ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਲਾਂਚ, ਪ੍ਰਸ਼ਾਸਕ ਕਟਾਰੀਆ ਨੇ ਦਿਖਾਈ ਹਰੀ ਝੰਡੀ
Saturday, Sep 19, 2026 - 11:20 AM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ’ਚ ਸਹਿਕਾਰੀ ਮਾਡਲ ’ਤੇ ਆਧਾਰਿਤ ‘ਭਾਰਤ ਟੈਕਸੀ’ ਸੇਵਾ ਦੀ ਸ਼ੁੱਕਰਵਾਰ ਨੂੰ ਰਸਮੀ ਸ਼ੁਰੂਆਤ ਹੋ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਵੱਲੋਂ ਕਰਵਾਏ ਸਮਾਗਮ ’ਚ ਯੂ.ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਭਾਰਤ ਟੈਕਸੀ ਦਾ ਡਿਜੀਟਲ ਉਦਘਾਟਨ ਕੀਤਾ ਤੇ ਬਾਅਦ ’ਚ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਸੇਵਾ ਦੀ ਸ਼ੁਰੂਆਤ ਕੀਤੀ। ਸਮਾਗਮ ’ਚ ਕੇਂਦਰੀ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵੀ ਮੌਜੂਦ ਰਹੇ। ਸਮਾਗਮ ’ਚ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮੰਡੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪ੍ਰਵ ਲਾਕੜਾ, ਕੇਂਦਰੀ ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਰਮਨ ਕੁਮਾਰ, ਭਾਰਤ ਟੈਕਸੀ ਦੇ ਚੇਅਰਮੈਨ ਜਯੇਨ ਮਹਿਤਾ ਤੇ ਸਹਿਕਾਰਤਾ ਸਕੱਤਰ ਐੱਲ. ਮੁਹੰਮਦ ਮਨਸੂਰ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਭਾਰਤ ਟੈਕਸੀ ਦੇ ਨੁਮਾਇੰਦੇ, ਸਹਿਕਾਰੀ ਖੇਤਰ ਨਾਲ ਜੁੜੇ ਮੈਂਬਰ ਅਤੇ ਡਰਾਈਵਰ ਮੈਂਬਰ ਹਾਜ਼ਰ ਰਹੇ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ’ਚ ਭਾਰਤ ਟੈਕਸੀ ਦੀ ਸ਼ੁਰੂਆਤ ਸ਼ਹਿਰ ਦੇ ਵਿਕਾਸ ਸਫ਼ਰ ’ਚ ਮਹੱਤਵਪੂਰਨ ਕਦਮ ਹੈ। ਭਾਰਤ ਟੈਕਸੀ ਵੱਲੋਂ ਫਿਲਹਾਲ ਚੰਡੀਗੜ੍ਹ ’ਚ ਬਾਈਕ ਟੈਕਸੀ ਸੇਵਾ ਸ਼ੁਰੂ ਨਹੀਂ ਕੀਤੀ ਗਈ। ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ਭਾਰਤ ਟੈਕਸੀ ਸਹਿਕਾਰੀ ਮਾਡਲ ’ਤੇ ਆਧਾਰਤ ਹੈ ਅਤੇ ਟੈਕਸੀ ਡਰਾਈਵਰਾਂ ਨੂੰ ਪਲੇਟਫਾਰਮ ’ਚ ਸਰਗਰਮ ਭਾਗੀਦਾਰ ਬਣਾਉਣਾ ਇਸ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਮੈਂਬਰ ਅਤੇ ਹਿੱਸੇਦਾਰ ਹੋਣ ਦੇ ਨਾਤੇ ਡਰਾਈਵਰਾਂ ਨੂੰ ਪਲੇਟਫਾਰਮ ਦੇ ਮੁਨਾਫ਼ੇ ’ਚ ਵੀ ਹਿੱਸਾ ਮਿਲੇਗਾ। ਕੇਂਦਰੀ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਦੇਸ਼ ਭਰ ਵਿੱਚ ਕਰੀਬ 10 ਲੱਖ ਡਰਾਈਵਰ ਹੁਣ ਤੱਕ ਭਾਰਤ ਟੈਕਸੀ ਨਾਲ ਰਜਿਸਟਰ ਹੋ ਚੁੱਕੇ ਹਨ।
ਭਾਰਤ ਟੈਕਸੀ ਦੂਜਿਆਂ ਤੋਂ ਕਿਵੇਂ ਵੱਖਰੀ?
ਭਾਰਤ ਟੈਕਸੀ ਨੂੰ ਰਵਾਇਤੀ ਕੈਬ ਐਗਰੀਗੇਟਰਾਂ ਤੋਂ ਵੱਖਰਾ ਇਸ ਦੇ ਸਹਿਕਾਰੀ ਮਾਡਲ ਕਰਕੇ ਦੱਸਿਆ ਜਾ ਰਿਹਾ ਹੈ। ਇਸ ’ਚ ਡਰਾਈਵਰ ਸਿਰਫ਼ ਸੇਵਾ ਪ੍ਰਦਾਨ ਕਰਨ ਵਾਲਾ ਨਹੀਂ, ਸਗੋਂ ਪਲੇਟਫਾਰਮ ਦੇ ਮੈਂਬਰ ਤੇ ਹਿੱਸੇਦਾਰ ਹੁੰਦੇ ਹਨ। ਕੰਪਨੀ ਦੇ ਮਾਡਲ ਮੁਤਾਬਕ ਡਰਾਈਵਰਾਂ ਨੂੰ ਪਲੇਟਫਾਰਮ ਦੇ ਮੁਨਾਫ਼ੇ ’ਚ ਹਿੱਸਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਰਾਈਡ ’ਤੇ ਰਵਾਇਤੀ ਕਮਿਸ਼ਨ ਦੀ ਥਾਂ ਸਬਸਕ੍ਰਿਪਸ਼ਨ ਆਧਾਰਤ ਚਾਰਜ ਲਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਭਾਰਤ ਟੈਕਸੀ ਡਰਾਈਵਰ ਤੋਂ ਹਰ ਰਾਈਡ ’ਤੇ ਕਰੀਬ 6 ਰੁਪਏ ਸਬਸਕ੍ਰਿਪਸ਼ਨ ਚਾਰਜ ਲੈਂਦੀ ਹੈ। ਭਾਰਤ ਟੈਕਸੀ ਵੱਲੋਂ ਸਰਜ ਪ੍ਰਾਈਸਿੰਗ ਨਾ ਕਰਨ ਦੀ ਗੱਲ ਕਹੀ ਗਈ ਹੈ। ਮੰਗ ਵੱਧਣ ਜਾਂ ਮੀਂਹ ਵਰਗੇ ਹਾਲਾਤਾਂ ’ਚ ਕਿਰਾਏ ਨੂੰ ਅਚਾਨਕ ਵਧਾਉਣ ਦੀ ਬਜਾਏ ਤੈਅ ਰੇਟਾਂ ’ਤੇ ਸੇਵਾ ਦੇਣ ਦਾ ਮਾਡਲ ਹੈ।
ਚੰਡੀਗੜ੍ਹ ’ਚ ਕਰੀਬ 1 ਲੱਖ ਡਰਾਈਵਰ ਰਜਿਸਟਰ
ਭਾਰਤ ਟੈਕਸੀ ਨਾਲ ਚੰਡੀਗੜ੍ਹ ’ਚ ਕਰੀਬ ਇਕ ਲੱਖ ਡਰਾਈਵਰਾਂ ਦੇ ਰਜਿਸਟਰ ਹੋਣ ਦੀ ਜਾਣਕਾਰੀ ਹੈ। ਕੰਪਨੀ ਮੁਤਾਬਕ ਚੰਡੀਗੜ੍ਹ ’ਚ ਭਾਰਤ ਟੈਕਸੀ ਦੇ ਸੋਫਟ ਲਾਂਚ ਤੋ ਲੈ ਕੇ ਹੁਣ ਤੱਕ ਕਰੀਬ 5 ਲੱਖ ਗਾਹਕ ਰਜਿਸਟਰ ਹੋ ਚੁੱਕੇ ਹਨ ਤੇ ਰੋਜ਼ਾਨਾ ਔਸਤਨ 45 ਹਜ਼ਾਰ ਤੋਂ ਵੱਧ ਬੁਕਿੰਗਾਂ ਹੋ ਰਹੀਆਂ ਹਨ। ਐਪ ’ਚ ਮਹਿਲਾ ਸਵਾਰੀਆਂ ਲਈ ਮਹਿਲਾ ਡਰਾਈਵਰ ਚੁਣਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਕੰਪਨੀ ਮੁਤਾਬਕ 150 ਤੋਂ ਵੱਧ ਮਹਿਲਾ ਡਰਾਈਵਰ ਪਲੇਟਫਾਰਮ ਨਾਲ ਜੁੜੀਆਂ ਹੋਈਆਂ ਹਨ।
ਭਾਰਤ ਟੈਕਸੀ ਓਲਾ-ਊਬਰ ਤੇ ਇਨਡਰਾਈਵ ਤੋਂ ਮਹਿੰਗੀ ਕਿਉਂ?
ਚੰਡੀਗੜ੍ਹ ’ਚ ਭਾਰਤ ਟੈਕਸੀ ਦੇ ਕਿਰਾਏ ਦੂਜੀਆਂ ਐਪ ਆਧਾਰਿਤ ਕੈਬ ਸੇਵਾਵਾਂ ਦੇ ਮੁਕਾਬਲੇ ਵੱਧ ਹੋਣ ਨੂੰ ਲੈ ਕੇ ਗਾਹਕਾਂ ਵੱਲੋਂ ਇਤਰਾਜ਼ ਉਡਾਏ ਜਾ ਰਹੇ ਹਨ। ਜਿਸ ਦਾ ਇਕ ਮੁੱਖ ਕਾਰਨ ਐਸ.ਟੀ.ਏ. ਵੱਲੋਂ ਤੈਅ ਕੀਤੇ ਫਿਕਸ ਰੇਟ ਹਨ। ਕੰਪਨੀ ਮੁਤਾਬਕ ਭਾਰਤ ਟੈਕਸੀ ਵੱਲੋਂ ਚੰਡੀਗੜ੍ਹ ’ਚ ਇਨ੍ਹਾਂ ਤੈਅ ਰੇਟਾਂ ਅਨੁਸਾਰ ਹੀ ਡਰਾਈਵਰ ਨੂੰ ਭੁਗਤਾਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਤੈਅ ਰੇਟਾਂ ’ਤੇ ਇਸ ਤਰ੍ਹਾਂ ਸੇਵਾ ਦੇਣ ਵਾਲੀ ਭਾਰਤ ਟੈਕਸੀ ਚੰਡੀਗੜ੍ਹ ’ਚ ਪਹਿਲੀ ਕੰਪਨੀ ਹੈ।
3 ਕਿਲੋਮੀਟਰ ਲਈ 90 ਰੁਪਏ : ਐਸ.ਟੀ.ਏ. ਦੇ ਤੈਅ ਰੇਟ ਮੁਤਾਬਕ ਪਹਿਲੇ 3 ਕਿਲੋਮੀਟਰ ਦਾ ਕਿਰਾਇਆ 90 ਰੁਪਏ ਹੈ। ਇਸ ਤੋਂ ਬਾਅਦ ਹਰ ਕਿਲੋਮੀਟਰ ਲਈ 25 ਰੁਪਏ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਹੈ। ਇਸ ਕਾਰਨ ਹੋਰ ਐਪਸ ’ਤੇ ਮਿਲਣ ਵਾਲੇ ਡਾਇਨਾਮਿਕ ਜਾਂ ਡਿਸਕਾਊਂਟਡ ਕਿਰਾਏ ਦੇ ਮੁਕਾਬਲੇ ਭਾਰਤ ਟੈਕਸੀ ਦਾ ਕਿਰਾਇਆ ਵੱਧ ਨਜ਼ਰ ਆ ਸਕਦਾ ਹੈ।
