭਾਰਤੀ ਪੁਰਸ਼ ਕਬੱਡੀ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 39 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਏਸ਼ੀਅਨ ਗੇਮਜ਼ ਦਾ ਆਪਣਾ ਤਾਜ ਬਰਕਰਾਰ ਰੱਖਿਆ ਅਤੇ ਕਬੱਡੀ ਵਿੱਚ ਸੋਨ ਤਗਮਿਆਂ ਦਾ ਦੋਹਰਾ ਕਾਰਨਾਮਾ ਪੂਰਾ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ ਆਸ਼ੂ ਮਲਿਕ, ਅਸਲਮ ਇਨਾਮਦਾਰ ਅਤੇ ਪਵਨ ਸਹਿਰਾਵਤ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਨਾਲ ਗੇਮਜ਼ ਵਿੱਚ ਭਾਰਤ ਦੀਆਂ ਦੋਵੇਂ ਕਬੱਡੀ ਜਿੱਤਾਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਰਹੀ। ਚੰਡੀਗੜ੍ਹ ਯੂਨੀਵਰਸਿਟੀ ਦੀ ਸੁਰੁਚੀ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। 

ਜਪਾਨ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਰ ਕਰਦਿਆਂ ਰਾਜ ਸਭਾ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਸੱਚਮੁੱਚ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ ਕਿ ਭਾਰਤ ਵੱਲੋਂ ਜਿੱਤੇ ਗਏ ਕੁੱਲ 4 ਸੋਨ ਤਗਮਿਆਂ ਵਿੱਚੋਂ 3 ਸੋਨ ਤਗਮੇ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ ਹਨ। ਜਪਾਨ ਵਿੱਚ ਹੋ ਰਹੀਆਂ ਏਸ਼ੀਅਨ ਗੇਮਜ਼ 2026 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ 24 ਖਿਡਾਰੀਆਂ ਦਾ ਇੱਕ ਮਜ਼ਬੂਤ ਦਲ 12 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ। ਸੀਯੂ ਨੇ ਇਸ ਤੋਂ ਪਹਿਲਾਂ ਲਗਾਤਾਰ ਦੋ ਸਾਲ ਵੱਕਾਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦਾ ਖ਼ਿਤਾਬ ਜਿੱਤ ਕੇ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣਨ ਦਾ ਵਿਲੱਖਣ ਮਾਣ ਹਾਸਲ ਕੀਤਾ ਸੀ। ਇਸ ਤੋਂ ਵੀ ਪਹਿਲਾਂ ਸੀਯੂ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ ਸੀ।”


author

Inder Prajapati

Content Editor

Related News