ਚੰਡੀਗੜ੍ਹ ''ਚ ਕੱਲ੍ਹ ਤੋਂ ਸ਼ੁਰੂ ਹੋਵੇਗੀ ''ਭਾਰਤ ਟੈਕਸੀ'' ਸੇਵਾ
Thursday, Sep 17, 2026 - 08:00 PM (IST)
ਚੰਡੀਗੜ੍ਹ: ਕੱਲ੍ਹ ਤੋਂ ਚੰਡੀਗੜ੍ਹ ਵਿਚ ਵੀ ਭਾਰਤ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 18 ਸਤੰਬਰ ਨੂੰ ਸ਼ਾਮ 4 ਵਜੇ ਮਲਟੀਪਰਪਜ਼ ਹਾਲ, ਬੇਸਮੈਂਟ, ਨਿਊ ਯੂ.ਟੀ. ਸਕੱਤਰੇਤ ਬਿਲਡਿੰਗ, ਸੈਕਟਰ-9, ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਇਸ ਸਮਾਗਮ ਦਾ ਆਯੋਜਨ ਸਹਿਕਾਰਤਾ ਵਿਭਾਗ, ਯੂ.ਟੀ. ਚੰਡੀਗੜ੍ਹ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮਾਮਗ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੇਂਦਰੀ ਸਹਿਕਾਰਤਾ ਅਤੇ ਨਾਗਰ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵੀ ਇਸ ਮੌਕੇ ’ਤੇ ਹਾਜ਼ਰ ਰਹਿਣਗੇ।
ਚੰਡੀਗੜ੍ਹ ਵਿਚ ਭਾਰਤ ਟੈਕਸੀ ਦੀ ਸ਼ੁਰੂਆਤ ਸਹਿਕਾਰਤਾ ਖੇਤਰ ਦੀ ਇਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਸਹਿਕਾਰਤਾ ਦੀ ਭਾਵਨਾ ਨੂੰ ਆਧੁਨਿਕ ਅਤੇ ਤਕਨਾਲੋਜੀ-ਆਧਾਰਿਤ ਮੋਬਿਲਟੀ ਖੇਤਰ ਨਾਲ ਜੋੜਨਾ ਹੈ। ਇਸ ਪਹਿਲ ਵਿਚ ਡਰਾਈਵਰ ਮੈਂਬਰਾਂ ਨੂੰ ਸਹਿਕਾਰੀ ਮਾਡਲ ਦੇ ਕੇਂਦਰ ਵਿਚ ਰੱਖਦੇ ਹੋਏ ਉਨ੍ਹਾਂ ਦੀ ਭਾਗੀਦਾਰੀ ਅਤੇ ਪਲੇਟਫਾਰਮ ਵਿਚ ਹਿੱਸੇਦਾਰੀ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਹ ਪਹਿਲ ਇਸ ਗੱਲ ਨੂੰ ਵੀ ਦਰਸਾਉਂਦੀ ਹੈ ਕਿ ਬਦਲਦੇ ਸਮੇਂ ਵਿੱਚ ਸਹਿਕਾਰੀ ਸੰਸਥਾਵਾਂ ਤਕਨਾਲੋਜੀ ਰਾਹੀਂ ਨਵੇਂ ਆਰਥਿਕ ਖੇਤਰਾਂ ਅਤੇ ਸੇਵਾਵਾਂ ਨਾਲ ਜੁੜ ਸਕਦੀਆਂ ਹਨ। ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਵੱਲੋਂ ਭਾਰਤ ਟੈਕਸੀ ਦਾ ਡਿਜੀਟਲ ਉਦਘਾਟਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਭਾਰਤ ਟੈਕਸੀ ਵਾਹਨਾਂ ਦਾ ਰਸਮੀ ਫਲੈਗ-ਆਫ ਕੀਤਾ ਜਾਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨ ਅਤੇ ਭਾਗੀਦਾਰੀ, ਪਾਰਦਰਸ਼ਤਾ ਅਤੇ ਤਕਨਾਲੋਜੀ ਦੀ ਵਰਤੋਂ ’ਤੇ ਆਧਾਰਿਤ ਪਹਿਲਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਯੂ.ਟੀ. ਚੰਡੀਗੜ੍ਹ ਵਿਚ ਭਾਰਤ ਟੈਕਸੀ ਦੀ ਸ਼ੁਰੂਆਤ ਨਾਲ ਸਹਿਕਾਰੀ ਮਾਡਲ ਦਾ ਵਿਸਥਾਰ ਮੋਬਿਲਟੀ ਖੇਤਰ ਵਿਚ ਵੀ ਹੋਵੇਗਾ ਅਤੇ ਡਰਾਈਵਰ ਮੈਂਬਰਾਂ ਨੂੰ ਹਿੱਸੇਦਾਰ ਵਜੋਂ ਜੁੜਨ ਲਈ ਇਕ ਮੰਚ ਮਿਲੇਗਾ।
