ਚੰਡੀਗੜ੍ਹ ਨਗਰ ਨਿਗਮ ਦੀ 22 ਨੂੰ ਹਾਊਸ ਬੈਠਕ, ਚੁਣਾਵੀ ਮਾਹੌਲ ’ਚ ਏਜੰਡੇ ’ਤੇ ਰਹੇਗੀ ਨਜ਼ਰ

Tuesday, Sep 15, 2026 - 04:27 PM (IST)

ਚੰਡੀਗੜ੍ਹ ਨਗਰ ਨਿਗਮ ਦੀ 22 ਨੂੰ ਹਾਊਸ ਬੈਠਕ, ਚੁਣਾਵੀ ਮਾਹੌਲ ’ਚ ਏਜੰਡੇ ’ਤੇ ਰਹੇਗੀ ਨਜ਼ਰ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ 365ਵੀਂ ਬੈਠਕ 22 ਸਤੰਬਰ ਨੂੰ ਹੋਵੇਗੀ। ਨਿਗਮ ਵੱਲੋਂ ਹਰ ਮਹੀਨੇ ਕੀਤੀ ਜਾਣ ਵਾਲੀ ਹਾਊਸ ਦੀ ਬੈਠਕ ਇਸ ਵਾਰ ਮੇਅਰ ਸੌਰਭ ਜੋਸ਼ੀ ਦੇ ਮੌਜੂਦਾ ਕਾਰਜਕਾਲ ਦੀਆਂ ਅਹਿਮ ਬੈਠਕਾਂ ਵਿੱਚੋਂ ਇੱਕ ਹੋਵੇਗੀ। ਹਾਲਾਂਕਿ ਅਗਲੇ ਮਹੀਨੇ ਵੀ ਹਾਊਸ ਦੀ ਮਾਸਿਕ ਬੈਠਕ ਹੋ ਸਕਦੀ ਹੈ ਪਰ ਮੌਜੂਦਾ ਹਾਊਸ ਦੀ ਮਿਆਦ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਦੇ ਮੱਦੇਨਜ਼ਰ 22 ਸਤੰਬਰ ਦੀ ਬੈਠਕ ’ਤੇ ਸਿਆਸੀ ਨਜ਼ਰਾਂ ਰਹਿਣਗੀਆਂ। ਨਿਗਮ ਸਕੱਤਰ ਵੱਲੋਂ ਜਾਰੀ ਨੋਟਿਸ ਮੁਤਾਬਕ ਬੈਠਕ 22 ਸਤੰਬਰ ਨੂੰ ਸਵੇਰੇ 11 ਵਜੇ ਨਿਗਮ ਭਵਨ ਦੇ ਅਸੈਂਬਲੀ ਹਾਲ ਵਿੱਚ ਹੋਵੇਗੀ। ਇਸ ਵਿੱਚ ਚੰਡੀਗੜ੍ਹ ਦੇ ਸੰਸਦ ਮੈਂਬਰ ਸਮੇਤ ਸਾਰੇ ਕੌਂਸਲਰਾਂ ਨੂੰ ਸੱਦਾ ਦਿੱਤਾ ਗਿਆ ਹੈ। ਹਾਊਸ ਦਾ ਵਿਸਤ੍ਰਿਤ ਏਜੰਡਾ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ। ਵਾਰਡ ਰਿਜ਼ਰਵੇਸ਼ਨ ਦਾ ਡਰਾਅ ਹੋਣ ਤੋਂ ਬਾਅਦ ਕੌਂਸਲਰਾਂ ਦੀ ਸਿਆਸੀ ਸਥਿਤੀ ਵੀ ਬਦਲੀ ਹੈ। ਕਈ ਕੌਂਸਲਰਾਂ ਦੇ ਮੌਜੂਦਾ ਵਾਰਡ ਰਿਜ਼ਰਵ ਹੋਣ ਕਾਰਨ ਉਨ੍ਹਾਂ ਨੂੰ ਅਗਲੀ ਚੋਣ ਲਈ ਨਵੇਂ ਸਿਆਸੀ ਸਮੀਕਰਨ ਬਣਾਉਣੇ ਪੈਣਗੇ। ਇਸ ਦੇ ਚੱਲਦਿਆਂ ਹਾਊਸ ਵਿੱਚ ਚਰਚਾ ਹੋਣ ਵਾਲੇ ਮੁੱਦਿਆਂ ਨੂੰ ਵੀ ਸਿਆਸੀ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।
ਵੋਟਰਾਂ ਨੂੰ ਰਾਜ਼ੀ ਕਰਨ ਵਾਲੇ ਏਜੰਡੇ ’ਤੇ ਨਜ਼ਰ
ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਦੇਖਦਿਆਂ ਭਾਜਪਾ ਵੱਲੋਂ ਹਾਊਸ ਦੀ ਇਸ ਬੈਠਕ 'ਚ ਅਜਿਹੇ ਮੁੱਦੇ ਜਾਂ ਏਜੰਡੇ ਸਾਹਮਣੇ ਲਿਆਂਦੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਰਾਹੀਂ ਸ਼ਹਿਰ ਦੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਰਾਜ਼ੀ ਕਰਨ ਦਾ ਸਿਆਸੀ ਸੁਨੇਹਾ ਦਿੱਤਾ ਜਾ ਸਕੇ। ਦੂਜੇ ਪਾਸੇ ਵਿਰੋਧੀ ਧਿਰਾਂ ਵੀ ਅਜਿਹੇ ਮੁੱਦਿਆਂ ’ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਇਸ ਕਰਕੇ ਏਜੰਡਾ ਸਾਹਮਣੇ ਆਉਣ ਤੋਂ ਬਾਅਦ ਹਾਊਸ ਦੀ ਬੈਠਕ 'ਚ ਸਿਆਸੀ ਗਰਮੀ ਵਧਣ ਦੇ ਆਸਾਰ ਹਨ।
ਮੁਲਤਵੀ ਐੱਫ. ਐਂਡ. ਸੀ. ਸੀ. ਮੀਟਿੰਗ 18 ਨੂੰ
ਇਸ ਤੋਂ ਪਹਿਲਾਂ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫ. ਐਂਡ. ਸੀ. ਸੀ.) ਦੀ 365ਵੀਂ ਮੁਲਤਵੀ ਬੈਠਕ 18 ਸਤੰਬਰ ਨੂੰ ਸਵੇਰੇ 11.30 ਵਜੇ ਨਿਗਮ ਦਫ਼ਤਰ ਦੇ ਕਾਨਫਰੰਸ ਹਾਲ 'ਚ ਹੋਵੇਗੀ। ਬੈਠਕ 'ਚ ਕਮੇਟੀ ਮੈਂਬਰ ਹਰਜੀਤ ਸਿੰਘ, ਜਸਬੀਰ ਸਿੰਘ, ਕੰਵਰਜੀਤ ਸਿੰਘ, ਰਜਿੰਦਰ ਕੁਮਾਰ ਸ਼ਰਮਾ ਅਤੇ ਯੋਗੇਸ਼ ਢੀਂਗਰਾ ਸ਼ਾਮਲ ਹੋਣਗੇ। ਇਸ 'ਚ ਪਿਛਲੀ ਬੈਠਕ ਤੋਂ ਰਹਿ ਗਏ ਏਜੰਡੇ ’ਤੇ ਕਾਰਵਾਈ ਅੱਗੇ ਵਧਾਈ ਜਾਵੇਗੀ।


author

Babita

Content Editor

Related News