ਚੰਡੀਗੜ੍ਹ ਮਾਡਲ ਜੇਲ੍ਹ ''ਚ 26.73 ਕਰੋੜ ਦੀ ਲਾਗਤ ਨਾਲ ਬਣਨਗੀਆਂ ਨਵੀਆਂ ਬੈਰਕਾਂ
Saturday, Sep 19, 2026 - 12:49 PM (IST)
ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ-51 ਸਥਿਤ ਮਾਡਲ ਜੇਲ੍ਹ 'ਚ ਵਾਧੂ ਬੈਰਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। 26.73 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ 552 ਕੈਦੀਆਂ ਲਈ ਵਾਧੂ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਜੇਲ੍ਹ 'ਚ ਸੁਧਾਰ, ਪ੍ਰਸ਼ਾਸਨ, ਸੁਰੱਖਿਆ ਅਤੇ ਕੈਦੀਆਂ ਦੇ ਮੁੜ ਵਸੇਬੇ ਨਾਲ ਜੁੜੀਆਂ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰਾਜੈਕਟ 24 ਮਹੀਨਿਆਂ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਅਹਿਮ ਪ੍ਰਾਜੈਕਟ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਾਡਲ ਜੇਲ੍ਹ 'ਚ ਵੱਧ ਰਹੀਆਂ ਰਿਹਾਇਸ਼ੀ ਅਤੇ ਕੰਮਕਾਜੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਇੱਕ ਆਧੁਨਿਕ, ਸੁਰੱਖਿਅਤ ਅਤੇ ਵਾਤਾਵਰਣ ਪੱਖੀ ਜੇਲ੍ਹ ਪ੍ਰਬੰਧ ਵਿਕਸਿਤ ਕਰਨ ਦੀ ਦਿਸ਼ਾ 'ਚ ਸ਼ੁਰੂ ਕੀਤਾ ਗਿਆ ਹੈ।
ਨਵੇਂ ਪ੍ਰਾਜੈਕਟ ਤਹਿਤ ਤਿੰਨ ਮੰਜ਼ਿਲਾ ਪ੍ਰਬੰਧਕੀ ਬਲਾਕ, ਵਾਚ ਟਾਵਰ ਸਮੇਤ ਕੇਂਦਰੀ ਪ੍ਰਬੰਧਕੀ ਬਲਾਕ, ਕਿੱਤਾਮੁਖੀ ਸਿਖਲਾਈ ਅਤੇ ਮੁੜ ਵਸੇਬਾ ਗਤੀਵਿਧੀਆਂ ਲਈ ਫੈਕਟਰੀ ਸ਼ੈੱਡ, ਰਿਹਾਇਸ਼ੀ ਬਲਾਕ, ਤਿੰਨ ਸੰਤਰੀ ਪੋਸਟਾਂ ਅਤੇ ਚਾਰਦੀਵਾਰੀ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਦਰੂਨੀ ਸੜਕਾਂ, ਪਾਰਕਿੰਗ, ਜਲ ਸਪਲਾਈ, ਸੀਵਰੇਜ, ਹੋਰ ਜਨ-ਸਿਹਤ ਸਹੂਲਤਾਂ, ਸੀਸੀਟੀਵੀ ਨਿਗਰਾਨੀ, ਲੈਨ ਕੁਨੈਕਟੀਵਿਟੀ, ਅੱਗ ਬੁਝਾਊ ਪ੍ਰਣਾਲੀ ਅਤੇ ਲਿਫਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਸਾਰੀ ਦੌਰਾਨ ਊਰਜਾ ਦੀ ਬੱਚਤ ਅਤੇ ਵਾਤਾਵਰਣ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਵੀਆਂ ਬੈਰਕਾਂ ਅਤੇ ਹੋਰ ਸਹੂਲਤਾਂ 'ਚ ਮੀਂਹ ਦੇ ਪਾਣੀ ਦੀ ਸੰਭਾਲ, ਸੂਰਜੀ ਊਰਜਾ ਅਤੇ ਮਾਪਦੰਡਾਂ ਦੇ ਅਨੁਕੂਲ ਟਿਕਾਊ ਬੁਨਿਆਦੀ ਢਾਂਚੇ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦਾ ਮਕਸਦ ਮਾਡਲ ਜੇਲ੍ਹ ਦੀ ਸਮਰੱਥਾ, ਸੁਰੱਖਿਆ ਅਤੇ ਕੰਮਕਾਜ ਨੂੰ ਬਿਹਤਰ ਬਣਾਉਣਾ ਹੈ।
ਫੈਕਟਰੀ ਸ਼ੈੱਡ 'ਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ, ਜਿਸ ਨਾਲ ਕੈਦੀਆਂ ਨੂੰ ਰਿਹਾਈ ਤੋਂ ਬਾਅਦ ਸਮਾਜ ਵਿੱਚ ਮੁੜ ਸ਼ਾਮਲ ਹੋਣ ਅਤੇ ਆਤਮ ਨਿਰਭਰ ਬਣਨ ਵਿੱਚ ਮਦਦ ਮਿਲੇਗੀ। ਪ੍ਰਾਜੈਕਟ ਮੁਕੰਮਲ ਹੋਣ 'ਤੇ ਆਧੁਨਿਕ ਜੇਲ੍ਹ ਮਾਪਦੰਡਾਂ ਅਨੁਸਾਰ ਜੇਲ੍ਹ ਦੇ ਸਮੁੱਚੇ ਕੰਮਕਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਪੁਲਸ ਡਾਇਰੈਕਟਰ ਜਨਰਲ ਸਾਗਰ ਪ੍ਰੀਤ ਹੁੱਡਾ, ਜੇਲ੍ਹ ਇੰਸਪੈਕਟਰ ਜਨਰਲ ਪੁਸ਼ਪੇਂਦਰ ਕੁਮਾਰ, ਮੁੱਖ ਇੰਜੀਨੀਅਰ ਸੀ. ਬੀ. ਓਝਾ, ਮੁੱਖ ਆਰਕੀਟੈਕਟ ਰਾਜੀਵ ਕੁਮਾਰ ਮਹਿਤਾ ਸਮੇਤ ਪੁਲਸ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਚੰਡੀਗੜ੍ਹ ਪ੍ਰਸ਼ਾਸਨ ਸੁਧਾਰ ਘਰਾਂ ਨੂੰ ਆਧੁਨਿਕ ਬਣਾਉਣ, ਕੈਦੀਆਂ ਦੀ ਭਲਾਈ ਤੇ ਮੁੜ ਵਸੇਬੇ ਵਿੱਚ ਸੁਧਾਰ ਕਰਨ ਅਤੇ ਮਜ਼ਬੂਤ ਸੁਰੱਖਿਆ ਦੇ ਨਾਲ-ਨਾਲ ਬਿਹਤਰ ਸੰਸਥਾਗਤ ਪ੍ਰਬੰਧਨ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
